Close
Menu

ਮਹਿਲਾ ਵਿਸ਼ਵ ਕੱਪ: ਖ਼ਿਤਾਬ ਵੱਲ ਵਧਣ ਲਈ ਜੂਝੇਗੀ ਭਾਰਤੀ ਟੀਮ

-- 20 July,2017

ਡਰਬੀ, ਬੁਲੰਦ ਹੌਸਲੇ ਵਾਲੀ ਭਾਰਤੀ ਟੀਮ ਆਈਸੀਸੀ ਮਹਿਲਾ ਵਿਸ਼ਵ ਕੱਪ ਦੇ ਦੂਜੇ ਸੈਮੀ ਫਾਈਨਲ ਵਿੱਚ ਭਲਕੇ ਜਦੋਂ ਆਸਟਰੇਲੀਆ ਖ਼ਿਲਾਫ਼ ਉਤਰੇਗੀ ਤਾਂ ਉਸ ਦਾ ਇਰਾਦਾ ਛੇ ਵਾਰ ਦੀ ਚੈਂਪੀਅਨ ਨੂੰ ਹਰਾ ਕੇ ਖ਼ਿਤਾਬ ਵੱਲ ਅਗਲਾ ਕਦਮ ਰੱਖਣ ਦਾ ਹੋਵੇਗਾ। ਭਾਰਤ ਦਾ ਆਸਟਰੇਲੀਆ ਖ਼ਿਲਾਫ਼ ਰਿਕਾਰਡ ਖ਼ਰਾਬ ਰਿਹਾ ਹੈ ਅਤੇ 42 ਵਿੱਚੋਂ 34 ਮੈਚਾਂ ਵਿੱਚ ਉਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ।
ਮਿਤਾਲੀ ਰਾਜ ਦੀ ਅਗਵਾਈ ਵਾਲੀ ਟੀਮ ਹਾਲਾਂਕਿ ਭਲਕੇ ਆਪਣੀ ਹਾਰ ਦਾ ਬਦਲਾ ਲੈਣ ਵੀ ਉਤਰੇਗੀ। ਜੇ ਭਾਰਤ ਭਲਕੇ ਜਿੱਤਦਾ ਹੈ ਤਾਂ ਟੂਰਨਾਮੈਂਟ ਦੇ ਇਤਿਹਾਸ ਵਿੱਚ ਦੂਜੀ ਵਾਰ ਫਾਈਨਲ ਵਿੱਚ ਪੁੱਜੇਗਾ। ਭਾਰਤ ਸੰਨ 2005 ਵਿੱਚ ਦੱਖਣੀ ਅਫ਼ਰੀਕਾ ਵਿੱਚ ਹੋਏ ਟੂਰਨਾਮੈਂਟ ਵਿੱਚ ਫਾਈਨਲ ਵਿੱਚ ਪੁੱਜਿਆ ਸੀ, ਜਿਥੇ ਆਸਟਰੇਲੀਆ ਨੇ ਉਸ ਨੂੰ ਹਰਾਇਆ ਸੀ। ਸੈਮੀ ਫਾਈਨਲ ਕਾਊਂਟੀ ਗਰਾਊਂਡ ਵਿੱਚ ਖੇਡਿਆ ਜਾਵੇਗਾ, ਜਿੱਥੇ ਭਾਰਤ ਨੇ ਆਪਣੇ ਚਾਰ ਗਰੁੱਪ ਮੈਚ ਖੇਡੇ ਹਨ, ਜਿਸ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਕਰੋ ਜਾਂ ਮਰੋ ਵਾਲਾ ਆਖਰੀ ਮੈਚ ਸ਼ਾਮਲ ਹੈ। ਦੂਜੇ ਬੰਨੇ ਆਸਟਰੇਲੀਆ ਨੇ ਇਸ ਮੈਦਾਨ ’ਤੇ ਇੱਕ ਵੀ ਮੈਚ ਨਹੀਂ ਖੇਡਿਆ ਹੈ ਪਰ ਉਸ ਦਾ ਪ੍ਰਦਰਸ਼ਨ ਲਗਾਤਾਰ ਚੰਗਾ ਰਿਹਾ ਹੈ। ਭਾਰਤ ਨੂੰ ਇਸ ਮੈਚ ਜ਼ਰੀਏ ਰਾਊਂਡ ਰੌਬਿਨ ਗੇੜ ਵਿੱਚ ਆਸਟਰੇਲੀਆ ਤੋਂ ਮਿਲੀ ਅੱਠ ਵਿਕਟਾਂ ਦੀ ਹਾਰ ਦਾ ਬਦਲਾ ਲੈਣ ਦਾ ਮੌਕਾ ਮਿਲੇਗਾ ਪਰ ਜਿੱਤ ਲਈ ਭਾਰਤ ਨੂੰ ਹਰ ਪੱਖੋਂ ਬਿਹਤਰ ਪ੍ਰਦਰਸ਼ਨ ਕਰਨਾ ਪਵੇਗਾ। ਆਸਟਰੇਲੀਆ ਖ਼ਿਲਾਫ਼ ਰਾਊਂਡ ਰੌਬਿਨ ਗੇੜ ਵਿੱਚ ਮਿਤਲੀ ਹੌਲ਼ੀ ਖੇਡੀ ਸੀ ਤੇ ਭਲਕੇ ਦੇ ਮੈਚ ਵਿੱਚ ਉਹ ਆਪਣੀ ਗ਼ਲਤੀ ਸੁਧਾਰਨਾ ਚਾਹੇਗੀ ਜਦਕਿ ਪੂਨਮ ਰਾਊਤ ਆਪਣਾ ਸ਼ਕਤੀ ਪ੍ਰਦਰਸ਼ਨ ਦੁਹਰਾਉਣ ਦੇ ਇਰਾਦੇ ਨਾਲ ਉਤਰੇਗੀ। ਨਿਊਜ਼ੀਲੈਂਡ ਖ਼ਿਲਾਫ਼ ਦਬਾਅ ਵਾਲੇ ਮੈਚ ਵਿੱਚ ਮਿਤਾਲੀ ਨੇ ਸੈਂਕੜਾ ਜੜਿਆ ਸੀ ਜਦਕਿ ਵੇਦਾ ਕ੍ਰਿਸ਼ਨਾਮੂਰਤੀ ਨੇ 40 ਗੇਂਦਾਂ ਵਿੱਚ 70 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਭਾਰਤੀ ਗੇਂਦਬਾਜ਼ਾਂ ਨੇ ਨਿਊਜ਼ੀਲੈਂਡ ਨੂੰ ਸਿਰਫ਼ 79 ਦੌੜਾਂ ’ਤੇ ਆਊਟ ਕਰ ਕੇ 186 ਦੌੜਾਂ ਨਾਲ ਜਿੱਤ ਦਰਜ ਕੀਤੀ। ਮਿਤਾਲੀ ਅਤੇ ਕ੍ਰਿਸ਼ਨਾਮੂਰਤੀ ਤੋਂ ਇਲਾਵਾ ਹਰਮਨਪ੍ਰੀਤ ਕੌਰ ਨੇ ਵੀ ਅਰਧ ਸੈਂਕੜਾ ਜੜਿਆ ਸੀ। ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੀ ਖ਼ਰਾਬ ਲੈਅ ਹਾਲਾਂਕਿ ਚਿੰਤਾ ਵਿਸ਼ਾ ਹੈ। ਗੇਂਦਬਾਜ਼ੀ ਵਿੱਚ ਸਪਿੰਨਰਾਂ ਨੇ ਪ੍ਰਭਾਵਿਤ ਕੀਤਾ ਹੈ ਪਰ ਝੂਲਨ ਗੋਸਵਾਮੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕ ਰਹੀ। ਨਿਊਜ਼ੀਲੈਂਡ ਖ਼ਿਲਾਫ਼ ਵਿਸ਼ਵ ਕੱਪ ਵਿੱਚ ਸ਼ੁਰੂਆਤ ਕਰਨ ਵਾਲੀ ਸਪਿੰਨਰ ਰਾਜੇਸ਼ਵਰੀ ਗਾਇਕਵਾੜ ਨੇ 15 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ ਸਨ। ਨਿਊਜ਼ੀਲੈਂਡ ਖ਼ਿਲਾਫ਼ ਮਿਲੀ ਵੱਡੀ ਜਿੱਤ ਸਦਕਾ ਭਾਰਤ ਦੇ ਹੌਸਲੇ ਬੁਲੰਦ ਹਨ।
ਟੀਮਾਂ: ਭਾਰਤ: ਮਿਤਾਲੀ ਰਾਜ (ਕਪਤਾਨ), ਏਕਤਾ ਬਿਸ਼ਟ, ਰਾਜੇਸ਼ਵਰੀ ਗਾਇਕਵਾੜ, ਝੂਲਨ ਗੋਸਵਾਮੀ, ਮਾਨਸੀ ਜੋਸ਼ੀ, ਹਰਮਨਪ੍ਰੀਤ ਕੌਰ, ਵੇਦਾ ਕ੍ਰਿਸ਼ਨਾਮੂਰਤੀ, ਸਮ੍ਰਿਤੀ ਸੰਧਾਨਾ, ਮੋਨਾ ਮੇਸ਼ਰਮ, ਸ਼ਿਖਾ ਪਾਂਡੇ, ਪੂਨਮ ਯਾਦਵ, ਨੁਜਹਤ ਪ੍ਰਵੀਨ, ਪੂਨਮ ਰਾਊਤ, ਦੀਪਤੀ ਸ਼ਰਮਾ, ਸੁਸ਼ਮਾ ਵਰਮਾ, ਸਮ੍ਰਿਤੀ ਮੰਧਾਨਾ
ਆਸਟਰੇਲੀਆ: ਮੇਗ ਲੈਨਿੰਗ (ਕਪਤਾਨ), ਸਾਰਾ ਐਲੇ, ਕ੍ਰਿਸਟੀਨ ਬੀਮਜ਼, ਐਲੇਕਸ ਬਲੈਕਵੇਲ, ਨਿਕੋਲ ਵੋਲਟਨ, ਐਸ਼ਲੇ ਗਾਰਡਨਰ, ਰਸ਼ੇਲ ਹੈਂਸ, ਐਲੀਸਾ ਹੀਲੀ, ਜੇਸ ਜੋਨਾਸੇਨ, ਬੇਥ ਮੂਨੀ, ਏ. ਪੇਰੀ, ਮੋਗਾਨ ਸ਼ਟ, ਬੇਲਿੰਡਾ ਵੇਕਾਰੇਵਾ, ਏ. ਵਿਲਾਨੀ, ਅਮਾਂਡਾ ਜੇਡ ਵੈਲਿੰਗਟਨ।

Facebook Comment
Project by : XtremeStudioz