Close
Menu

ਮਿਰਜ਼ਾ ਗਾਲਿਬ ਉਤੇ ਰਾਸ਼ਟਰ ਵਿਰੋਧੀ ਹੋਣ ਦਾ ‘ਕੇਸ ਦਰਜ’

-- 27 May,2017

ਨਵੀਂ ਦਿੱਲੀ, ਜੇ ਮਿਰਜ਼ਾ ਗਾਲਿਬ ਅਜੋਕੇ ਸਮੇਂ ਵਿੱਚ ਹੁੰਦਾ ਤਾਂ ਉਸ ਦਾ ਕੀ ਹਸ਼ਰ ਹੋਣਾ ਸੀ? 19ਵੀਂ ਸਦੀ ਦੇ ਇਸ ਕਵੀ ਨੂੰ ਅਜੋਕੇ ਯੁੱਗ ਵਿੱਚ ਰਾਸ਼ਟਰਵਾਦ ਵਿਰੋਧੀ ਹੋਣ ਦੇ ਦੋਸ਼ਾਂ ਵਿੱਚ ਅਦਾਲਤ ਵਿੱਚ ਆਪਣਾ ਬਚਾਅ ਕਰਨਾ ਪੈਣਾ ਸੀ?
ਇਸ ਦੀ ਤਸਵੀਰ ਇਕ ਨਵੇਂ ਨਾਟਕ ਵਿੱਚ ਖਿੱਚੀ ਗਈ ਹੈ, ਜਿਸ ਵਿੱਚ ਇਸ ਕਵੀ ਨੂੰ ਇਤਿਹਾਸ ਵਿੱਚੋਂ ਕੱਢ ਕੇ ਅਜੋਕੇ ਸਮਿਆਂ ਦੀਆਂ ਮੁਸ਼ਕਲਾਂ ਨਾਲ ਦੋ ਚਾਰ ਹੁੰਦਾ ਦਿਖਾਇਆ ਗਿਆ ਹੈ। ‘ਐਂਟੀ ਨੈਸ਼ਨਲ ਗਾਲਿਬ’ ਨਾਂ ਦਾ ਇਹ ਨਾਟਕ ਹਾਲ ਹੀ ਵਿੱਚ ਇੱਥੇ ਖੇਡਿਆ ਗਿਆ, ਜਿਸ ਵਿੱਚ ਇਸ ਕਵੀ ਨੂੰ ਆਪਣੀ ਕਵਿਤਾ ਰਾਹੀਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਕੌਮੀ ਸੁਰੱਖਿਆ ਲਈ ਖ਼ਤਰਾ ਬਣਨ ਦੇ ਦੋਸ਼ ਹੇਠ ਅਦਾਲਤ ਵਿੱਚ ਤਲਬ ਕੀਤਾ ਜਾਂਦਾ ਹੈ।
ਨਾਟਕ ਦੇ ਲੇਖਕ ਤੇ ਨਿਰਦੇਸ਼ਕ ਦਾਨਿਸ਼ ਇਕਬਾਲ ਨੇ ਨਾਟਕ ਲਿਖਣ ਦੇ ਫੁਰਨੇ ਬਾਰੇ ਦੱਸਿਆ ਕਿ ‘‘ਇਨ੍ਹੀਂ ਦਿਨੀਂ ਲੋਕ ਬਿਨਾਂ ਗੱਲ ਤੋਂ ਵਿਵਾਦ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਬੇਅਰਥ ਪਟੀਸ਼ਨਾਂ ਦਾ ਰੁਝਾਨ ਵਧ ਰਿਹਾ ਹੈ।’’ ਇਸ ਨਾਟਕ ਦੀ ਕਹਾਣੀ ਇਕ ਅਜਿਹੇ ਫਿਲਮਸਾਜ਼ ਦੁਆਲੇ ਘੁੰਮਦੀ ਹੈ, ਜੋ ਆਪਣੇ ਵਿਰੋਧੀ ਦੀ ਫਿਲਮ ਰਿਲੀਜ਼ ਹੋਣ ਵਿੱਚ ਦੇਰੀ ਦੀ ਕੋਸ਼ਿਸ਼ ਕਰਦਾ ਹੈ। ਉਹ ਦੋਸ਼ ਲਾਉਂਦਾ ਹੈ ਕਿ ਫਿਲਮ ਦੇ ਗਾਲਿਬ ਵੱਲੋਂ ਲਿਖੇ ਗੀਤ ਅਸਲ ਵਿੱਚ ਰਾਸ਼ਟਰ ਵਿਰੋਧੀ ਹੈ।
ਨਾਟਕ ਵਿੱਚ ਮੁੱਦਈ ਦੋਸ਼ ਲਾਉਂਦਾ ਹੈ ਕਿ ਜਦੋਂ ਸਰਕਾਰ ਅਤਿਵਾਦੀ ਗਰੁੱਪਾਂ ਦੀ ਗੱਲਬਾਤ ਨੂੰ ਰੋਕਣ ਲਈ ਨਵੇਂ ਤਰੀਕੇ ਅਪਣਾ ਰਹੀ ਹੈ ਤਾਂ ਗਾਲਿਬ ਆਪਣੇ ਸ਼ਬਦਾਂ ਰਾਹੀਂ ਲੋਕਾਂ ਨੂੰ ਬੁਰਾਈਆਂ ਬਾਰੇ ਅੱਖਾਂ ਮੀਚਣ ਦੀ ਅਪੀਲ ਕਰਦਾ ਹੈ। ਉਸ ਦੇ ਗੀਤ ਸਾਡੀ ਕੌਮੀ ਸੁਰੱਖਿਆ ਨਾਲ ਸਮਝੌਤਾ ਹਨ ਅਤੇ ਈਸਾਈਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਉਂਦੇ ਹਨ।

Facebook Comment
Project by : XtremeStudioz