Close
Menu

ਮਿਸ਼ਨ ਲੰਕਾ ਫ਼ਤਹਿ: ਭਾਰਤੀ ਕ੍ਰਿਕਟ ਟੀਮ ਕੋਲੰਬੋ ਪੁੱਜੀ

-- 20 July,2017
 
ਮੁੰਬਈ,ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਇੱਥੇ ਕਿਹਾ ਕਿ ਉਸ ਨੂੰ ਨਵੇਂ ਕੋਚ ਰਵੀ ਸ਼ਾਸਤਰੀ ਨਾਲ ਚੰਗੇ ਰਿਸ਼ਤਿਆਂ ਦੀ ਆਸ ਹੈ ਕਿਉਂਕਿ ਉਨ੍ਹਾਂ ਦੋਹਾਂ ਨੂੰ ਪਤਾ ਹੈ ਕਿ ਉਨ੍ਹਾਂ ਤੋਂ ਕੀ ਆਸਾਂ ਹਨ। ਤਿੰਨ ਟੈੱਸਟ, ਪੰਜ ਇੱਕ ਰੋਜ਼ਾ ਅਤੇ ਇੱਕ ਟੀ-20 ਮੈਚ ਲਈ ਸ੍ਰੀਲੰਕਾ ਦੌਰੇ ’ਤੇ ਰਵਾਨਾ ਹੋਣ ਤੋਂ ਪਹਿਲਾਂ ਕੋਹਲੀ ਨੇ ਪਹਿਲੀ ਵਾਰ ਸ਼ਾਸਤਰੀ ਦੀ ਨਿਯੁਕਤੀ ਸਬੰਧੀ ਆਪਣਾ ਪੱਖ ਰੱਖਿਆ। ਸ਼ਾਸਤਰੀ ਇਸ ਤੋਂ ਪਹਿਲਾਂ 2014 ਤੋਂ 2016 ਦਰਮਿਆਨ ਭਾਰਤੀ ਟੀਮ ਦੇ ਨਿਰਦੇਸ਼ਕ ਰਹੇ ਹਨ। ਉਨ੍ਹਾਂ ਨੇ ਵਰਿੰਦਰ ਸਹਿਵਾਗ ਵਰਗੇ ਦਾਅਵੇਦਾਰਾਂ ਨੂੰ ਪਛਾੜ ਕੇ ਮੁੱਖ ਕੋਚ ਦਾ ਅਹੁਦਾ ਹਾਸਲ ਕੀਤਾ ਹੈ, ਜਿਹੜਾ ਕੋਹਲੀ ਨਾਲ ਮਤਭੇਦ ਤੋਂ ਬਾਅਦ ਅਨਿਲ ਕੁੰਬਲੇ ਵੱਲੋਂ ਅਸਤੀਫ਼ਾ ਦੇਣ ’ਤੇ ਖਾਲੀ ਹੋਇਆ ਸੀ।

ਮੀਡੀਆ ਨਾਲ ਗੱਲਬਾਤ ਦੌਰਾਨ ਕੋਹਲੀ ਨੇ ਕਿਹਾ, ‘ਤਿੰਨ ਸਾਲ (2014-16) ਅਸੀਂ ’ਕੱਠਿਆਂ ਕੰਮ ਕੀਤਾ। ਇਸ ਲਈ ਅਸੀਂ ਇੱਕ ਦੂਜੇ ਨੂੰ ਸਮਝਦੇ ਹਾਂ। ਇਸ ਗੱਲ ਨੂੰ ਤੁਸੀਂ ਸਮਝ ਸਕਦੇ ਹੋ। ਮੈਨੂੰ ਨਹੀਂ ਲੱਗਦਾ ਕਿ ਮੈਨੂੰ ਇਸ ਸਬੰਧੀ ਕੁਝ ਹੋਰ ਸਮਝਣ ਦੀ ਲੋੜ ਹੈ।’ ਉਸ ਨੇ ਕਿਹਾ, ‘ਜਿਵੇਂ ਮੈਂ ਪਹਿਲਾਂ ਵੀ ਕਿਹਾ, ਅਸੀਂ ਪਹਿਲਾਂ ਵੀ ’ਕੱਠਿਆਂ ਕੰਮ ਕੀਤਾ ਹੈ। ਸਾਨੂੰ ਪਤਾ ਹੈ ਕਿ ਆਸ ਕੀ ਹੈ। ਮੈਨੂੰ ਨਹੀਂ ਲੱਗਦਾ ਕਿ ਇੱਕ ਦੂਜੇ ਨੂੰ ਸਮਝਣ ਲਈ ਵਿਸ਼ੇਸ਼ ਯਤਨਾਂ ਦੀ ਲੋੜ ਹੈ।’ ਚੈਂਪੀਅਨਜ਼ ਟਰਾਫੀ ਤੋਂ ਬਾਅਦ ਕੁੰਬਲੇ ਨੇ ਆਪਣਾ ਅਹੁਦਾ ਛੱਡ ਦਿੱਤਾ ਸੀ, ਜਿਸ ਵਿੱਚ ਭਾਰਤ ਉਪ ਜੇਤੂ ਰਿਹਾ ਸੀ। ਕੋਹਲੀ ਨੇ ਕਿਹਾ ਕਿ ਉਸ ਦਾ ਕੰਮ ਮੈਦਾਨ ’ਤੇ ਟੀਮ ਮੈਨੇਜਮੈਂਟ ਨਾਲ ਰਲ਼ ਕੇ ਸਰਬੋਤਮ ਟੀਮ ਤਿਆਰ ਕਰਨ ਤੇ ਚੰਗਾ ਪ੍ਰਦਰਸ਼ਨ ਕਰਨਾ ਹੈ।
ਜਦੋਂ ਇਹ ਪੁੱਛਿਆ ਕਿ ਪਿਛਲੇ ਕੁਝ ਹਫ਼ਤਿਆਂ ਦੌਰਾਨ ਜੋ ਕੁਝ ਵਾਪਰਿਆ ਕੀ ਉਸ ਨਾਲ ਉਸ ਉਪਰ ਕਿਸੇ ਕਿਸਮ ਦਾ ਕੋਈ ਵਾਧੂ ਦਬਾਅ ਪਿਆ ਹੈ ਤਾਂ ਕੋਹਲੀ ਦਾ ਕਹਿਣਾ ਸੀ ਕਿ ਉਸ ਨੂੰ ਨਹੀਂ ਲੱਗਦਾ ਕਿ ਉਸ ਉਪਰ ਕੋਈ ਵਾਧੂ ਦਬਾਅ ਪਿਆ ਹੈ, ਜੋ ਹੋਣਾ ਹੈ ਓਹੀ ਹੋਵੇਗਾ। ਦੂਜੇ ਬੰਨੇ ਭਾਰਤੀ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਦਾ ਮੰਨਣਾ ਹੈ ਕਿ ਪਿਛਲੇ ਦੋ ਹਫ਼ਤਿਆਂ ਵਿੱਚ ਉਹ ਕਾਫ਼ੀ ਪੱਕੇ ਹੋ ਗਏ ਹਨ ਜਿਸ ਦੌਰਾਨ ਕਾਫ਼ੀ ਨਾਟਕੀ ਘਟਨਾਕਮ੍ਰ ਤੋਂ ਬਾਅਦ ਉਨ੍ਹਾਂ ਨੂੰ ਇਹ ਅਹੁਦਾ ਸੌਂਪਿਆ ਗਿਆ ਸੀ। ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਪ੍ਰੈੱਸ ਕਾਨਫ਼ਰੰਸ ਵਿੱਚ ਸ੍ਰੀ ਸ਼ਾਸਤਰੀ ਨੇ 26 ਜੁਲਾਈ ਤੋਂ ਸ਼ੁਰੂ ਹੋ ਰਹੇ ਸ੍ਰੀਲੰਕਾ ਦੌਰੇ ਸਬੰਧੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀਲੰਕਾ ਦੇ ਪਿਛਲੇ ਦੌਰੇ ਤੋਂ ਲੈ ਕੇ ਹੁਣ ਤੱਕ ਉਹ ਕਾਫ਼ੀ ਹੰਢ ਚੁੱਕੇ ਹਨ, ਖ਼ਾਸ ਕਰ ਪਿਛਲੇ ਦੋ ਹਫ਼ਤਿਆਂ ਵਿੱਚ। ਸ੍ਰੀ ਸ਼ਾਸਤਰੀ ਨੇ ਕਿਹਾ ਕਿ ਉਹ ਪੁਰਾਣੀਆਂ ਗੱਲਾਂ ਨੂੰ ਭੁੱਲ ਚੁੱਕੇ ਹਨ। ਟੀਮ ਨੇ ਪਿਛਲੇ ਤਿੰਨ ਸਾਲ ਦੌਰਾਨ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ, ਜਿਸ ਲਈ ਟੀਮ ਸ਼ਲਾਘਾ ਦੀ ਹੱਕਦਾਰ ਹੈ। ਉਨ੍ਹਾਂ ਕਿਹਾ ਕਿ ਟੀਮ ਜ਼ਿਆਦਾ ਜ਼ਰੂਰੀ ਹੈ, ਰਵੀ ਸ਼ਾਸਤਰੀ ਤੇ ਅਨਿਲ ਕੁੰਬਲੇ ਤਾਂ ਆਉਂਦੇ-ਜਾਂਦੇ ਰਹਿਣਗੇ। ਭਰਤ ਅਰੁਣ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਅਰੁਣ ਖਿਡਾਰੀਆਂ ਨੂੰ ਉਨ੍ਹਾਂ ਨਾਲੋਂ ਵੱਧ ਜਾਣਦੇ ਹਨ। ਮੁੱਖ ਕੋਚ ਨੇ ਕਿਹਾ ਕਿ ਕਪਤਾਨ ਤੇ ਸਹਿਯੋਗੀ ਸਟਾਫ਼ ਵਿਚਾਲੇ ਸੰਵਾਦ ਜ਼ਰੂਰੀ ਹੈ। 

Facebook Comment
Project by : XtremeStudioz