Close
Menu

ਮਿਹਨਤ ਦਾ ਮੁੱਲ

-- 16 August,2015

ਪੁਰਾਣੇ ਸਮੇਂ ਦੀ ਗੱਲ ਹੈ। ਇੱਕ ਦੇਸ਼ ਵਿੱਚ ਦੀਨ ਦਿਆਲ ਨਾਂ ਦਾ ਰਾਜਾ ਰਾਜ ਕਰਦਾ ਸੀ। ਆਪਣੇ ਨਾਂ ਦੀ ਤਰ੍ਹਾਂ ਉਹ ਬੜਾ ਦਿਆਲੂ ਸੀ। ਉਸ ਦੇ ਰਾਜ ਦੀ ਪਰਜਾ ਬਹੁਤ ਸੁਖੀ ਸੀ। ਸਭ ਨੂੰ ਬਿਨਾਂ ਕਿਸੇ ਭੇਦ-ਭਾਵ ਦੇ ਨਿਆਂ ਮਿਲਦਾ ਸੀ। ਰਾਜਾ ਆਪ ਪਰਜਾ ਦਾ ਹਾਲ ਜਾਣਨ ਲਈ ਅਕਸਰ ਰਾਤ ਨੂੰ ਭੇਸ ਵਟਾ ਕੇ ਘੁੰਮਦਾ ਸੀ।
ਇਸ ਤਰ੍ਹਾਂ ਇੱਕ ਵਾਰ ਰਾਜਾ ਭੇਸ ਬਦਲ ਕੇ ਤੁਰਦਾ-ਤੁਰਦਾ ਮਹਿਲ ਤੋਂ ਕਾਫ਼ੀ ਦੂਰ ਚਲਾ ਗਿਆ। ਹਨੇਰਾ ਹੋ ਚੁੱਕਿਆ ਸੀ। ਉਸ ਨੇ ਸੁੰਨਸਾਨ ਰਸਤੇ ’ਤੇ ਇੱਕ ਝੌਂਪੜੀ ਵਿੱਚ ਲਾਲਟੈਣ ਜਗਦੀ ਦੇਖੀ। ਰਾਜੇ ਨੇ ਦਰਵਾਜ਼ਾ ਖੜਕਾਇਆ ਤਾਂ ਇੱਕ ਕਮਜ਼ੋਰ ਜਿਹੇ ਵਿਅਕਤੀ ਨੇ ਦਰਵਾਜ਼ਾ ਖੋਲਿਆ। ਰਾਜੇ ਨੇ ਉਸ ਵਿਅਕਤੀ ਨੂੰ ਕਿਹਾ ਕਿ ਉਹ ਮੁਸਾਫ਼ਿਰ ਹੈ ਅਤੇ ਉਸ ਨੂੰ ਰਸਤੇ ਵਿੱਚ ਰਾਤ ਪੈ ਗਈ ਹੈ। ਇਸ ਲਈ ਉਹ ਰਾਤ ਗੁਜ਼ਾਰਨੀ ਚਾਹੁੰਦਾ ਹੈ। ਉਸ ਵਿਅਕਤੀ ਨੇ ਤਰੁੰਤ ਹੀ ਰਾਜੇ ਨੂੰ ਝੌਂਪੜੀ ਦੇ ਅੰਦਰ ਬੁਲਾ ਲਿਆ। ਫਿਰ ਘਰ ਵਿੱਚ ਜੋ ਕੁਝ ਵੀ ਬਣਿਆ ਸੀ ਉਹ ਰਾਜੇ ਨੂੰ ਪਰੋਸਿਆ ਗਿਆ। ਰਾਜੇ ਨੇ ਖਾਣਾ ਖਾਣ ਤੋਂ ਬਾਅਦ ਉਸ ਪਤੀ-ਪਤਨੀ ਤੋਂ ਉਨ੍ਹਾਂ ਦੇ ਰਾਜੇ ਅਤੇ ਉਸ ਦੇ ਰਾਜ ਬਾਰੇ ਪੁੱਛਿਆ। ਪਤਨੀ ਨੇ ਕਿਹਾ ਕਿ ਉਨ੍ਹਾਂ ਦਾ ਰਾਜਾ ਬਹੁਤ ਦਿਆਲੂ ਅਤੇ ਨੇਕ ਹੈ। ਉਹ ਲੋਕਾਂ ਦਾ ਬਹੁਤ ਧਿਆਨ ਰੱਖਦਾ ਹੈ, ਪਰ ਇੱਕ ਗੱਲ ਦੀ ਚਿੰਤਾ ਹੈ ਕਿ ਰਾਜੇ ਤੋਂ ਬਾਅਦ ਰਾਜ-ਭਾਗ ਕੌਣ ਸੰਭਲੇਗਾ ਕਿਉਂਕਿ ਰਾਜੇ ਦੇ ਕੋਈ ਸੰਤਾਨ ਨਹੀਂ ਹੈ। ਇਹ ਗੱਲ ਸੁਣ ਕੇ ਰਾਜਾ ਪ੍ਰੇਸ਼ਾਨ ਹੋ ਗਿਆ। ਉਸ ਨੇ ਸਾਰੀ ਰਾਤ ਸੋਚਾਂ ਵਿੱਚ ਲੰਘਾਈ। ਸਵੇਰ ਹੁੰਦਿਆਂ ਹੀ ਰਾਜਾ ਮਹਿਲਾਂ ਵਿੱਚ ਵਾਪਸ ਪਰਤ ਆਇਆ। ਉਸ ਅੌਰਤ ਦੁਆਰਾ ਕਹੀ ਗੱਲ ਨੇ ਰਾਜੇ ਨੂੰ ਬੇਚੈਨ ਕਰ ਦਿੱਤਾ ਸੀ।
ਕੁਝ ਦਿਨਾਂ ਦੀ ਸੋਚ-ਵਿਚਾਰ ਤੋਂ ਬਾਅਦ ਰਾਜੇ ਨੂੰ ਇੱਕ ਤਰਕੀਬ ਸੁੱਝੀ। ਉਸ ਨੇ ਐਲਾਨ ਕਰਵਾ ਦਿੱਤਾ ਕਿ ਰਾਜੇ ਦਾ ਉੱਤਰਾਧਿਕਾਰੀ ਉਹੀ ਨੌਜਵਾਨ ਬਣੇਗਾ ਜੋ ਉਸ ਨੂੰ ਇੱਕ ਮਹੀਨੇ ਵਿੱਚ 100 ਮੋਹਰਾਂ ਲਿਆ ਕੇ ਦੇਵੇਗਾ। ਦਿਨ ਲੰਘਦੇ ਗਏ। ਠੀਕ ਇੱਕ ਮਹੀਨੇ ਬਾਅਦ ਰਾਜੇ ਦੇ ਦਰਬਾਰ ਵਿੱਚ ਤਿੰਨ ਨੌਜਵਾਨ ਹਾਜ਼ਰ ਹੋਏ। ਪਹਿਲੇ ਨੌਜਵਾਨ ਦੇ ਹੱਥ ਖਾਲੀ ਸਨ। ਰਾਜੇ ਦੇ ਪੁੱਛਣ ’ਤੇ ਉਸ ਨੇ ਕਿਹਾ ਕਿ ਮੰਗਣ ’ਤੇ ਕਿਸੇ ਨੇ ਵੀ ਉਸ ਨੂੰ ਕੋਈ ਮੋਹਰ ਨਹੀਂ ਦਿੱਤੀ। ਰਾਜੇ ਨੇ ਜਾਣ ਲਿਆ ਕਿ ਇਹ ਆਲਸੀ ਹੈ। ਦੂਜੇ ਨੌਜਵਾਨ ਕੋਲ 100 ਮੋਹਰਾਂ ਸਨ, ਪਰ ਰਾਜੇ ਦੇ ਵਜ਼ੀਰ ਨੇ ਕਿਹਾ ਕਿ ਇਹ ਮੋਹਰਾਂ ਚੋਰੀ ਕੀਤੀਆਂ ਗਈਆਂ ਹਨ। ਰਾਜੇ ਨੇ ਇਸ ਗੱਲ ਦਾ ਬਹੁਤ ਬੁਰਾ ਮਨਾਇਆ। ਤੀਜੇ ਨੌਜਵਾਨ ਕੋਲ ਸਿਰਫ਼ 25 ਮੋਹਰਾਂ ਸਨ। ਘੱਟ ਮੋਹਰਾਂ ਹੋਣ ਕਰਕੇ ਰਾਜੇ ਦੇ ਪੁੱਛਣ ’ਤੇ ਨੌਜਵਾਨ ਨੇ ਜਵਾਬ ਦਿੱਤਾ ਕਿ ਪੂਰਾ ਇੱਕ ਮਹੀਨਾ ਮਿਹਨਤ ਕਰਕੇ ਉਹ ਸਿਰਫ਼ ਐਨੀਆਂ ਮੋਹਰਾਂ ਹੀ ਕਮਾ ਸਕਿਆ, ਪਰ ਉਹ ਆਪਣੇ ਕੰਮ ਤੋਂ ਸੰਤੁਸ਼ਟ ਹੈ। ਵਜ਼ੀਰ ਨੇ ਵੀ ਉਸ ਦੀ ਗੱਲ ਨੂੰ ਸਹੀ ਠਹਿਰਾਇਆ। ਰਾਜਾ ਉਸ ਨੌਜਵਾਨ ਤੋਂ ਕਾਫ਼ੀ ਪ੍ਰਭਾਵਿਤ ਹੋਇਆ। ਉਹ ਨੌਜਵਾਨ ਨੂੰ ਆਪਣਾ ਉੱਤਰਧਿਕਾਰੀ ਬਣਾਉਣ ਦੀ ਘੋਸ਼ਣਾ ਕਰ ਦਿੰਦਾ ਹੈ, ਪਰ ਨੌਜਵਾਨ ਨੇ ਰਾਜ-ਭਾਗ ਲੈਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਸ਼ਰਤ ਦੀਆਂ 100 ਮੋਹਰਾਂ ਪੂਰੀਆਂ ਕਰਕੇ ਹੀ ਇਸ ਦਾ ਹੱਕਦਾਰ ਬਣ ਸਕੇਗਾ।
ਤਿੰਨ ਮਹੀਨੇ ਬਾਅਦ ਜਦੋਂ ਉਸ ਨੇ ਮੋਹਰਾਂ ਪੂਰੀਆਂ ਕਰ ਦਿੱਤੀਆਂ ਤਾਂ ਰਾਜੇ ਨੇ ਨੌਜਵਾਨ ਦੇ ਮਾਂ-ਬਾਪ ਨੂੰ ਵੀ ਮਹਿਲਾਂ ਵਿੱਚ ਬੁਲਾਇਆ। ਰਾਜਾ ਇਹ ਦੇਖ ਕੇ ਹੈਰਾਨ ਹੋਇਆ ਕਿ ਇਹ ਉਹੀ ਭੋਲੇ ਪਤੀ-ਪਤਨੀ ਸਨ ਜਿਨ੍ਹਾਂ ਦੇ ਘਰ ਰਾਜੇ ਨੇ ਰਾਤ ਕੱਟੀ ਸੀ ਅਤੇ ਉਸ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਇਆ ਸੀ। ਰਾਜਾ ਹੁਣ ਆਪਣੇ ਰਾਜ ਅਤੇ ਪਰਜਾ ਬਾਰੇ ਪੂਰੀ ਤਰ੍ਹਾਂ ਸੰਤੁਸ਼ਟ ਸੀ ਕਿਉਂਕਿ ਉਸ ਦਾ ਰਾਜ ਇੱਕ ਸੰਸਕਾਰੀ ਅਤੇ ਮਿਹਨਤੀ ਲੜਕੇ ਦੇ ਹੱਥਾਂ ਵਿੱਚ ਸੀ।
ਬੱਚਿਓ, ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਕੀਤੀ ਹੋਈ ਮਿਹਨਤ ਦਾ ਮੁੱਲ ਇੱਕ ਨਾ ਇੱਕ ਦਿਨ ਜ਼ਰੂਰ ਪੈਂਦਾ ਹੈ। ਇਸ ਲਈ ਸਾਨੂੰ ਜੀਵਨ ਵਿੱਚ ਕਦੇ ਵੀ ਮਿਹਨਤ ਦਾ ਪੱਲਾ ਨਹੀਂ ਛੱਡਣਾ ਚਾਹੀਦਾ।

Facebook Comment
Project by : XtremeStudioz