Close
Menu

ਮਿੱਠੇ ਸੁਭਾਅ ਦਾ ਫਲ਼

-- 17 March,2017

ਰਾਜੇ ਦਾ ਰਾਜ ਪ੍ਰਬੰਧ ਬਹੁਤ ਵਧੀਆ ਸੀ। ਉਹ ਨੇਕ ਦਿਲ ਤੇ ਇਨਸਾਫ਼ ਪਸੰਦ ਰਾਜਾ ਸੀ। ਉਸ ਦੀ ਪਰਜਾ ਉਸ ਦਾ ਬਹੁਤ ਸਤਿਕਾਰ ਕਰਦੀ ਸੀ। ਰਾਜ ਵਿੱਚ ਹਰ ਕੋਈ ਵਿਅਕਤੀ ਬਹੁਤ ਖ਼ੁਸ਼ ਸੀ। ਇੱਕ ਦਿਨ ਰਾਜਾ ਆਪਣੇ ਵਜ਼ੀਰ ਨੂੰ ਲੈ ਕੇ ਨਜ਼ਦੀਕ ਵਾਲੇ ਜੰਗਲ ਵਿੱਚ ਸ਼ਿਕਾਰ ਕਰਨ ਲਈ ਗਿਆ। ਗਰਮੀ ਦਾ ਮੌਸਮ ਸੀ। ਰਾਜਾ ਤੇ ਵਜ਼ੀਰ ਕਾਫ਼ੀ ਦੇਰ ਤਕ ਜੰਗਲ ਵਿੱਚ ਸ਼ਿਕਾਰ ਵਾਸਤੇ ਏਧਰ-ਓਧਰ ਘੁੰਮਦੇ ਰਹੇ, ਪਰ ਕੋਈ ਵੀ ਸ਼ਿਕਾਰ ਉਨ੍ਹਾਂ ਦੇ ਹੱਥ ਨਾ ਲੱਗਾ। ਦੁਪਹਿਰ ਹੋ ਚੁੱਕੀ ਸੀ। ਰਾਜਾ ਤੇ ਵਜ਼ੀਰ ਥੱਕ ਕੇ ਇੱਕ ਅੰਬ ਦੇ ਦਰੱਖਤ ਹੇਠਾਂ ਆਰਾਮ ਕਰਨ ਵਾਸਤੇ ਬੈਠ ਗਏ। ਉਹ ਅੰਬ ਦੀ ਸੰਘਣੀ ਛਾਂ ਥੱਲੇ ਆਰਾਮ ਕਰ ਰਹੇ ਸਨ। ਉਨ੍ਹਾਂ ਨੂੰ ਇੱਕ ਕੋਇਲ ਦੀ ਆਵਾਜ਼ ਸੁਣਾਈ ਦਿੱਤੀ। ਇਹ ਕੋਇਲ ਇਨਸਾਨਾਂ ਵਾਂਗ ਬੋਲਦੀ ਸੀ ਤੇ ਇੱਕ ਬਹੁਤ ਪਿਆਰ ਭਰਿਆ ਗੀਤ ਗਾ ਰਹੀ ਸੀ:-
ਮੈਂ ਕਾਲੀ ਕਾਲੀ ਕੋਇਲ ਹਾਂ,
ਮੈਂ ਅੰਬਾਂ ਦੀ ਮਤਵਾਲੀ ਹਾਂ,
ਮੈਂ ਮਿੱਠੇ ਬੋਲ ਬੋਲਦੀ ਹਾਂ,
ਮੈਂ ਪਿਆਰੇ ਗੀਤ ਗਾਉਂਦੀ ਹਾਂ,
ਮੈਂ ਪ੍ਰਭੂ ਦਾ ਜਸ ਗਾਉਂਦੀ ਹਾਂ,
ਮੈਂ ਹਰੇਕ ਦੇ ਮਨ ਭਾਉਂਦੀ ਹਾਂ।
ਕੋਇਲ ਦਾ ਇਹ ਪਿਆਰ ਭਰਿਆ ਗੀਤ ਸੁਣ ਕੇ ਰਾਜਾ ਬਹੁਤ ਪ੍ਰਸੰਨ ਹੋਇਆ। ਉਸ ਨੇ ਵਜ਼ੀਰ ਨੂੰ ਹੁਕਮ ਦਿੱਤਾ ਕਿ ਇਸ ਕੋਇਲ ਨੂੰ ਫੜ ਕੇ ਆਪਣੇ ਰਾਜ ਮਹਿਲ ਲੈ ਚੱਲੋ। ਅਸੀਂ ਹਰ ਰੋਜ਼ ਇਸ ਦੇ ਪਿਆਰੇ-ਪਿਆਰੇ, ਮਿੱਠੇ-ਮਿੱਠੇ ਬੋਲ ਸੁਣਿਆ ਕਰਾਂਗੇ। ਵਜ਼ੀਰ ਨੇ ਉਸ ਕੋਇਲ ਨੂੰ ਫੜਨ ਦੀ ਬੜੀ ਕੋਸ਼ਿਸ਼ ਕੀਤੀ, ਪਰ ਕੋਇਲ ਬਹੁਤ ਚਲਾਕ ਸੀ। ਉਹ ਅੰਬ ਦੇ ਪੱਤਿਆਂ ਵਿੱਚ ਲੁਕ ਗਈ ਤੇ ਵਜ਼ੀਰ ਦੇ ਹੱਥ ਨਾ ਆਈ। ਆਖ਼ਿਰ ਵਜ਼ੀਰ ਤੇ ਰਾਜਾ ਖਾਲੀ ਹੱਥ ਹੀ ਮਹਿਲ ਵਾਪਸ ਆ ਗਏ। ਦੂਸਰੇ ਦਿਨ ਰਾਜੇ ਨੇ ਸ਼ਹਿਰ ਵਿੱਚ ਐਲਾਨ ਕਰ ਦਿੱਤਾ ਕਿ ਜਿਹੜਾ ਵਿਅਕਤੀ ਇਸ ਗਾਉਣ ਵਾਲੀ ਕੋਇਲ ਨੂੰ ਫੜ ਕੇ ਲਿਆਵੇਗਾ, ਉਸ ਦਾ ਵਿਆਹ ਰਾਜਕੁਮਾਰੀ ਨਾਲ ਕਰ ਦਿੱਤਾ ਜਾਵੇਗਾ। ਇਹ ਐਲਾਨ ਸੁਣ ਕੇ ਸ਼ਹਿਰ ਦੇ ਚੰਗੇ-ਚੰਗੇ ਸ਼ਿਕਾਰੀਆਂ ਨੇ ਆਪਣੇ ਹਥਿਆਰ ਨਾਲ ਲੈ ਕੇ ਉਸ ਕੋਇਲ ਨੂੰ ਫੜਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਸਭ ਵਿਅਰਥ ਰਹੀ। ਉਸੇ ਸ਼ਹਿਰ ਵਿੱਚ ਇੱਕ ਮਜ਼ਦੂਰ ਤੇ ਉਸ ਦਾ ਪੁੱਤਰ ਰਹਿੰਦੇ ਸਨ। ਉਨ੍ਹਾਂ ਨੇ ਵੀ ਰਾਜੇ ਦਾ ਇਹ ਐਲਾਨ ਸੁਣਿਆ ਤਾਂ ਮਜ਼ਦੂਰ ਦੇ ਪੁੱਤਰ ਨੇ ਆਪਣੇ ਪਿਤਾ ਨੂੰ ਕਿਹਾ ਕਿ ਮੈਂ ਉਸ ਕੋਇਲ ਨੂੰ ਫੜ ਸਕਦਾ ਹਾਂ। ਮਜ਼ਦੂਰ ਦਾ ਪੁੱਤਰ ਬਹੁਤ ਸਿਆਣਾ ਤੇ ਮਿੱਠੇ ਸੁਭਾਅ ਵਾਲਾ ਸੀ। ਉਹ ਆਪਣੇ ਪਿਤਾ ਤੋਂ ਆਗਿਆ ਲੈ ਕੇ ਅੰਬ ਦੇ ਦਰੱਖਤ ਥੱਲੇ ਬੈਠਾ ਰਿਹਾ, ਪਰ ਕੋਇਲ ਦੀ ਆਵਾਜ਼ ਨਾ ਸੁਣੀ। ਉਸ ਨੂੰ ਉੱਥੇ ਰਾਤ ਪੈ ਗਈ। ਜਦੋਂ ਸਵੇਰ ਹੋਣ ਨੂੰ ਆਈ ਤਾਂ ਉਸ ਨੇ ਕੋਇਲ ਨੂੰ ਮਿੱਠੀ ਆਵਾਜ਼ ਵਿੱਚ ਈਸ਼ਵਰ ਦੀ ਭਗਤੀ ਦਾ ਗੀਤ ਗਾਉਂਦੇ ਸੁਣਿਆ। ਗੀਤ ਸੁਣਨ ਤੋਂ ਬਾਅਦ ਮਜ਼ਦੂਰ ਦੇ ਪੁੱਤਰ ਨੇ ਬੜੀ ਨਿਮਰਤਾ ਭਰੇ ਲਹਿਜੇ ਵਿੱਚ ਉਸ ਕੋਇਲ ਦੀ ਤਾਰੀਫ਼ ਕੀਤੀ। ਉਸ ਨੇ ਸਚਾਈ ’ਤੇ ਚੱਲਦੇ ਹੋਏ ਆਪਣੇ ਆਉਣ ਦਾ ਕਾਰਨ ਸਾਫ਼-ਸਾਫ਼ ਦੱਸ ਦਿੱਤਾ। ਕੋਇਲ ਉਸ ਦੀ ਇਮਾਨਦਾਰੀ ਅਤੇ ਮਿੱਠੇ ਸੁਭਾਅ ਕਾਰਨ ਬਹੁਤ ਖ਼ੁਸ਼ ਹੋਈ। ਉਹ ਆਪਣੀ ਮਰਜ਼ੀ ਨਾਲ ਉਸ ਦੇ ਨਾਲ ਚੱਲਣ ਨੂੰ ਤਿਆਰ ਹੋ ਗਈ। ਮਜ਼ਦੂਰ ਦੇ ਪੁੱਤਰ ਨੇ ਕੋਇਲ ਨੂੰ ਆਪਣੇ ਮੋਢੇ ’ਤੇ ਬਿਠਾ ਲਿਆ ਤੇ ਰਾਜ ਦਰਬਾਰ ਵੱਲ ਚਲ ਪਿਆ। ਉੱਥੇ ਪਹੁੰਚ ਕੇ ਜਦੋਂ ਰਾਜੇ ਨੇ ਉਸ ਕੋਇਲ ਨੂੰ ਦੇਖਿਆ ਤਾਂ ਬਹੁਤ ਖ਼ੁਸ਼ ਹੋਇਆ। ਕੋਇਲ ਨੇ ਰਾਜ ਦਰਬਾਰ ਵਿੱਚ ਪਿਆਰ ਭਰਿਆ ਗੀਤ ਸੁਣਾਇਆ। ਸਭ ਦਰਬਾਰੀ ਕੋਇਲ ਦੀ ਮਿੱਠੀ ਬੋਲੀ ਸੁਣ ਕੇ ਬਹੁਤ ਖ਼ੁਸ਼ ਹੋਏ। ਅਗਲੇ ਦਿਨ ਰਾਜੇ ਨੇ ਆਪਣੇ ਵਾਅਦੇ ਮੁਤਾਬਕ ਉਸ ਮਜ਼ਦੂਰ ਦੇ ਪੁੱਤਰ ਦਾ ਵਿਆਹ ਰਾਜਕੁਮਾਰੀ ਨਾਲ ਕਰ ਦਿੱਤਾ।

Facebook Comment
Project by : XtremeStudioz