Close
Menu

ਮੀਡੀਆ ਸ਼ੇਰ ਤੋਂ ਕਾਗ਼ਜ਼ੀ ਸ਼ੇਰ ਬਣਿਆ: ਰਾਹੁਲ

-- 11 December,2018

ਐਸ.ਏ.ਐਸ.ਨਗਰ (ਮੁਹਾਲੀ), 11 ਦਸੰਬਰ
ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਉੱਤੇ ਸੰਵਿਧਾਨਕ ਸੰਸਥਾਵਾਂ ਉੱਤੇ ਹਮਲੇ ਕਰ ਕੇ ਆਪਣੀ ਫਿਲਾਸਫ਼ੀ ਥੋਪਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰੈੱਸ ਅਤੇ ਅਖ਼ਬਾਰ ਸ਼ੇਰ ਹਨ ਪਰ ਹੁਣ ਵਪਾਰਕ ਘਰਾਣਿਆਂ ਦੀ ਪੁਸ਼ਤਪਨਾਹੀ ਕਾਰਨ ਦੇਸ਼ ਦੇ ਅਸਲੀ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰ ਕੇ ਕਾਗਜ਼ੀ ਸ਼ੇਰ ਬਣ ਰਹੇ ਹਨ। ਉਨ੍ਹਾਂ ਤਿੰਨ ਰਾਜਾਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਉਮੀਦ ਰੱਖਦਿਆਂ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਦਿੱਲੀ ਤੋਂ ਰੁਖ਼ਸਤ ਕਰਨ ਦਾ ਦਾਅਵਾ ਕੀਤਾ। ਸ੍ਰੀ ਗਾਂਧੀ ਅੱਜ ਦੁਪਹਿਰ ਮੁਹਾਲੀ ਦੇ ਸੈਕਟਰ 78 ਵਿਚ ਬਹੁਮੰਤਵੀ ਖੇਡ ਸਟੇਡੀਅਮ ’ਚ ਐਸੋਸੀਏਟਿਡ ਜਨਰਲਜ਼ ਲਿਮਟਿਡ ਦੇ ਹਿੰਦੀ ਐਡੀਸ਼ਨ ‘ਨਵਜੀਵਨ’ ਦੀ ਪੁਨਰਸੁਰਜੀਤੀ ਅਤੇ ਅਖ਼ਬਾਰ ਦੇ 150 ਸਾਲਾਂ ਮਹਾਤਮਾ ਗਾਂਧੀ ਵਿਸ਼ੇਸ਼ ਅੰਕ ਦੀ ਘੁੰਡ ਚੁਕਾਈ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੀ ਮੌਜੂਦ ਸਨ। ਆਪਣੇ 14 ਮਿੰਟਾਂ ਦੇ ਭਾਸ਼ਣ ਵਿੱਚ ਸ੍ਰੀ ਗਾਂਧੀ ਨੇ ਨਰਿੰਦਰ ਮੋਦੀ, ਭਾਜਪਾ ਅਤੇ ਆਰਐੱਸਐੱਸ ਉੱਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਸੰਵਿਧਾਨਕ ਸੰਸਥਾਵਾਂ ਉੱਤੇ ਵੀ ਭਾਜਪਾ ਅਤੇ ਆਰਐੱਸਐੱਸ ਆਪਣੀ ਫਿਲਾਸਫ਼ੀ ਥੋਪਣਾ ਚਾਹੁੰਦੀ ਹੈ। ਉਨ੍ਹਾਂ ਮੋਦੀ ਸਰਕਾਰ ਉੱਤੇ ਕਿਸਾਨਾਂ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਕੋਈ ਅਹਿਮੀਅਤ ਨਾ ਦੇਣ ਦਾ ਦੋਸ਼ ਲਾਇਆ।
ਉਨ੍ਹਾਂ ਕਿਹਾ ਕਿ ਵਪਾਰਕ ਘਰਾਣਿਆਂ ਦੇ ਵਪਾਰ ਵਿੱਚ ਸ਼ਾਮਲ ਹੋ ਚੁੱਕਿਆ ਮੀਡੀਆ ਵੀ ਹੁਣ ਇਹੀ ਕੁਝ ਕਰ ਰਿਹਾ ਹੈ ਤੇ ਹੁਣ ਮੀਡੀਆ ਟਾਈਗਰ (ਸ਼ੇਰ) ਦੀ ਥਾਂ ਸਿਰਫ਼ ਕਾਗਜ਼ੀ ਸ਼ੇਰ ਬਣ ਗਿਆ ਹੈ। ਉਨ੍ਹਾਂ ‘ਨਵਜੀਵਨ’ ਦੇ ਪੱਤਰਕਾਰਾਂ ਨੂੰ ਸੱਚ ਉੱਤੇ ਪਹਿਰਾ ਦੇਣ ਦਾ ਹੋਕਾ ਦਿੰਦਿਆਂ ਸਾਰਿਆਂ ਤੋਂ ਅਖ਼ਬਾਰ ਲਈ ਸਮਰਥਨ ਵੀ ਮੰਗਿਆ।
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪੰਜਾਬ ਤੇ ਪੰਜਾਬੀਆਂ ਵੱਲੋਂ ਆਜ਼ਾਦੀ ਦੀ ਲੜਾਈ ਵਿੱਚ ਪਾਏ ਭਰਵੇਂ ਯੋਗਦਾਨ ਦੀ ਸ਼ਲਾਘਾ ਕਰਦਿਆਂ ਮੀਡੀਆ ਨੂੰ ਸੱਚ ਅਤੇ ਸੱਚਾਈ ਤੇ ਪਹਿਰਾ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਮੋਦੀ ਸਰਕਾਰ ਦੀ ਪਿਛਲੇ ਸਾਢੇ ਚਾਰ ਸਾਲ ਦੀ ਕਾਰਗੁਜ਼ਾਰੀ ਨੂੰ ਨਿਰਾਸ਼ਾਜਨਕ ਦੱਸਦਿਆਂ ਭਾਜਪਾ ਦੀਆਂ ਕਾਰਵਾਈਆਂ ਨੂੰ ਦੇਸ਼ ਦੀ ਆਜ਼ਾਦੀ ਲਈ ਖਤਰਾ ਬਣਨ ਦੀ ਵੀ ਚਿਤਾਵਨੀ ਦਿੱਤੀ। ਉਨ੍ਹਾਂ ਸੰਵਿਧਾਨਕ ਸੰਸਥਾਵਾਂ ਦੀ ਰਾਖੀ ਲਈ ਸਾਰਿਆਂ ਨੂੰ ਯੋਗਦਾਨ ਪਾਉਣ ਦਾ ਸੱਦਾ ਦਿੰਦਿਆਂ ਰਾਹੁਲ ਗਾਂਧੀ ਨੂੰ ਦੇਸ਼ ਦੀ ਉਮੀਦ ਦੱਸਿਆ। ਉਨ੍ਹਾਂ ‘ਨਵਜੀਵਨ’ ਅਖ਼ਬਾਰ ਪੰਜਾਬੀ ਭਾਸ਼ਾ ’ਚ ਵੀ ਛਾਪਣ ਦੀ ਅਪੀਲ ਕੀਤੀ। ਸਮਾਗਮ ਨੂੰ ਐਸੋਸੀਏਟਿਡ ਜਰਨਲਜ਼ ਲਿਮਿਟਡ ਦੇ ਚੇਅਰਮੈਨ ਮੋਤੀ ਲਾਲ ਵੋਰਾ ਨੇ ਸੰਬੋਧਨ ਕਰਦਿਆਂ ਸਾਰਿਆਂ ਦਾ ਸਵਾਗਤ ਕੀਤਾ ਤੇ ‘ਨਵਜੀਵਨ’ ਅਖ਼ਬਾਰ ਸਬੰਧੀ ਜਾਣਕਾਰੀ ਦਿੱਤੀ ਤੇ ਸਾਰਿਆਂ ਤੋਂ ਸਹਿਯੋਗ ਮੰਗਿਆ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਮੋਦੀ ਸਰਕਾਰ ਉੱਤੇ ਤਿੱਖੇ ਹਮਲੇ ਕੀਤੇ ਤੇ ਪ੍ਰਧਾਨ ਮੰਤਰੀ ਵੱਲੋਂ ਵਰਤੀ ਜਾਂਦੀ ਅਸੱਭਿਅਕ ਭਾਸ਼ਾ ਅਤੇ ਕਈ ਹੋਰ ਮੁੱਦਿਆਂ ਉੱਤੇ ਮੀਡੀਆ ਵੱਲੋਂ ਧਾਰੀ ਚੁੱਪ ਉੱਤੇ ਸਵਾਲ ਚੁੱਕੇ। ‘ਨਵਜੀਵਨ’ ਦੀ ਸੰਪਾਦਕੀ ਸਲਾਹਕਾਰ ਸ੍ਰੀਮਤੀ ਮੁਣਾਲ ਪਾਂਡੇ ਨੇ ਸਾਰਿਆਂ ਦਾ ਧੰਨਵਾਦ ਕੀਤਾ। ਅਖ਼ਬਾਰ ਦੀ ਕਾਪੀ ਜਾਰੀ ਕਰਨ ਦੀ ਰਸਮ ਉਪਰੋਕਤ ਹਸਤੀਆਂ ਤੋਂ ਇਲਾਵਾ ਕਾਂਗਰਸ ਦੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਸਹਿ ਇੰਚਾਰਜ ਹਰੀਸ਼ ਚੌਧਰੀ ਅਤੇ ਅਖ਼ਬਾਰ ਦੇ ਸੰਪਾਦਕ ਜਫ਼ਰ ਆਗਾ ਨੇ ਨਿਭਾਈ।

Facebook Comment
Project by : XtremeStudioz