Close
Menu

‘ਮੀ ਟੂ’: ਅਕਬਰ ਨੇ ਦੋਸ਼ਾਂ ਤੋਂ ਪੱਲਾ ਝਾੜਿਆ

-- 15 October,2018

ਨਵੀਂ ਦਿੱਲੀ,  ਕੇਂਦਰੀ ਮੰਤਰੀ ਐਮ ਜੇ ਅਕਬਰ ਨੇ ਕਈ ਮਹਿਲਾਵਾਂ ਵੱਲੋਂ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਐਤਵਾਰ ਨੂੰ ਕਿਹਾ ਕਿ ਇਹ ‘ਝੂਠੇ ਅਤੇ ਮਨਘੜਤ’ ਹਨ। ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਦੋਸ਼ ਆਮ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਕਿਸੇ ਏਜੰਡੇ ਤਹਿਤ ਲਾਏ ਗਏ ਹਨ। ਅਫ਼ਰੀਕਾ ਦੇ ਦੌਰੇ ਤੋਂ ਪਰਤਣ ਦੇ ਕੁਝ ਘੰਟਿਆਂ ਮਗਰੋਂ ਵਿਦੇਸ਼ ਰਾਜ ਮੰਤਰੀ ਨੇ ਦੋਸ਼ ਰੱਦ ਕਰਦਿਆਂ ਬਿਆਨ ਜਾਰੀ ਕੀਤਾ ਅਤੇ ਕਿਹਾ ਕਿ ਕੁਝ ਵਰਗਾਂ ’ਚ ਬਿਨਾਂ ਸਬੂਤਾਂ ਦੇ ਇਹ ‘ਵਾਇਰਲ ਬੁਖ਼ਾਰ’ ਵਾਂਗ ਫੈਲ ਗਏ ਹਨ। ਉਨ੍ਹਾਂ ਕਿਹਾ,‘‘ਮੇਰੇ ਖ਼ਿਲਾਫ਼ ਲਾਏ ਗਏ ਦੁਰਵਿਹਾਰ ਦੇ ਦੋਸ਼ ਝੂਠੇ ਅਤੇ ਮਨਘੜਤ ਹਨ ਅਤੇ ਸਰਕਾਰੀ ਵਿਦੇਸ਼ੀ ਦੌਰੇ ’ਤੇ ਹੋਣ ਕਰਕੇ ਪਹਿਲਾਂ ਮੈਂ ਇਨ੍ਹਾਂ ਦਾ ਜਵਾਬ ਨਹੀਂ ਦੇ ਸਕਿਆ ਸੀ।’’ ਭਾਜਪਾ ਦੇ ਰਾਜ ਸਭਾ ਮੈਂਬਰ ਨੇ ਕਿਹਾ ਕਿ ਇਨ੍ਹਾਂ ਦੋਸ਼ਾਂ ਨੇ ਉਨ੍ਹਾਂ ਦੇ ਰੁਤਬੇ ਨੂੰ ਢਾਹ ਲਾਈ ਹੈ ਅਤੇ ਹੁਣ ਉਨ੍ਹਾਂ ਦੇ ਵਕੀਲ ਇਹ ਮਾਮਲਾ ਦੇਖਣਗੇ। ਸ੍ਰੀ ਅਕਬਰ ਨੇ ਦੋਸ਼ਾਂ ਦੇ ਸਮੇਂ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਇਹ ‘ਤੂਫ਼ਾਨ’ ਆਮ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਕਿਉਂ ਆਇਆ ਹੈ? ‘ਕੀ ਕੋਈ ਏਜੰਡਾ ਹੈ? ਤੁਸੀਂ ਇਸ ਦਾ ਫ਼ੈਸਲਾ ਕਿਉਂ ਕਰ ਰਹੇ ਹੋ।’ ਸਾਰੇ ਹਾਲਾਤ ਨੂੰ ਪਰੇਸ਼ਾਨ ਕਰਨ ਵਾਲਾ ਕਰਾਰ ਦਿੰਦਿਆਂ ਸ੍ਰੀ ਅਕਬਰ ਨੇ ਕਿਹਾ ਕਿ ਝੂਠ ਦੇ ਪੈਰ ਨਹੀਂ ਹੁੰਦੇ ਹਨ ਪਰ ਉਨ੍ਹਾਂ ’ਚ ਜ਼ਹਿਰ ਭਰਿਆ ਹੁੰਦਾ ਹੈ ਜੋ ਪਾਗਲਪਨ ਪੈਦਾ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਪ੍ਰਿਆ ਰਮਾਨੀ, ਗ਼ਜ਼ਾਲਾ ਵਹਾਬ, ਸ਼ੁਮਾ ਰਾਹਾ, ਅੰਜੂ ਭਾਰਤੀ ਅਤੇ ਸ਼ੁਤਾਪਾ ਪੌਲ ਸਮੇਤ ਹੋਰ ਕਈ ਮਹਿਲਾਵਾਂ ਨੇ ਸ੍ਰੀ ਅਕਬਰ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਹਨ। ਵਿਦੇਸ਼ ਰਾਜ ਮੰਤਰੀ ਨੇ ਕਿਹਾ ਕਿ ਇਨ੍ਹਾਂ ’ਚੋਂ ਕੁਝ ਦੋਸ਼ ਬਿਲਕੁਲ ਝੂਠੇ ਅਤੇ ਕੋਰੀ ਅਫ਼ਵਾਹ ’ਤੇ ਆਧਾਰਿਤ ਹਨ ਜਦਕਿ ਹੋਰਾਂ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ (ਅਕਬਰ) ਕੁਝ ਨਹੀਂ ਕੀਤਾ ਹੈ। ਉਨ੍ਹਾਂ ਕਿਹਾ,‘‘ਰਮਾਨੀ ਅਤੇ ਵਹਾਬ ਅਜਿਹੀਆਂ ਘਟਨਾਵਾਂ ਵਾਪਰਨ ਮਗਰੋਂ ਵੀ ਮੇਰੇ ਨਾਲ ਕੰਮ ਕਰਦੀਆਂ ਰਹੀਆਂ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਉਨ੍ਹਾਂ ਨੂੰ ਮੇਰੇ ਨਾਲ ਕੋਈ ਪਰੇਸ਼ਾਨੀ ਨਹੀਂ ਸੀ। ਉਹ ਦਹਾਕਿਆਂ ਤਕ ਖਾਮੋਸ਼ ਕਿਉਂ ਰਹੀਆਂ ਕਿਉਂਕਿ ਰਮਾਨੀ ਨੇ ਖੁਦ ਆਖਿਆ ਹੈ ਕਿ ਮੈਂ ਕਦੇ ਵੀ ਕੁਝ ਨਹੀਂ ਕੀਤਾ।’’ ਸਾਬਕਾ ਪੱਤਰਕਾਰ ਐਮ ਜੇ ਅਕਬਰ ਦਾ ਨਾਮ ਸੋਸ਼ਲ ਮੀਡੀਆ ’ਤੇ ‘ਮੀ ਟੂ’ ਮੁਹਿੰਮ ’ਚ ਆਉਣ ਮਗਰੋਂ ਸਿਆਸੀ ਪਾਰਟੀਆਂ ਨੇ ਉਨ੍ਹਾਂ ਨੂੰ ਮੰਤਰੀ ਮੰਡਲ ’ਚੋਂ ਹਟਾਉਣ ਦੇ ਸੁਰ ਤੇਜ਼ ਕਰ ਦਿੱਤੇ ਸਨ।

Facebook Comment
Project by : XtremeStudioz