Close
Menu

ਮੁਸਲਮਾਨ ਵਿਰੋਧੀ ਚਿੱਠੀਆਂ ਦੀ ਜਾਂਚ ਵਿੱਚ ਜੁਟੀ ਬ੍ਰਿਟੇਨ ਪੁਲਸ

-- 11 March,2018

 ਲੰਡਨ – ਬ੍ਰਿਟੇਨ ਦੇ ਅੱਤਵਾਦ ਰੋਕੂ ਅਧਿਕਾਰੀ ਮੁਲਕ ਦੀਆਂ ਕਈ ਥਾਵਾਂ ਵਿਚ ਸਾਹਮਣੇ ਆਈਆਂ ਉਨ੍ਹਾਂ ਮੁਸਲਮਾਨ ਵਿਰੋਧੀ ਚਿੱਠੀਆਂ ਦੀ ਜਾਂਚ ਕਰ ਰਹੇ ਹਨ, ਜਿਨ੍ਹਾਂ ਵਿੱਚ ਲੋਕਾਂ ਨੂੰ ਤਿੰਨ ਅਪ੍ਰੈਲ ਨੂੰ ‘‘ਇੱਕ ਮੁਸਲਮਾਨ ਨੂੰ ਸਜ਼ਾ ਦਿਓ ਦਿਵਸ’’ ਦੇ ਤੌਰ ਉੱਤੇ ਮਨਾਉਣ ਅਤੇ ਇਸ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਗਈ ਹੈ। ਇੰਗਲੈਂਡ ਵਿੱਚ ਲੰਡਨ, ਯਾਰਕਸ਼ਾਇਰ ਅਤੇ ਮਿਡਲੈਂਡਸ ਖੇਤਰ ਦੇ ਰਹਿਣ ਵਾਲੇ ਸਥਾਨਕ ਲੋਕਾਂ ਨੇ ਅਜਿਹੀਆਂ ਚਿੱਠੀਆਂ ਮਿਲਣ ਦੀ ਸੂਚਨਾ ਦਿੱਤੀ ਹੈ। ਪੁਲਸ ਨੇ ਇਨ੍ਹਾਂ ਚਿੱਠੀਆਂ ਨੂੰ ‘‘ਬਦਕਿਸਮਤੀ ਭਰੀ ਚਿੱਠੀ’’ ਕਰਾਰ ਦਿੱਤਾ ਹੈ। ਵੈਸਟ ਯਾਰਕਸ਼ਾਇਰ ਦੀ ਪੁਲਸ ਨੇ ਦੱਸਿਆ ਕਿ ਬ੍ਰਿਟੇਨ ਦੀ ਨਾਰਥ ਈਸਟ ਕਾਉਂਟਰ ਟੈਰੋਰਿਜ਼ਮ ਯੂਨਿਟ (ਐਨ.ਈ.ਸੀ.ਟੀ.ਯੂ.) ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਮਾਮਲੇ ਦੀ ਪੂਰੀ ਛਾਣਬੀਣ ਜਾਰੀ ਹੈ। ਸਹਾਇਕ ਮੁੱਖ ਕਾਂਸਟੇਬਲ ਏਂਜਲਾ ਵਿਲਿਅੰਸ ਨੇ ਦੱਸਿਆ,‘‘ਮੈਂ ਵੈਸਟ ਯਾਰਕਸ਼ਾਇਰ ਦੇ ਲੋਕਾਂ ਨੂੰ ਆਸਵੰਦ ਕਰਨਾ ਚਾਹੁੰਦੀ ਹਾਂ ਕਿ ਇਨ੍ਹਾਂ ਚਿੱਠੀਆਂ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਅਸੀਂ ਸਮਝਦੇ ਹਾਂ ਕਿ ਇਸ ਤੋਂ ਚਿੰਤਾ ਪੈਦਾ ਹੋ ਗਈ ਹੋਵੇਗੀ ਅਤੇ ਲੋਕ, ਖਾਸ ਕਰਕੇ ਸਮਾਜ ਦੇ ਕਮਜ਼ੋਰ ਵਰਗ, ਨਿਰਾਸ਼ ਹੋਏ ਹੋਣਗੇ।’’ ਉਨ੍ਹਾਂ ਨੇ ਕਿਹਾ,‘‘ਲੋਕ ਸੁਰੱਖਿਆ ਸਾਡੀ ਪਹਿਲ ਹੈ ਅਤੇ ਮੈਂ ਲੋਕਾਂ ਨੂੰ ਅਪੀਲ ਕਰਾਂਗੀ ਕਿ ਉਹ ਚੌਕਸ ਰਹਿਣ, ਪਰ ਡਰਨ ਨਹੀਂ।’’ ਅੱਤਵਾਦ ਰੋਕੂ ਪੁਲਸ ਇਨ੍ਹਾਂ ਚਿੱਠੀਆਂ ਨੂੰ ਨਫਰਤ ਫੈਲਾਉਣ ਦੀ ਕੋਸ਼ਿਸ਼ ਦੱਸ ਰਹੇ ਹਨ। ਏ 4 ਦੇ ਕਾਗਜ਼ ਉੱਤੇ ਲਿਖੀ ਗਈ ਚਿੱਠੀ ਇੰਟਰਨੈੱਟ ਉੱਤੇ ਕਾਫੀ ਸ਼ੇਅਰ ਕੀਤੀ ਗਈ ਹੈ। ਚਿੱਠੀ ਵਿੱਚ ਮੁਸਲਮਾਨਾਂ ਅਤੇ ਮਸਜਿਦਾਂ ਲਈ ਮੰਦੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਇਸ ਵਿੱਚ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਮੁਸਲਮਾਨਾਂ ਨੂੰ ਗਾਲਾਂ ਕੱਢਣ, ਔਰਤਾਂ ਦਾ ਹਿਜ਼ਾਬ ਹਟਾਉਣ, ਸਰੀਰਕ ਹਮਲਾ ਕਰਨ ਅਤੇ ਹਥਿਆਰ ਦੇ ਤੌਰ ਉੱਤੇ ਤੇਜ਼ਾਬ ਇਸਤੇਮਾਲ ਕਰਨ। ਚਿੱਠੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਜਿਹਾ ਕਰਨ ਉੱਤੇ ‘‘ਇਨਾਮ ਦਿੱਤੇ ਜਾਣਗੇ।’’ ਪੁਲਸ ਨੇ ਕਿਹਾ ਕਿ ਉਸ ਕੋਲ ਦੋ-ਤਿੰਨ ਚਿੱਠੀਆਂ ਹਨ, ਜਿਨ੍ਹਾਂ ਦੀ ਜਾਂਚ ਦੌਰਾਨ ਪਤਾ ਲਗਾਇਆ ਜਾਵੇਗਾ ਕਿ ਇਹ ਆਈਆਂ ਕਿਥੋਂ ਹਨ।

Facebook Comment
Project by : XtremeStudioz