Close
Menu

ਮੁੰਬਈ ਦੇ ਘਾਟਕੋਪਰ ਇਲਾਕੇ ’ਚ ਇਮਾਰਤ ਡਿੱਗੀ, 12 ਹਲਾਕ

-- 26 July,2017

ਮੁੰਬਈ,  ਇਥੇ ਨੀਮ ਸ਼ਹਿਰੀ ਘਾਟਕੋਪਰ ਇਲਾਕੇ ’ਚ ਅੱਜ ਸਵੇਰੇ ਚਾਰ ਮੰਜ਼ਿਲਾ ਇਮਾਰਤ ਡਿੱਗਣ ਨਾਲ 12 ਵਿਅਕਤੀ ਹਲਾਕ ਅਤੇ 11 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ। ਸਥਾਨਕ ਪ੍ਰਸ਼ਾਸਨ ਮੁਤਾਬਕ ਇਮਾਰਤ ਦੇ ਮਲਬੇ ਹੇਠ ਅਜੇ 20 ਦੇ ਕਰੀਬ ਲੋਕਾਂ ਦੇ ਫ਼ਸੇ ਹੋਣ ਦਾ ਖ਼ਦਸ਼ਾ ਹੈ, ਜਿਨ੍ਹਾਂ ’ਚ ਬਜ਼ੁਰਗਾਂ ਤੇ ਮਹਿਲਾਵਾਂ ਦੀ ਗਿਣਤੀ ਵੱਧ ਹੋ ਸਕਦੀ ਹੈ। ਬੀਐਮਸੀ ਦੇ ਫ਼ਾਇਰ ਬ੍ਰਿਗੇਡ ਵਿਭਾਗ ਅਤੇ ਕੌਮੀ ਆਫ਼ਤ ਰਿਸਪੌਂਸ ਫੋਰਸ(ਐਨਡੀਆਰਐਫ਼) ਦੀ ਮਦਦ ਨਾਲ ਕੰਕਰੀਟ ਮਲਬੇ ਨੂੰ ਹਟਾ ਕੇ ਪੀੜਤਾਂ ਦੀ ਭਾਲ ਜਾਰੀ ਹੈ। ਉਂਜ ਇਹਤਿਆਤ ਵਜੋਂ ਨੇੜਲੀਆਂ ਇਮਾਰਤਾਂ ਨੂੰ ਅਜੇ ਖਾਲੀ ਨਹੀਂ ਕਰਾਇਆ ਗਿਆ। ਇਮਾਰਤ 40 ਸਾਲ ਪੁਰਾਣੀ ਦੱਸੀ ਜਾਂਦੀ ਹੈ।
ਪ੍ਰਤੱਖ ਦਰਸ਼ੀਆਂ ਮੁਤਾਬਕ ਚਾਰ ਲੋਕਾਂ ਨੂੰ ਮਲਬੇ ਹੇਠੋਂ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਹੈ। ਘਾਟਕੋਪਰ ਦਾਮੋਦਰ ਪਾਰਕ ਸਥਿਤ ਇਸ ਇਮਾਰਤ ’ਚ 15 ਦੇ ਕਰੀਬ ਪਰਿਵਾਰ ਰਹਿੰਦੇ ਸਨ। ਮਲਬੇ ਹੇਠ ਫ਼ਸੇ ਲੋਕਾਂ ’ਚ ਵੱਡੀ ਗਿਣਤੀ ਬਜ਼ੁਰਗਾਂ ਤੇ ਮਹਿਲਾਵਾਂ ਦੇ ਹੋਣ ਦੀ ਸੰਭਾਵਨਾ ਹੈ। ਬੀਐਮਸੀ ਅਧਿਕਾਰੀ ਮੁਤਾਬਕ ਸਥਾਨਕ ਪ੍ਰਸ਼ਾਸਨ ਦੇ ਕੰਟਰੋਲ ਰੂਮ ਨੂੰ ਹਾਦਸੇ ਬਾਰੇ ਸਵੇਰੇ 10:43 ਵਜੇ ਫ਼ੋਨ ਆਇਆ ਤੇ ਫਾਇਰ ਇੰਜਨਾਂ, ਬਚਾਅ ਕਾਰਜਾਂ ਲਈ ਵੈਨਾਂ ਤੇ ਐਂਬੂਲੈਂਸਾਂ ਨੂੰ ਮੌਕੇ ’ਤੇ ਫ਼ੌਰੀ ਰਵਾਨਾ ਕਰ ਦਿੱਤਾ। ਬਚਾਅ ਕਾਰਜਾਂ ’ਚ ਲੱਗੇ ਅੱਗ ਬੁਝਾਊ ਅਮਲੇ ਦੇ ਅਧਿਕਾਰੀਆਂ ਮੁਤਾਬਕ ਹੁਣ ਤਕ 16 ਜਣਿਆਂ ਨੂੰ ਮਲਬੇ ਹੇਠੋਂ ਕੱਢ ਕੇ ਨੇੜਲੇ ਹਸਪਤਾਲਾਂ ’ਚ ਭੇਜਿਆ ਜਾ ਚੁੱਕਾ ਹੈ। ਇਕ ਮੁਕਾਮੀ ਵਾਸੀ ਮੁਤਾਬਕ ਇਮਾਰਤ 35 ਸਾਲ ਪੁਰਾਣੀ ਸੀ। ਮੁੰਬਈ ਫ਼ਾਇਰ ਬ੍ਰਿਗੇਡ ਦੇ ਚੀਫ਼ ਫਾਇਰ ਅਧਿਕਾਰੀ ਰਹਾਂਗਦਾਲੇ ਨੇ ਕਿਹਾ ਬਚਾਅ ਕਾਰਜਾਂ ਦੌਰਾਨ ਉਨ੍ਹਾਂ ਦੇ ਅਮਲੇ ਦੇ ਦੋ ਮੈਂਬਰ ਵੀ ਜ਼ਖ਼ਮੀ ਹੋ ਗਏ।
ਉਧਰ ਮੁੰਬਈ ਪੁਲੀਸ ਨੇ ਇਲਾਕੇ ਨੂੰ ਘੇਰਾ ਪਾ ਕੇ ਲਾਲ ਬਹਾਦਰ ਸ਼ਾਸਤਰੀ ਰੋਡ ਨੂੰ ਬਲਾਕ ਕਰ ਦਿੱਤਾ ਤਾਂ ਕਿ ਮਲਬੇ ਹੇਠੋਂ ਕੱਢੇ ਲੋਕਾਂ ਨੂੰ ਫ਼ੌਰੀ ਹਸਪਤਾਲ ਪਹੁੰਚਾਇਆ ਜਾ ਸਕੇ। ਇਮਾਰਤ ’ਚ ਰਹਿੰਦੇ ਰਾਜੇਸ਼ ਦਿਓਰਾ ਨੇ ਕਿਹਾ ਕਿ ਇਮਾਰਤ ਦੀ ਗਰਾਊਂਡ ਫਲੋਰ ’ਤੇ ਕੁਝ ਵਪਾਰਕ ਸਰਗਰਮੀਆਂ ਚੱਲ ਰਹੀਆਂ ਸਨ, ਜੋ ਸ਼ਾਇਦ ਇਮਾਰਤ ਦੇ ਢਹਿ ਢੇਰੀ ਹੋਣ ਦੀ ਵਜ੍ਹਾ ਹੋ ਸਕਦੀ ਹੈ। ਹਾਲਾਂਕਿ ਮੁਕਾਮੀ ਲੋਕਾਂ ਮੁਤਾਬਕ ਇਮਾਰਤ ਖ਼ਤਰਨਾਕ ਇਮਾਰਤਾਂ ਦੀ ਸ਼੍ਰੇਣੀ ’ਚ ਸ਼ੁਮਾਰ ਨਹੀਂ ਸੀ। ਇਸ ਦੌਰਾਨ ਰਾਇਟਰਜ਼ ਦੀ ਖ਼ਬਰ ਅਨੁਸਾਰ ਇਮਾਰਤ ਦੀ ਗਰਾਊਂਡ ਫ਼ਲੋਰ ’ਤੇ ਨਰਸਿੰਗ ਹੋਮ ਸੀ, ਜੋ ਕਿ ਫ਼ਿਲਹਾਲ ਰੈਨੋਵੇਸ਼ਨ ਕਰਕੇ ਖਾਲੀ ਸੀ ਜਦਕਿ ਪੂਰੀ ਇਮਾਰਤ ਵਿੱਚ ਹਰ ਮੰਜ਼ਿਲ ’ਤੇ ਤਿੰਨ ਤੋਂ ਚਾਰ ਪਰਿਵਾਰ ਰਹਿੰਦੇ ਸੀ।

Facebook Comment
Project by : XtremeStudioz