Close
Menu

ਮੁੱਖਾ ਕਤਲ ਕੇਸ: 9 ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਦੋਸ਼ ਆਇਦ

-- 23 March,2018

ਅੰਮ੍ਰਿਤਸਰ, ਪੁਲੀਸ ਕਰਮਚਾਰੀਆਂ ਵੱਲੋਂ ਜੂਨ 2015 ਵਿੱਚ ਕਥਿਤ ਤੌਰ ’ਤੇ ਭੁਲੇਖੇ ਨਾਲ ਗੋਲੀਆਂ ਮਾਰ ਕੇ ਹਲਾਕ ਕੀਤੇ ਅਕਾਲੀ ਆਗੂ ਮੁਖਜੀਤ ਸਿੰਘ ਮੁੱਖਾ ਮਾਮਲੇ ਵਿੱਚ ਅੱਜ ਵਧੀਕ ਸੈਸ਼ਨ ਜੱਜ ਦੀ ਅਦਾਲਤ ਵੱਲੋਂ 9 ਪੁਲੀਸ ਕਰਮਚਾਰੀਆਂ ਖ਼ਿਲਾਫ਼ ਦੋਸ਼ ਆਇਦ ਕੀਤੇ ਗਏ ਹਨ।
ਇਨ੍ਹਾਂ ਪੁਲੀਸ ਕਰਮਚਾਰੀਆਂ ਵਿੱਚ ਸਬ ਇੰਸਪੈਕਟਰ ਰਮੇਸ਼ ਕੁਮਾਰ, ਏਐਸਆਈ ਜੋਗਿੰਦਰ ਸਿੰਘ, ਹੈੱਡ ਕਾਂਸਟੇਬਲ ਰਜੇਸ਼ ਕੁਮਾਰ, ਜਸਬੀਰ ਸਿੰਘ, ਸੰਦੀਪ ਕੁਮਾਰ, ਰਣਬੀਰ ਸਿੰਘ, ਰਾਜ ਕੁਮਾਰ ਅਤੇ ਕਾਂਸਟੇਬਲ ਨਵਜੋਤ ਸਿੰਘ ਤੇ ਸਤਿੰਦਰ ਸਿੰਘ ਸ਼ਾਮਲ ਹਨ। ਇਸ ਸਬੰਧੀ ਸੀਨੀਅਰ ਵਕੀਲ ਪੁਨੀਤ ਜ਼ਖ਼ਮੀ ਨੇ ਅਦਾਲਤ ਦੀ ਅੱਜ ਦੀ ਕਾਰਵਾਈ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਅਦਾਲਤ ਵੱਲੋਂ ਕੇਸ ਸਬੰਧੀ ਅਗਲੀ ਸੁਣਵਾਈ 12 ਅਪਰੈਲ ਨੂੰ ਕੀਤੀ ਜਾਵੇਗੀ। ਇਸ ਕੇਸ ਵਿੱਚ ਕਾਰਵਾਈ ਕਰਦਿਆਂ ਪੁਲੀਸ ਵੱਲੋਂ 2016 ਵਿੱਚ 9 ਪੁਲੀਸ ਕਰਮਚਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਪੁਲੀਸ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਇਹ ਕਾਰਵਾਈ ਗ਼ਲਤ ਸ਼ਨਾਖ਼ਤ ਕਾਰਨ ਹੋਈ ਹੈ। ਪੁਲੀਸ ਵੱਲੋਂ ਕਿਸੇ ਗੈਂਗਸਟਰ ’ਤੇ ਗੋਲੀ ਚਲਾਈ ਗਈ ਸੀ, ਨਾ ਕਿ ਅਕਾਲੀ ਆਗੂ ’ਤੇ। ਪੀੜਤ ਪਰਿਵਾਰ ਵੱਲੋਂ ਪੁਲੀਸ ਦੇ ਇਸ ਪੱਖ ਨਾਲ ਅਸਹਿਮਤੀ ਪ੍ਰਗਟਾਉਂਦਿਆਂ ਸਥਾਨਕ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਪੁਲੀਸ ਕਰਮਚਾਰੀਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ ਸੀ। ਪਰਿਵਾਰ ਨੇ ਦੋਸ਼ ਲਾਇਆ ਸੀ ਕਿ ਇਹ ਯੋਜਨਾਬੰਦ ਢੰਗ ਨਾਲ ਕੀਤਾ ਕਤਲ ਹੈ। ਮਾਮਲੇ ਦੀ ਜਾਂਚ ਲਈ ਸਰਕਾਰ ਵੱਲੋਂ ਉਸ ਵੇਲੇ ਦੇ ਆਈਜੀ ਨਾਗੇਸ਼ਵਰ ਰਾਓ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਬਣਾਈ ਸੀ, ਜਿਸ ਨੇ ਆਪਣੀ ਜਾਂਚ ਵਿੱਚ ਇਨ੍ਹਾਂ ਪੁਲੀਸ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਦੀ ਸਿਫ਼ਾਰਸ਼ ਕੀਤੀ ਸੀ। ਮਗਰੋਂ ਅਗਸਤ 2017 ਵਿੱਚ ਸਥਾਨਕ ਅਦਾਲਤ ਵੱਲੋਂ ਇਨ੍ਹਾਂ ਪੁਲੀਸ ਕਰਮਚਾਰੀਆਂ ਨੂੰ ਸੰਮਨ ਜਾਰੀ ਕੀਤੇ ਗਏ ਸਨ। ਇਸੇ ਮਾਮਲੇ ਵਿੱਚ ਪੁਲੀਸ ਦੇ ਡਿਪਟੀ ਕਮਿਸ਼ਨਰ ਪਰਮਪਾਲ ਸਿੰਘ ਨੂੰ ਆਈਪੀਸੀ ਦੀ ਧਾਰਾ 201 ਹੇਠ ਸੰਮਨ ਕੀਤਾ ਗਿਆ ਸੀ। ਮਗਰੋਂ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ। ਹੁਣ ਵੀ ਅਦਾਲਤ ਵੱਲੋਂ ਇਸ ਪੁਲੀਸ ਅਧਿਕਾਰੀ ਖ਼ਿਲਾਫ਼ ਕੋਈ ਦੋਸ਼ ਆਇਦ ਨਹੀਂ ਕੀਤੇ ਗਏ ਹਨ, ਕਿਉਂਕਿ ਉਸ ਦੀ ਅਪੀਲ ਦਾ ਮਾਮਲਾ ਹਾਈ ਕੋਰਟ ਵਿੱਚ ਵਿਚਾਰ ਅਧੀਨ ਹੈ। ਦੱਸਣਯੋਗ ਹੈ ਕਿ ਪੁਲੀਸ ਦੇ ਨਾਰਕੋਟਿਕਸ ਵਿੰਗ ਦੀ ਟੀਮ ਵੱਲੋਂ ਜੂਨ 2015 ਦੀ ਸ਼ਾਮ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮੁਖਜੀਤ ਸਿੰਘ ਮੁੱਖਾ ਨੂੰ    ਪਿੰਡ ਮੂਧਲ ਨੇੜੇ ਗੋਲੀਆਂ ਮਾਰੀਆਂ ਗਈਆਂ ਸਨ। ਪੁਲੀਸ ਨੇ ਦਾਅਵਾ ਕੀਤਾ ਸੀ ਕਿ ਇਹ ਹਮਲਾ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਕਾਰ ’ਤੇ ਕੀਤਾ ਸੀ।

Facebook Comment
Project by : XtremeStudioz