Close
Menu

ਮੁੱਖ ਮੰਤਰੀ ਨੈਤਿਕ ਆਧਾਰ ’ਤੇ ਸੱਤਾ ਤੋਂ ਹਟ ਜਾਣ: ਸੰਜੈ ਸਿੰਘ

-- 19 February,2018

ਅੰਮ੍ਰਿਤਸਰ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੈ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਦੋਸ਼ ਹੇਠ ਨੈਤਿਕ ਆਧਾਰ ’ਤੇ ਸੱਤਾ ਤੋਂ ਹਟ ਜਾਣਾ ਚਾਹੀਦਾ ਹੈ। ਉਹ ਰਾਜ ਸਭਾ ਮੈਂਬਰ ਬਣਨ ਮਗਰੋਂ ਹਰਿਮੰਦਰ ਸਾਹਿਬ ਸ਼ੁਕਰਾਨੇ ਵਜੋਂ ਮੱਥਾ ਟੇਕਣ ਲਈ ਆਏ ਸਨ।
ਮੀਡੀਆ ਨਾਲ ਗੱਲਬਾਤ ਮੌਕੇ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਲੁਭਾਵਣੇ ਵਾਅਦੇ ਕੀਤੇ ਸਨ, ਜੋ ਹੁਣ ਤਕ ਪੂਰੇ ਨਹੀਂ ਹੋਏ। ਇਸ ਲਈ ਮੁੱਖ ਮੰਤਰੀ ਨੂੰ ਨੈਤਿਕ ਆਧਾਰ ’ਤੇ ਸੱਤਾ ਤੋਂ ਹਟ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਸ਼ੇ ਖ਼ਤਮ ਕਰਨ ਦਾ ਵਾਅਦਾ ਪੂਰਾ ਨਹੀਂ ਕੀਤਾ ਗਿਆ ਅਤੇ ਨਾ ਹੀ ਇਸ ਨਾਲ ਜੁੜੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬਾਦਲਾਂ ਅਤੇ ਹੋਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਬਾਰੇ ਉਨ੍ਹਾਂ ਕਿਹਾ ਕਿ ਕੈਪਟਨ ਅਤੇ ਬਿਕਰਮ ਸਿੰਘ ਮਜੀਠੀਆ ਆਪਸ ਵਿੱਚ ਚਾਚਾ-ਭਤੀਜਾ ਹਨ। ਇਹ ਚਾਚੇ-ਭਤੀਜੇ ਦੀ ਸਰਕਾਰ ਚੱਲ ਰਹੀ ਹੈ। ਜਦੋਂ ਤਕ ਸੱਤਾ ਵਿੱਚ ਕਾਂਗਰਸ ਸਰਕਾਰ ਰਹੇਗੀ, ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਨਵਜੋਤ ਸਿੱਧੂ ਉਭਾਰ ਰਹੇ ਹਨ, ਪਰ ਕੋਈ ਕਾਰਵਾਈ ਨਹੀਂ ਹੋ ਰਹੀ।
‘ਆਪ’ ਆਗੂ ਨੇ ਕੇਂਦਰ ਸਰਕਾਰ ‘ਤੇ ਵੀ ਦੋਸ਼ ਲਾਇਆ ਕਿ ਇਹ ਭ੍ਰਿਸ਼ਟਾਚਾਰੀਆਂ ਨਾਲ ਮਿਲੀ ਹੋਈ ਹੈ। ਉਨ੍ਹਾਂ ਵਿਜੈ ਮਾਲਿਆ, ਲਲਿਤ ਮੋਦੀ ਤੇ ਨੀਰਵ ਮੋਦੀ ਆਦਿ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਵਿਅਕਤੀ ਹਜ਼ਾਰਾਂ ਕਰੋੜਾਂ ਰੁਪਏ ਦਾ ਘਪਲਾ ਕਰ ਕੇ ਸੁਰੱਖਿਅਤ ਬਾਹਰ ਚਲੇ ਗਏ ਹਨ ਅਤੇ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। ‘ਆਪ’ ਦੇ ਸੰਸਦੀ ਸਕੱਤਰਾਂ ਖ਼ਿਲਾਫ਼ ਹੋਈ ਕਾਰਵਾਈ ਬਾਰੇ ਗੱਲ ਕਰਦਿਆਂ ਉਨ੍ਹਾਂ ਮੋਦੀ ਸਰਕਾਰ ‘ਤੇ ਦੋਸ਼ ਲਾਇਆ ਕਿ ‘ਆਪ’ ਵਿਧਾਇਕਾਂ ਦੀ ਮੈਂਬਰਸ਼ਿਪ ਸਰਕਾਰ ਦੀ ਮਿਲੀਭੁਗਤ ਨਾਲ ਰੱਦ ਹੋਈ ਹੈ। ਉਨ੍ਹਾਂ ਦੁਰਗਿਆਣਾ ਮੰਦਿਰ ਵਿਖੇ ਮੱਥਾ ਟੇਕਿਆ।

‘ਮਾਣਹਾਨੀ ਕੇਸ ਬਾਰੇ ਸੁਪਰੀਮ ਕੋਰਟ ਨੋਟਿਸ ਲਵੇ’ 
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਪੰਜ ਹਜ਼ਾਰ ਕਰੋੜ ਦੇ ਮਾਣਹਾਨੀ ਕੇਸ ਦਾ ਸਾਹਮਣਾ ਕਰ ਰਹੇ ਸੰਜੇ ਸਿੰਘ ਨੇ ਕਿਹਾ ਕਿ ਮਾਣਹਾਨੀ ਕੇਸ ਬਾਰੇ ਸੁਪਰੀਮ ਕੋਰਟ ਨੂੰ ਨੋਟਿਸ ਲੈਣਾ ਚਾਹੀਦਾ ਹੈ ਕਿ ਇਸ ਦਾ ਦੁਰਉਪਯੋਗ ਰੋਕਿਆ ਜਾਵੇ, ਕਿਉਂਕਿ  ਨਹੀਂ ਤਾਂ ਮਾਣਹਾਨੀ ਕੇਸ ਮਜ਼ਾਕ ਬਣ ਕੇ ਰਹਿ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਫਰਾਂਸ ਤੋਂ 500 ਕਰੋੜ ਰੁਪਏ ਪ੍ਰਤੀ ਜਹਾਜ਼ ਖ਼ਰੀਦੇ ਜਾਣ ਵਾਲੇ ਜਹਾਜ਼ਾਂ ਦੀ ਕੀਮਤ ਮੋਦੀ ਸਰਕਾਰ ਸਮੇਂ 1500 ਕਰੋੜ ਹੋਣ ਦਾ ਮੁੱਦਾ ਰਾਜ ਸਭਾ ਅਤੇ ਮੀਡੀਆ ਵਿੱਚ ਉਠਾਇਆ ਸੀ ਜਿਸ ’ਤੇ ਰਿਲਾਇੰਸ ਗਰੁੱਪ ਨੇ ਉਨ੍ਹਾਂ ਉੱਪਰ ਪੰਜ ਹਜ਼ਾਰ ਕਰੋੜ ਦਾ ਮਾਣਹਾਨੀ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਬਿਆਨ ’ਤੇ ਅੱਜ ਵੀ ਕਾਇਮ ਹਨ ਤੇ ਪਿੱਛੇ ਹਟਣ ਵਾਲੇ ਨਹੀਂ ਹਨ।

Facebook Comment
Project by : XtremeStudioz