Close
Menu

ਮੈਂ

-- 05 August,2013

maain

ਮੈਂ
ਹਜ਼ਾਰਾਂ ਵਰਿਆਂ ਤੋਂ ਵੇਖਦੀ ਆ ਰਹੀ ਹਾਂ
ਕੁਝ ਵੀ ਨਹੀਂ ਬਦਲਿਆ
ਕੁਝ ਵੀ ਤਾਂ ਨਹੀਂ ਬਦਲਿਆ
ਜਦੋਂ ਜਨਮ ਹੋਇਆ ਸੀ
ਤੇਰਾ ਤੇ ਮੇਰਾ
ਅਸੀਂ ਦੋਹੇਂ ਇੱਕੋ ਜਿਹੇ ਸਾਂ
ਇੱਕੋ ਕੱਦ ਦੇ

ਵਰੇ ਗੁਜ਼ਰਦੇ ਗਏ
ਮੈਂ ਤੇ ਤੂੰ
ਵੱਡੇ ਹੁੰਦੇ ਗਏ
ਤੇਰਾ ਕੱਦ ਵਧਦਾ ਗਿਆ
ਮੈਂ ਤੱਕਦੀ ਰਹੀ
ਮੇਰਾ ਵੀ ਕੱਦ ਵਧ ਰਿਹਾ ਹੈ

ਤੂੰ ਵੱਡਾ ਹੋ ਗਿਆ
ਬੜਾ ਸਮਝਦਾਰ ਬਣ ਗਿਆ
ਤੇਰੇ ਨਾਲ ਮੈਂ ਵੀ ਵੱਡੀ ਹੋਈ
ਮੈਂ ਬੜੀ ਸੋਹਣੀ ਹੋ ਗਈ
ਤੂੰ ਬਲਵਾਨ ਹੋ ਗਿਆ
ਮੈਂ ਫੁੱਲ ਬਣ ਗਈ
ਤੂੰ ਰਾਮ ਕਹਾਇਆ
ਮੈਂ ਅਗਨੀ ਪ੍ਰੀਖਿਆ ਦੇ ਦਿੱਤੀ

ਤੂੰ ਮੈਨੂੰ ਬੜਾ ਪਿਆਰ ਦਿੱਤਾ
ਮੈਂ ਧੀ ਬਣਕੇ ਤੇਰੀ ਗੋਲੀ ਬਣੀ ਰਹੀ
ਤੂੰ ਮੇਰਾ ਬੜਾ ਸਾਥ ਦਿੱਤਾ
ਮੈਂ ਤੈਨੂੰ ਰੱਖੜੀ ਬੰਨਦੀ ਰਹੀ

ਤੂੰ ਮੈਨੂੰ ਲਕਸ਼ਮੀ ਬਣਾਇਆ
ਮੈਂ ਤੈਨੂੰ ਦਿਓਤਾ ਕਹਿੰਦੀ ਰਹੀ
ਮੈਂ ਤੈਨੂੰ ਜਨਮ ਦਿੱਤਾ
ਤੂੰ ਮੇਰੀ ਪੂਜਾ ਕੀਤੀ

ਵਕਤ ਹੋਰ ਗੁਜ਼ਰਿਆ
ਤੂੰ ਸਾਧ ਹੋ ਗਿਆ
ਤੂੰ ਮੈਥੋਂ ਮਾਂ ਹੋਣ ਦਾ
ਹੱਕ ਹੀ ਖੋਹ ਲਿਆ
ਮੈਂ ਮੇਨਕਾ ਬਣ ਗਈ

ਵਕਤ ਥੋੜਾ ਹੋਰ ਗੁਜ਼ਰਿਆ
ਤੂੰ ਚੰਨ ਤੇ ਜਾ ਬੈਠਾ
ਤੇ ਮੈਂ ਮੇਨਕਾ ਵੀ ਨਾ ਰਹੀ
ਮੇਰੀ ਬਸ ਗਿੱਚੀ ਰਹਿ ਗਈ

ਤੇ ਬਦਨ…………।

Facebook Comment
Project by : XtremeStudioz