Close
Menu

ਮੈਕਸ ਹਸਪਤਾਲ ਦਾ ਲਾਇਸੈਂਸ ਰੱਦ

-- 09 December,2017

ਨਵੀਂ ਦਿੱਲੀ, 9 ਦਸੰਬਰ
ਇਥੇ ਸ਼ਾਲੀਮਾਰ ਸਥਿਤ ਮੈਕਸ ਹਸਪਤਾਲ ਦਾ ਦਿੱਲੀ ਸਰਕਾਰ ਨੇ ਅੱਜ ਲਾਇਸੈਂਸ ਰੱਦ ਕਰ ਦਿੱਤਾ ਹੈ। ਦੱਸਣਯੋਗ ਹੈ ਕਿ 30 ਨਵੰਬਰ ਨੂੰ ਪੈਦਾ ਹੋਏ ਜੌੜੇ ਬੱਚਿਆਂ ’ਚੋਂ ਇੱਕ ਨੂੰ ਜ਼ਿੰਦਾ ਹੋਣ ਦੇ ਬਾਵਜੂਦ ਇਸ ਹਸਪਤਾਲ ਦੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਸੀ। ਇਸ ਹਸਪਤਾਲ ਵੱਲੋਂ ਕਥਿਤ ਦੋਸ਼ੀ ਦੋ ਡਾਕਟਰਾਂ ਨੂੰ ਪਹਿਲਾਂ ਹੀ ਕੱਢਿਆ ਜਾ ਚੁੱਕਾ ਹੈ। ਦਿੱਲੀ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਕਾਇਮ ਕੀਤੀ ਸੀ, ਜਿਸ ਦੀ ਰਿਪੋਰਟ ਦੇ ਆਧਾਰ ’ਤੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਇਹ ਫ਼ੈਸਲਾ ਕੀਤਾ ਹੈ। ਸ੍ਰੀ ਜੈਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਜਿਹੀ ਅਪਰਾਧਕ ਅਣਗਿਹਲੀ ਹਰਗਿਜ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਦਿੱਲੀ ਸਰਕਾਰ ਨੇ ਮੈਕਸ ਹਸਪਤਾਲ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਕਸ ਹਸਪਤਾਲ ਨੂੰ ਵੱਖ ਵੱਖ ਮਸਲਿਆਂ ਵਿੱਚ ਪਹਿਲਾਂ ਵੀ ਤਿੰਨ ਨੋਟਿਸ ਦਿੱਤੇ ਗਏ ਸਨ, ਜਿਨ੍ਹਾਂ ’ਚ ਉਸ ਦੀਆਂ ਖਾਮੀਆਂ ਸਾਹਮਣੇ ਆਈਆਂ ਸਨ। ਇਹ ਨੋਟਿਸ ਸਰਕਾਰ ਤੋਂ ਸਸਤੀ ਜ਼ਮੀਨ ਲੈਣ ਵਾਲੇ ਹਸਪਤਾਲਾਂ ਵੱਲੋਂ ਗ਼ਰੀਬਾਂ ਨੂੰ ਇਲਾਜ ਵਿੱਚ ਦਿੱਤੀ ਜਾਂਦੀ ਛੋਟ ਦੀ ਪਾਲਣਾ ਨਾ ਕਰਨ ਕਰਕੇ ਜਾਰੀ ਕੀਤੇ ਸਨ। ਇਨ੍ਹਾਂ ਨੋਟਿਸਾਂ ਕਰਕੇ ਅਤੇ ਹੁਣ ਦੇ ਮਾਮਲੇ ’ਚ ਇਹ ਕਾਰਵਾਈ ਕੀਤੀ  ਗਈ ਹੈ।  ਮੈਕਸ ਹਸਪਤਾਲ ਦੇ ਪ੍ਰਬੰਧਕਾਂ ਨੇ ਦਿੱਲੀ ਸਰਕਾਰ ਦੀ ਕਾਰਵਾਈ ਨੂੰ ਕਠੋਰ ਦੱਸਦਿਆਂ ਕਿਹਾ ਕਿ ਵਿਅਕਤੀਗਤ ਗ਼ਲਤੀ ਲਈ ਹਸਪਤਾਲ ਨੂੰ ਦੋਸ਼ੀ ਠਹਿਰਾਉਣਾ ਗਲਤ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਕੇ.ਕੇ. ਅਗਰਵਾਲ ਨੇ ਕਿਹਾ ਕਿ ਇਹ ਸਖ਼ਤ ਫ਼ੈਸਲਾ ਹੈ।

Facebook Comment
Project by : XtremeStudioz