Close
Menu

ਮੈਨਚੈਸਟਰ ਹਮਲਾ: ਸੁਰੱਖਿਆ ਦਸਤਿਆਂ ਵੱਲੋਂ ਫੜੋ-ਫੜੀ ਤੇਜ਼

-- 25 May,2017

ਲੰਡਨ, ਇੱਥੇ ਸੰਗੀਤਕ ਪ੍ਰੋਗਰਾਮ (ਕਨਸਰਟ) ਵਿੱਚ ਹੋਏ ਆਤਮਘਾਤੀ ਬੰਬ ਧਮਾਕੇ ਸਬੰਧੀ ਮੈਨਚੈਸਟਰ ਵਿੱਚ ਤਿੰਨ ਹੋਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਇਹ ਗ੍ਰਿਫ਼ਤਾਰੀਆਂ ਅਜਿਹੇ ਸਮੇਂ ਹੋਈਆਂ ਹਨ, ਜਦੋਂ 22 ਜਣਿਆਂ ਦੀ ਜਾਨ ਲੈਣ ਵਾਲੇ ਇਸ ਧਮਾਕੇ ਦੇ ਜ਼ਖ਼ਮੀਆਂ ਦੀ ਗਿਣਤੀ 59 ਤੋਂ ਵਧ ਕੇ 119 ਹੋ ਗਈ। ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਲਿਬੀਆਈ ਮੂਲ ਦਾ ਹਮਲਾਵਰ ਇਕੱਲਾ ਇਸ ਧਮਾਕੇ ਲਈ ਜ਼ਿੰਮੇਵਾਰ ਨਹੀਂ ਹੋ ਸਕਦਾ। ਗਰੇਟਰ ਮੈਨਚੈਸਟਰ ਪੁਲੀਸ ਨੇ ਬਿਆਨ ਵਿੱਚ ਕਿਹਾ ਕਿ ਸੋਮਵਾਰ ਰਾਤੀਂ ਮਾਨਚੈਸਟਰ ਐਰਿਨਾ ਵਿੱਚ ਹੋਏ ਹਮਲੇ ਦੀ ਜਾਂਚ ਸਬੰਧੀ ਦੱਖਣੀ ਮਾਨਚੈਸਟਰ ਵਿੱਚੋਂ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਹਮਲੇ ਪਿੱਛੋਂ ਕੱਲ 23 ਸਾਲਾ ਵਿਅਕਤੀ ਨੂੰ  ਕਾਬੂ ਕੀਤਾ ਗਿਆ ਸੀ। ਉਸ ਦੀ ਪਛਾਣ ਹਮਲਾਵਰ ਸਲਮਾਨ ਅਬੇਦੀ (22) ਦੇ ਭਰਾ ਇਸਮਾਇਲ ਅਬੇਦੀ ਵਜੋਂ ਹੋਈ। ਨਵੀਆਂ ਗ੍ਰਿਫ਼ਤਾਰੀਆਂ ਨਾਲ ਇਸ ਕੇਸ ਸਬੰਧੀ ਹਿਰਾਸਤ ਵਿੱਚ ਲਏ ਵਿਅਕਤੀਆਂ ਦੀ ਗਿਣਤੀ ਵਧ ਕੇ ਚਾਰ ਹੋ ਗਈ। ਬਰਤਾਨੀਆ ਦੇ ਗ੍ਰਹਿ ਮੰਤਰੀ ਅੰਬਰ ਰੱਡ ਨੇ ਕਿਹਾ ਕਿ ਅਬੇਦੀ ਨੂੰ ਸੁਰੱਖਿਆ ਏਜੰਸੀਆਂ ਜਾਣਦੀਆਂ ਸਨ ਅਤੇ ਉਸ ਦੇ ਅਲ ਕਾਇਦਾ ਅਤੇ ਇਸਲਾਮਿਕ ਸਟੇਟ ਨਾਲ ਸਬੰਧਾਂ ਦਾ ਪਤਾ ਲਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਹਾਲੀਆ ਹੋਏ ਹਮਲਿਆਂ ਨੂੰ ਦੇਖਦਿਆਂ ਇਹ ਜਾਪਦਾ ਹੈ ਕਿ ਅਬੇਦੀ ਨੇ ਇਕੱਲੇ ਨੇ ਇਹ ਕਾਰਾ ਨਹੀਂ ਕੀਤਾ। ਇਸ ਦੌਰਾਨ ਬਰਤਾਨੀਆ ਦੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੇ ਕਿਹਾ ਕਿ ਦੇਸ਼ ਨੇ ਇਸ ਖਤਰੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਸੈਨਿਕਾਂ ਨੂੰ ਗਲੀਆਂ ਵਿੱਚ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਉਂਕਿ ਇਸ ਹਮਲੇ ਤੋਂ ਬਾਅਦ ਦੂਜਾ ਅਤਿਵਾਦੀ ਹਮਲਾ ਵੀ ਅਟਲ ਜਾਪਦਾ ਹੈ। ਇਸ ਕਦਮ ਦਾ ਮਤਲਬ ਹੈ ਕਿ ਅਹਿਮ ਥਾਵਾਂ ਦੀ ਸੁਰੱਖਿਆ ਲਈ ਹੁਣ ਫੌਜ ਤਾਇਨਾਤ ਹੋਵੇਗੀ। ਦੂਜੇ ਪਾਸੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੌਨ ਨੇ ਮਾਨਚੈਸਟਰ ਹਮਲੇ ਮਗਰੋਂ ਫਰਾਂਸ ਵਿੱਚ ਐਮਰਜੈਂਸੀ ਵਿੱਚ ਵਾਧੇ ਦੀ ਮੰਗ ਕੀਤੀ ਹੈ। ਇਸਲਾਮਿਕ ਸਟੇਟ ਵੱਲੋਂ 2015 ਵਿੱਚ ਕੀਤੇ ਹਮਲੇ ਤੋਂ ਬਾਅਦ ਫਰਾਂਸ ਵਿੱਚ ਐਮਰਜੈਂਸੀ ਲੱਗੀ ਹੋਈ ਹੈ।     

Facebook Comment
Project by : XtremeStudioz