Close
Menu

ਮੈਲਬਰਨ ਟੈਸਟ: ਪੁਜਾਰਾ ਦਾ ਸੈਂਕੜਾ, ਭਾਰਤ ਦੀ ਸਥਿਤੀ ਮਜ਼ਬੂਤ

-- 28 December,2018

ਮੈਲਬਰਨ, 28 ਦਸੰਬਰ
ਭਾਰਤ ਨੇ ਐਮਸੀਜੀ ਦੀ ਮੁਸ਼ਕਲ ਪਿੱਚ ’ਤੇ ਤੀਜੇ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਅੱਜ ਆਪਣੀ ਪਹਿਲੀ ਪਾਰੀ ਸੱਤ ਵਿਕਟਾਂ ’ਤੇ 443 ਦੌੜਾਂ ਬਣਾ ਕੇ ਖ਼ਤਮ ਕਰਨ ਦਾ ਐਲਾਨ ਕੀਤਾ। ਆਸਟਰੇਲੀਆ ਨੇ ਇਸ ਦੇ ਜਵਾਬ ਵਿੱਚ ਸ਼ੁਰੂਆਤ ਕਰਦਿਆਂ ਦੂਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਬਿਨਾਂ ਨੁਕਸਾਨ ਦੇ ਅੱਠ ਦੌੜਾਂ ਦਾ ਸਕੋਰ ਬਣਾਇਆ। ਉਹ ਅਜੇ ਭਾਰਤ ਤੋਂ 435 ਦੌੜਾਂ ਪਿੱਛੇ ਹੈ।
ਭਾਰਤ ਵੱਲੋਂ ਚੇਤੇਸ਼ਵਰ ਪੁਜਾਰਾ (106 ਦੌੜਾਂ) ਦਾ ਸੈਂਕੜਾ ਅਤੇ ਕਪਤਾਨ ਵਿਰਾਟ ਕੋਹਲੀ (82 ਦੌੜਾਂ), ਮਯੰਕ ਅਗਰਵਾਲ (76 ਦੌੜਾਂ) ਅਤੇ ਰੋਹਿਤ ਸ਼ਰਮਾ (ਨਾਬਾਦ 63 ਦੌੜਾਂ) ਦੇ ਨੀਮ ਸੈਂਕੜੇ ਖਿੱਚ ਦਾ ਕੇਂਦਰ ਰਹੇ। ਪੁਜਾਰਾ ਅਤੇ ਕੋਹਲੀ ਨੇ ਤੀਜੀ ਵਿਕਟ ਲਈ 170 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਮਗਰੋਂ ਰੋਹਿਤ ਨੇ ਅਜਿੰਕਿਆ ਰਹਾਣੇ (34 ਦੌੜਾਂ) ਨਾਲ 62 ਦੌੜਾਂ ਅਤੇ ਰਿਸ਼ਭ ਪੰਤ (39 ਦੌੜਾਂ) ਨਾਲ 76 ਦੌੜਾਂ ਦੀਆਂ ਦੋ ਸ਼ਾਨਦਾਰ ਸਾਂਝੇਦਾਰੀਆਂ ਨਿਭਾਈਆਂ।
ਪੈਟ ਕਮਿਨਜ਼ ਆਸਟਰੇਲੀਆ ਦਾ ਸਭ ਤੋਂ ਸਫਲ ਗੇਂਦਬਾਜ਼ ਰਿਹਾ। ਉਸ ਨੇ 72 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਮਿਸ਼ੇਲ ਸਟਾਰਕ ਨੇ 87 ਦੌੜਾਂ ਦੇ ਕੇ ਦੋ, ਜਦਕਿ ਜੋਸ਼ ਹੇਜ਼ਲਵੁੱਡ ਅਤੇ ਨਾਥਨ ਲਿਓਨ ਨੇ ਇੱਕ-ਇੱਕ ਵਿਕਟ ਲਈ। ਕੋਹਲੀ ਨੇ ਪਾਰੀ ਖ਼ਤਮ ਕਰਨ ਦਾ ਐਲਾਨ ਕੀਤਾ, ਜਿਸ ਮਗਰੋਂ ਆਸਟਰੇਲੀਆ ਨੇ ਦਿਨ ਦੇ ਬਾਕੀ ਬਚੇ ਛੇ ਓਵਰਾਂ ਦੌਰਾਨ ਕੋਈ ਜ਼ੋਖ਼ਮ ਨਹੀਂ ਲਿਆ। ਉਸ ਦੇ ਸਲਾਮੀ ਬੱਲੇਬਾਜ਼ਾਂ ਮਾਰਕਸ ਹੈਰਿਸ (ਨਾਬਾਦ ਪੰਜ) ਅਤੇ ਆਰੋਨ ਫਿੰਚ (ਨਾਬਾਦ ਤਿੰਨ) ਨੇ ਇਸ ਦੌਰਾਨ ਵਿਕਟਾਂ ਸੁਰੱਖਿਅਤ ਰੱਖਣ ਨੂੰ ਤਰਜੀਹ ਦਿੱਤੀ। ਇਸ ਦੌਰਾਨ ਜਸਪ੍ਰੀਤ ਬੁਮਰਾਹ ਦੀ ਗੇਂਦ ਹੈਰਿਸ ਦੇ ਹੈਲਮਟ ਨੂੰ ਵੀ ਲੱਗੀ, ਜਿਸ ਕਾਰਨ ਕੁੱਝ ਸਮਾਂ ਖੇਡ ਰੁਕੀ ਰਹੀ। ਭਾਰਤ ਨੇ ਸਵੇਰੇ ਦੋ ਵਿਕਟਾਂ ’ਤੇ 215 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਕੋਹਲੀ ਨੇ ਦਿਨ ਦੇ ਪਹਿਲੇ ਓਵਰ ਵਿੱਚ ਹੀ 110 ਗੇਂਦਾਂ ’ਤੇ ਆਪਣਾ 20ਵਾਂ ਟੈਸਟ ਨੀਮ ਸੈਂਕੜਾ ਪੂਰਾ ਕੀਤਾ। ਪਹਿਲੇ ਘੰਟੇ ਵਿੱਚ ਦੋਵਾਂ ਬੱਲੇਬਾਜ਼ਾਂ ਨੇ ਥੋੜ੍ਹੀ ਤੇਜ਼ੀ ਵਿਖਾਈ, ਪਰ ਇਸ ਮਗਰੋਂ ਆਸਟਰੇਲੀਆ ਦੌੜਾਂ ਦੀ ਰਫ਼ਤਾਰ ’ਤੇ ਰੋਕ ਲਾਉਣ ਵਿੱਚ ਸਫਲ ਰਿਹਾ। ਕਮਿਨਸ ਨੇ ਸ਼ੁਰੂ ਤੋਂ ਦੋਵਾਂ ਭਾਰਤੀ ਬੱਲੇਬਾਜ਼ਾਂ ਨੂੰ ਪ੍ਰੇਸ਼ਾਨੀ ਵਿੱਚ ਰੱਖਿਆ, ਪਰ ਸਪਿੰਨਰ ਲਿਓਨ ਪਹਿਲੇ ਦੋ ਸੈਸ਼ਨ ਵਿੱਚ ਪ੍ਰਭਾਵਸ਼ਾਲੀ ਨਹੀਂ ਜਾਪਿਆ। ਪੁਜਾਰਾ ਨੇ ਦੁਪਹਿਰ ਦੇ ਖਾਣੇ ਤੋਂ ਪਹਿਲਾਂ 280 ਗੇਂਦਾਂ ’ਤੇ ਆਪਣਾ ਸੈਂਕੜਾ ਪੂਰਾ ਕੀਤਾ। ਭਾਰਤ ਨੇ 28 ਓਵਰਾਂ ਵਿੱਚ ਸਿਰਫ਼ 62 ਦੌੜਾਂ ਬਣਾਈਆਂ, ਪਰ ਇਸ ਦੌਰਾਨ ਉਸ ਨੇ ਕੋਈ ਵਿਕਟ ਨਹੀਂ ਗੁਆਈ। ਦੂਜੇ ਸੈਸ਼ਨ ਵਿੱਚ ਪੁਜਾਰਾ ਅਤੇ ਕੋਹਲੀ ਦੋਵੇਂ ਪੈਵਿਲੀਅਨ ਪਰਤੇ ਅਤੇ ਇਸ ਦੌਰਾਨ 26 ਓਵਰਾਂ ਵਿੱਚ 69 ਦੌੜਾਂ ਬਣੀਆਂ। ਪਹਿਲੇ ਦਿਨ 47 ਦੌੜਾਂ ’ਤੇ ਖੇਡ ਰਹੇ ਕੋਹਲੀ ਨੂੰ ਇੱਕ ਜੀਵਨਦਾਨ ਵੀ ਮਿਲਿਆ। ਅੱਜ ਉਹ 82 ਦੌੜਾਂ ’ਤੇ ਪਹੁੰਚਦੇ ਹੀ ਇੱਕ ਕੈਲੰਡਰ ਸਾਲ ਵਿੱਚ ਭਾਰਤ ਵੱਲੋਂ ਵਿਦੇਸ਼ੀ ਧਰਤੀ ’ਤੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਵੀ ਬਣਿਆ। ਉਸ ਨੇ ਰਾਹੁਲ ਦ੍ਰਾਵਿੜ ਦੇ 2002 ਵਿੱਚ ਬਣਾਏ ਗਏ 1137 ਦੌੜਾਂ ਦੇ ਰਿਕਾਰਡ ਨੂੰ ਤੋੜਿਆ। ਕੋਹਲੀ ਦੌੜਾਂ ਦੀ ਰਫ਼ਤਾਰ ਤੇਜ਼ ਕਰਨਾ ਚਾਹੁੰਦਾ ਸੀ, ਪਰ ਇਸੇ ਯਤਨ ਵਿੱਚ ਉਸ ਦਾ ਕੱਟ ਥਰਡ ਮੈਨ ’ਤੇ ਖੜ੍ਹੇ ਫਿੰਚ ਦੇ ਹੱਥਾਂ ਵਿੱਚ ਚਲਾ ਗਿਆ। ਇਸ ਤੋਂ ਚਾਰ ਓਵਰਾਂ ਮਗਰੋਂ ਪੁਜਾਰਾ ਵੀ ਆਊਟ ਹੋ ਗਿਆ। ਦੋਵਾਂ ਦੇ ਆਊਟ ਹੋਣ ਨਾਲ ਭਾਰਤ ਦਾ ਸਕੋਰ 299 ਦੌੜਾਂ ’ਤੇ ਚਾਰ ਵਿਕਟਾਂ ਸੀ।
ਇਸ ਤੋਂ ਬਾਅਦ ਰਹਾਣੇ ਅਤੇ ਰੋਹਿਤ ਨੇ ਜ਼ਿੰਮਾ ਸੰਭਾਲਿਆ ਅਤੇ ਦੂਜੇ ਸੈਸ਼ਨ ਵਿੱਚ ਭਾਰਤ ਨੂੰ ਕੋਈ ਹੋਰ ਝਟਕਾ ਨਹੀਂ ਲੱਗਣ ਦਿੱਤਾ। ਰੋਹਿਤ ਨੇ 97 ਗੇਂਦਾਂ ’ਤੇ ਆਪਣਾ ਦਸਵਾਂ ਟੈਸਟ ਨੀਮ ਸੈਂਕੜਾ ਪੂਰਾ ਕੀਤਾ। ਇਸ ਦੌਰਾਨ ਭਾਰਤ ਨੇ 162ਵੇਂ ਓਵਰ ਵਿੱਚ 400 ਦੌੜਾਂ ਦੀ ਗਿਣਤੀ ਪਾਰ ਕੀਤੀ। ਦੋਵੇਂ ਟੀਮਾਂ ਵਿਚਾਲੇ ਚਾਰ ਮੈਚਾਂ ਦੀ ਲੜੀ 1-1 ਨਾਲ ਬਰਾਬਰ ਹੈ। ਭਾਰਤ ਨੇ ਐਡੀਲੇਡ ਵਿੱਚ ਪਹਿਲਾ ਟੈਸਟ ਮੈਚ 31 ਦੌੜਾਂ ਨਾਲ ਜਿੱਤਿਆ ਸੀ, ਜਦਕਿ ਆਸਟਰੇਲੀਆ ਨੇ ਪਰਥ ਵਿੱਚ ਦੂਜਾ ਟੈਸਟ ਮੈਚ 146 ਦੌੜਾਂ ਨਾਲ ਜਿੱਤ ਕੇ ਵਾਪਸੀ ਕੀਤੀ ਸੀ।

Facebook Comment
Project by : XtremeStudioz