Close
Menu

ਮੋਦੀ ਅਤੇ ਰਾਹੁਲ ’ਚ ਨਾ ਹੋਈ ਦੁਆ ਸਲਾਮ

-- 14 December,2018

ਨਵੀਂ ਦਿੱਲੀ, 14 ਦਸੰਬਰ
ਕਾਂਗਰਸ ਵੱਲੋਂ ਭਾਜਪਾ ਦੇ ਕਬਜ਼ੇ ਵਿਚੋਂ ਤਿੰਨ ਸੂਬੇ ਖੋਹਣ ਦੇ ਦੋ ਦਿਨਾਂ ਮਗਰੋਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸੰਸਦ ਵਿਚ ਕਰਵਾਏ ਇੱਕ ਸਮਾਗਮ ਮੌਕੇ ਇੱਕ ਦੂਜੇ ਤੋਂ ਕੁਝ ਹੀ ਦੂਰੀ ’ਤੇ ਸਨ, ਪਰ ਉਨ੍ਹਾਂ ਇੱਕ-ਦੂਜੇ ਨਾਲ ਕੋਈ ਗੱਲਬਾਤ ਨਹੀਂ ਕੀਤੀ। ਇਹ ਦੋਵੇਂ ਆਗੂ ਸਾਲ 2001 ਵਿਚ ਸੰਸਦ ਉੱਤੇ ਹੋਏ ਅਤਿਵਾਦੀ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਰੱਖੇ ਇੱਕ ਸਮਾਗਮ ਵਿਚ ਪੁੱਜੇ ਸਨ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਅਤੇ ਕਾਂਗਰਸੀ ਆਗੂ ਮਨਮੋਹਨ ਸਿੰਘ ਨਾਲ ਗੱਲਬਾਤ ਕੀਤੀ। ਇਸ ਦੌਰਾਨ ਕੇਂਦਰੀ ਮੰਤਰੀ ਵਿਜੈ ਗੋਇਲ ਅਤੇ ਸਮਾਜਿਕ ਨਿਆਂ ਬਾਰੇ ਰਾਜ ਮੰਤਰੀ ਰਾਮਦਾਸ ਅਠਾਵਲੇ ਨੇ ਕਾਂਗਰਸ ਪ੍ਰਧਾਨ ਨਾਲ ਹੱਥ ਮਿਲਾਏ।
ਇਸ ਮੌਕੇ ਰਾਜ ਸਭਾ ਦੇ ਚੇਅਰਮੈਨ ਐੱਮ ਵੈਂਕਈਆ ਨਾਇਡੂ, ਲੋਕ ਸਭਾ ਦੀ ਸਪੀਕਰ ਸੁਮਿੱਤਰਾ ਮਹਾਜਨ, ਭਾਜਪਾ ਦੇ ਸੀਨੀਅਰ ਆਗੂ ਐੱਲ ਕੇ ਅਡਵਾਨੀ ਅਤੇ ਯੂਪੀਏ ਦੀ ਚੇਅਰਪਰਸਨ ਸੋਨੀਆ ਗਾਂਧੀ ਵੀ ਹਾਜ਼ਰ ਸਨ। ਉਨ੍ਹਾਂ ਅੱਜ ਦੇ ਦਿਨ 17 ਸਾਲ ਪਹਿਲਾਂ ਸੰਸਦ ਉੱਤੇ ਹੋਏ ਹਮਲੇ ਵਿਚ ਜਾਨਾਂ ਵਾਰਨ ਵਾਲੇ ਸ਼ਹੀਦਾਂ ਦੀਆਂ ਤਸਵੀਰਾਂ ਉੱਤੇ ਫੁੱਲ ਚੜ੍ਹਾਏ। ਜਾਣਕਾਰੀ ਮੁਤਾਬਕ 13 ਦਸੰਬਰ 2001 ਨੂੰ ਭਾਰੀ ਅਸਲੇ ਨਾਲ ਲੈਸ ਪੰਜ ਹਮਲਾਵਰਾਂ ਨੇ ਸੰਸਦ ਕੰਪਲੈਕਸ ਉੱਤੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿਚ ਦਿੱਲੀ ਪੁਲੀਸ ਦੇ ਪੰਜ ਮੁਲਾਜ਼ਮ, ਸੈਂਟਰਲ ਰਿਜ਼ਰਵ ਪੁਲੀਸ ਫੋਰਸ ਦੀ ਇੱਕ ਮਹਿਲਾ ਕਾਂਸਟੇਬਲ, ਪਾਰਲੀਮੈਂਟ ਵਾਚ ਐਂਡ ਵਾਰਡ ਸਟਾਫ ਦੇ ਦੋ ਮੈਂਬਰ, ਇੱਕ ਮਾਲੀ ਅਤੇ ਇਕ ਕੈਮਰਾਮੈਨ ਸ਼ਹੀਦ ਹੋ ਗਏ ਸਨ। ਕਾਂਗਰਸ ਨੇ ਭਾਜਪਾ ਦੀ ਸੱਤਾ ਵਾਲੇ ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਿਚ ਚੋਣਾਂ ਜਿੱਤੀਆਂ ਹਨ। ਇਨ੍ਹਾਂ ਵੋਟਾਂ ਦੀ ਗਿਣਤੀ ਮੰਗਲਵਾਰ ਨੂੰ ਹੋਈ ਸੀ।

Facebook Comment
Project by : XtremeStudioz