Close
Menu

ਮੋਦੀ ਦਾ ਜਾਦੂ ਗਾਇਬ ਕਰ ਸਕਦੈ ਲੋਕਰਾਜ: ਰਾਹੁਲ ਗਾਂਧੀ

-- 22 February,2018

ਜੋਵਈ/ਸ਼ਿਲੌਂਗ, 22 ਫਰਵਰੀ
ਨੀਰਵ ਮੋਦੀ ਤੇ ਵਿਜੈ ਮਾਲਿਆ ਜਿਹੇ ਵਪਾਰੀਆਂ ਨੂੰ ਦੇਸ਼ ਦਾ ਹਜ਼ਾਰਾਂ ਕਰੋੜ ਰੁਪਏ ਲੁੱਟ ਕੇ ਦੇਸ਼ ’ਚੋਂ ਦੌੜ ਜਾਣ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਦੀ ਖ਼ਾਮੋਸ਼ੀ ’ਤੇ ਚੁਟਕੀ ਲੈਂਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਂਧੀ ਨੇ ਅੱਜ ਕਿਹਾ ਕਿ ਨਰਿੰਦਰ ਮੋਦੀ ਇਕ ‘ਮਹਾਂ ਜਾਦੂਗਰ’ ਹਨ ਜੋ ਕਿਸੇ ਦਿਨ ਲੋਕਰਾਜ ਨੂੰ ਵੀ ‘ਗਾਇਬ’ ਕਰ ਸਕਦੇ ਹਨ।
ਮੇਘਾਲਿਆ ਦੇ ਜੋਵਈ ਵਿੱਚ ਇਕ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕਾਂਗਰਸ ਆਗੂ ਨੇ ਕਿਹਾ ‘‘ ਸਾਡੇ ਪ੍ਰਧਾਨ ਮੰਤਰੀ ਜੀ ਉਸ ਮਹਾਨ ਜਾਦੂਗਰ ਦਾ ਸ਼ਾਨਦਾਰ ਅਕਸ ਜਾਪ ਰਹੇ ਹਨ ਜੋ ਉਂਗਲੀ ਦੇ ਇਸ਼ਾਰੇ ’ਤੇ ਚੀਜ਼ਾਂ ਨੂੰ ਖੁਰਦ ਬੁਰਦ ਕਰ ਸਕਦੇ। ਉਨ੍ਹਾਂ ਬੜੀ ਆਸਾਨੀ ਨਾਲ ਬਹੁਤ ਕੁਝ ਨਮੂਦਾਰ ਤੇ ਬਹੁਤ ਕੁਝ ਗਾਇਬ ਕਰ ਕੇ ਦਿਖਾਇਆ ਹੈ। ਵਿਜੈ ਮਾਲਿਆ, ਲਲਿਤ ਮੋਦੀ ਅਤੇ ਨੀਰਵ ਮੋਦੀ ਜਿਹੇ ਘੁਟਾਲੇਬਾਜ਼ ਭਾਰਤ ’ਚੋਂ ਗਾਇਬ ਹੋ ਗਏ ਹਨ ਅਤੇ ਵਿਦੇਸ਼ ਵਿੱਚ ਨਮੂਦਾਰ ਹੋ ਗਏ ਹਨ ਜਿੱਥੇ ਭਾਰਤ ਦੇ ਕਾਨੂੰਨ ਦੇ ਹੱਥ ਉਨ੍ਹਾਂ ਤਕ ਪਹੁੰਚ ਨਹੀਂ ਪਾ ਰਹੇ। ਮੋਦੀਜੀ ਦਾ ਜਾਦੂ ਜਲਦੀ ਹੀ ਭਾਰਤ ’ਚੋਂ ਲੋਕਰਾਜ ਨੂੰ ਵੀ ਗਾਇਬ ਕਰ ਸਕਦਾ ਹੈ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਸ੍ਰੀ ਮੋਦੀ ਨੂੰ ‘ਮਨ ਕੀ ਬਾਤ’ ਵਿੱਚ ਲੋਕਾਂ ਨੂੰ ਨਸੀਹਤਾਂ ਦੇਣ ਦੀ ਬਜਾਏ ਬੈਂਕ ਘੁਟਾਲਿਆਂ ਤੇ ਰਾਫੇਲ ਸੌਦੇ ਬਾਰੇ ਜ਼ੁਬਾਨ ਖੋਲ੍ਹਣੀ ਚਾਹੀਦੀ ਹੈ। ਉਨ੍ਹਾਂ ਕਿਹਾ ‘‘ ਜਦੋਂ ਤੁਹਾਨੂੰ ਪਤਾ ਹੈ ਕਿ ਹਰੇਕ ਭਾਰਤੀ ਇਹ ਚਾਹੁੰਦਾ ਹੈ ਕਿ ਤੁਸੀਂ ਇਨ੍ਹਾਂ ਮੁੱਦਿਆਂ ’ਤੇ ਆਪਣੀ ਜ਼ੁਬਾਨ ਖੋਲ੍ਹੋ ਤਾਂ ਲੋਕਾਂ ਤੋਂ ਮਸ਼ਵਰੇ ਲੈਣ ਦੀ ਕੀ ਤੁੱਕ ਹੈ। ਨੀਰਵ ਮੋਦੀ ਦੀ 22000 ਕਰੋੜ ਦੀ ਲੁੱਟ ਖਸੁੱਟ ਅਤੇ 58000 ਕਰੋੜ ਰੁਪਏ ਰਾਫੇਲ ਸੌਦੇ ਵਿੱਚ ਘੁਟਾਲੇ ਬਾਰੇ ਆਪਣੇ ਵਿਚਾਰ     ਪ੍ਰਗਟ ਕਰੋ।

Facebook Comment
Project by : XtremeStudioz