Close
Menu

ਮੋਦੀ ਦੇ ਹੈਲੀਕਾਪਟਰ ਦੀ ਤਲਾਸ਼ੀ ਲੈਣ ਵਾਲਾ ਅਧਿਕਾਰੀ ਮੁਅੱਤਲ

-- 19 April,2019

ਨਵੀਂ ਦਿੱਲੀ, 19 ਅਪਰੈਲ
ਉੜੀਸਾ ਦੇ ਸੰਬਲਪੁਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੈਲੀਕਾਪਟਰ ਦੀ ਤਲਾਸ਼ੀ ਲੈਣ ਵਾਲੇ ਕਰਨਾਟਕ ਕਾਡਰ ਦੇ ਆਈਏਐਸ ਅਧਿਕਾਰੀ ਮੁਹੰਮਦ ਮੋਹਸਿਨ ਨੂੰ ਚੋਣ ਕਮਿਸ਼ਨ ਨੇ ਬੁੱਧਵਾਰ ਰਾਤ ਨੂੰ ਮੁਅੱਤਲ ਕਰ ਦਿੱਤਾ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐਸਪੀਜੀ) ਸੁਰੱਖਿਆ ਪ੍ਰਾਪਤ ਵਿਅਕਤੀ ਦੀ ਜਾਂਚ ’ਚ ਅਧਿਕਾਰੀ ਨੇ ਨੇਮਾਂ ਦੀ ਉਲੰਘਣਾ ਕੀਤੀ ਹੈ। ਕਮਿਸ਼ਨ ਨੇ ਆਪਣੇ ਹੁਕਮਾਂ ’ਚ ਕਿਹਾ ਕਿ ਮੁਹੰਮਦ ਮੋਹਸਿਨ ਨੇ ਐਸਪੀਜੀ ਸੁਰੱਖਿਆ ਨਾਲ ਜੁੜੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦਾ ਪਾਲਣ ਨਹੀਂ ਕੀਤਾ ਹੈ। ਕਮਿਸ਼ਨ ਨੇ ਸੰਬਲਪੁਰ ਦੇ ਅਬਜ਼ਰਵਰ ਸ੍ਰੀ ਮੋਹਸਿਨ ਖ਼ਿਲਾਫ਼ ਕਾਰਵਾਈ ਜ਼ਿਲ੍ਹਾ ਕੁਲੈਕਟਰ ਅਤੇ ਡੀਆਈਜੀ ਵੱਲੋਂ ਭੇਜੀ ਗਈ ਰਿਪੋਰਟ ਦੇ ਆਧਾਰ ’ਤੇ ਕੀਤੀ ਹੈ। ਸ੍ਰੀ ਮੋਦੀ ਨੇ 16 ਅਪਰੈਲ ਨੂੰ ਸੰਬਲਪੁਰ ’ਚ ਰੈਲੀ ਨੂੰ ਸੰਬੋਧਨ ਕੀਤਾ ਸੀ। ਦੱਸਿਆ ਜਾਂਦਾ ਹੈ ਕਿ ਮੋਹਸਿਨ ਦੀ ਕਾਰਵਾਈ ਕਰਕੇ ਸ੍ਰੀ ਮੋਦੀ ਨੂੰ ਸੰਬਲਪੁਰ ’ਚ ਕਰੀਬ 15 ਮਿੰਟਾਂ ਤਕ ਰੁਕਣਾ ਪਿਆ ਸੀ। ਭੁਬਨੇਸ਼ਵਰ ’ਚ ਅਧਿਕਾਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਹੈਲੀਕਾਪਟਰ ਦੀ ਤਲਾਸ਼ੀ ਲੈਣਾ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਨਹੀਂ ਹੈ ਕਿਉਂਕਿ ਐਸਪੀਜੀ ਸੁਰੱਖਿਆ ਪ੍ਰਾਪਤ ਵਿਅਕਤੀ ਨੂੰ ਅਜਿਹੀ ਚੈਕਿੰਗ ਤੋਂ ਛੋਟ ਹੁੰਦੀ ਹੈ।
ਉਧਰ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੇ ਹੈਲੀਕਾਪਟਰ ਦੀ ਵੀ ਮੰਗਲਵਾਰ ਨੂੰ ਰੁੜਕੇਲਾ ’ਚ ਚੋਣ ਕਮਿਸ਼ਨ ਦੇ ਉੱਡਣ ਦਸਤੇ ਵੱਲੋਂ ਤਲਾਸ਼ੀ ਲਈ ਗਈ।

ਕਾਂਗਰਸ ਅਤੇ ‘ਆਪ’ ਵੱਲੋਂ ਅਧਿਕਾਰੀ ਖ਼ਿਲਾਫ਼ ਕਾਰਵਾਈ ਦੀ ਆਲੋਚਨਾ

ਨਵੀਂ ਦਿੱਲੀ: ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਨੇ ਚੋਣ ਕਮਿਸ਼ਨ ਵੱਲੋਂ ਆਈਏਐਸ ਅਧਿਕਾਰੀ ਮੁਹੰਮਦ ਮੋਹਸਿਨ ਨੂੰ ਮੁਅੱਤਲ ਕੀਤੇ ਜਾਣ ਦੀ ਤਿੱਖੀ ਆਲੋਚਨਾ ਕੀਤੀ ਹੈ। ਕਾਂਗਰਸ ਨੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਹੈਲੀਕਾਪਟਰ ਦੀ ਜਾਂਚ ਕਰਾਉਣ ’ਤੇ ਇਤਰਾਜ਼ ਕਿਉਂ ਹੈ? ਪਾਰਟੀ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਟਵੀਟ ਕਰਕੇ ਕਿਹਾ,‘‘ਜਿਹੜੇ ਮੋਦੀ ਜੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਪੂਰੀ ਵਿਰੋਧੀ ਧਿਰ ਲਈ ਛਾਪੇ ਮਾਰਨ ਦੀ ਖੇਡ ਰਚਾਉਂਦੇ ਹਨ, ਉਹ 15 ਮਿੰਟ ਦੀ ਜਾਂਚ ਤੋਂ ਇੰਨਾ ਡਰ ਗਏ ਕਿ ਚੋਣ ਕਮਿਸ਼ਨ ਨੂੰ ਆਪਣੇ ਹੀ ਅਫ਼ਸਰ ਨੂੰ ਹਟਾਉਣਾ ਪੈ ਗਿਆ।’’ ਕਾਂਗਰਸ ਦੇ ਸੀਨੀਅਰ ਆਗੂ ਅਹਿਮਦ ਪਟੇਲ ਨੇ ਵੀ ਟਵੀਟ ਕਰਕੇ ਕਿਹਾ ਕਿ ਪਹਿਲਾਂ ਵੀ ਇੰਜ ਹੁੰਦਾ ਰਿਹਾ ਹੈ ਕਿ ਚੋਣ ਕਮਿਸ਼ਨ ਨੂੰ ਕਾਂਗਰਸ ਦੇ ਮੌਜੂਦਾ ਅਤੇ ਸਾਬਕਾ ਪ੍ਰਧਾਨਾਂ ਦੇ ਕਾਫਲਿਆਂ ਦੀ ਜਾਂਚ ਕਰਨ ਦੀ ਇਜਾਜ਼ਤ ਸੀ। ਉਧਰ ‘ਆਪ’ ਨੇ ਟਵੀਟ ਕਰਕੇ ਕਿਹਾ ਕਿ ਚੌਕੀਦਾਰ ਆਪਣੇ ਆਪ ਨੂੰ ਬਚਾ ਕੇ ਰੱਖਦਾ ਹੈ ਅਤੇ ਕੀ ਚੌਕੀਦਾਰ ਕੁਝ ਛਿਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

Facebook Comment
Project by : XtremeStudioz