Close
Menu

ਮੋਦੀ ਨੇ ਤੇਲ ਉਤਪਾਦਕਾਂ ਤੋਂ ਰਾਹਤ ਮੰਗੀ

-- 17 October,2018

ਨਵੀਂ ਦਿੱਲੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਾਊਦੀ ਅਰਬ ਜਿਹੇ ਵੱਡੇ ਤੇਲ ਉਤਪਾਦਕਾਂ ਨੂੰ ਆਗਾਹ ਕੀਤਾ ਹੈ ਕਿ ਕੱਚੇ ਤੇਲ ਦੀਆਂ ਚੜ੍ਹ ਰਹੀਆਂ ਕੀਮਤਾਂ ਕਾਰਨ ਆਲਮੀ ਅਰਥਚਾਰੇ ਨੂੰ ਸੱਟ ਵੱਜ ਰਹੀ ਹੈ ਤੇ ਉਨ੍ਹਾਂ ਤਰਜ਼-ਏ-ਅਦਾਇਗੀ ਬਾਰੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਦਿਨੋ ਦਿਨ ਡਿਗ ਰਹੀ ਮੁਕਾਮੀ ਕਰੰਸੀ ਨੂੰ ਥੋੜ੍ਹਾ ਢਾਰਸ ਮਿਲ ਸਕੇ।
ਭਾਰਤ ਇਸ ਵਕਤ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਤੇਲ ਖਪਤਕਾਰ ਮੁਲਕ ਹੈ। ਪਿਛਲੇ ਦੋ ਮਹੀਨਿਆਂ ਤੋਂ ਤੇਲ ਕੀਮਤਾਂ ਚੜ੍ਹਨ ਕਾਰਨ ਲੋਕਾਂ ਦਾ ਤ੍ਰਾਹ ਨਿਕਲਿਆ ਪਿਆ ਹੈ ਤੇ ਮਹਿੰਗਾਈ ਦਰ ਬੇਕਾਬੂ ਹੋਣ ਦਾ ਖਦਸ਼ਾ ਹੈ। ਨਾਲ ਹੀ ਰੁਪਏ ਦੀ ਹਾਲਤ ਪਤਲੀ ਹੋਣ ਕਰ ਕੇ ਵਪਾਰ ਘਾਟਾ ਬਹੁਤ ਜ਼ਿਆਦਾ ਵਧਦਾ ਜਾ ਰਿਹਾ ਹੈ। ਅਗਲੇ ਸਾਲ ਚੋਣਾਂ ਦੇ ਮੱਦੇਨਜ਼ਰ ਸਰਕਾਰ ਮੁਸ਼ਕਲ ਹਾਲਾਤ ਵਿਚ ਘਿਰੀ ਜਾਪਦੀ ਹੈ। ਦੁਨੀਆਂ ਦੀਆਂ ਕਾਰਪੋਰੇਟ ਕੰਪਨੀਆਂ ਦੇ ਮੁਖੀਆਂ (ਸੀਈਓਜ਼) ਦੀ
ਤੀਜੀ ਸਾਲਾਨਾ ਇਕੱਤਰਤਾ ਵਿੱਚ ਸ੍ਰੀ ਮੋਦੀ ਨੇ ਆਖਿਆ ਕਿ ਕੌਮਾਂਤਰੀ ਤੇਲ ਕੀਮਤਾਂ ਪਿਛਲੇ ਚਾਰ ਸਾਲਾਂ ਦੌਰਾਨ ਉਚਤਮ ਮੁਕਾਮ ’ਤੇ ਹਨ ਜਿਸ ਕਰ ਕੇ ਅਰਥਚਾਰੇ ਨੂੰ ਮਾਰ ਪੈ ਰਹੀ ਹੈ। ਇਕੱਤਰਤਾ ਵਿੱਚ ਸਾਉੂਦੀ ਅਰਬ ਦੇ ਤੇਲ ਮੰਤਰੀ ਖ਼ਾਲਿਦ ਅਲ-ਫ਼ਲੀਹ ਵੀ ਮੌਜੂਦ ਸਨ। ਸੂਤਰਾਂ ਨੇ ਦੱਸਿਆ ਕਿ ਸ੍ਰੀ ਮੋਦੀ ਨੇ ਕਾਰਮੁਖ਼ਤਾਰਾਂ ਨੂੰ ਪੁੱਛਿਆ ਕਿ ਸਰਕਾਰ ਨੇ ਪਿਛਲੀਆਂ ਮੀਟਿੰਗਾਂ ਦੌਰਾਨ ਕੀਤੀਆਂ ਸਾਰੀਆਂ ਸਿਫ਼ਾਰਸ਼ਾਂ ਲਾਗੂ ਕੀਤੀਆਂ ਹਨ ਪਰ ਤੇਲ ਤੇ ਗੈਸ ਦੀ ਖੋਜ ਤੇ ਉਤਪਾਦਨ ਦੇ ਖੇਤਰ ਵਿੱਚ ਕੋਈ ਨਵਾਂ ਨਿਵੇਸ਼ ਨਹੀਂ ਆਇਆ। ਮੀਟਿੰਗ ਤੋਂ ਬਾਅਦ ਤੋਂ ਜਾਰੀ ਕੀਤੇ ਬਿਆਨ ਵਿਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਨੇ ਧਿਆਨ ਦਿਵਾਇਆ ਕਿ ਤੇਲ ਮਾਰਕਿਟ ਦਾ ਸਟੇਅਰਿੰਗ ਉਤਪਾਦਕਾਂ ਦੇ ਹੱਥ ਵਿਚ ਹੈ ਤੇ ਉਹ ਹੀ ਕੀਮਤਾਂ ਤੈਅ ਕਰਦੇ ਹਨ। ‘‘ ਹਾਲਾਂਕਿ ਕਾਫ਼ੀ ਉਤਪਾਦਨ ਹੋਇਆ ਹੈ ਪਰ ਤੇਲ ਮਾਰਕਿਟ ਦੇ ਵਿਲੱਖਣ ਪਹਿਲੂਆਂ ਨੇ ਤੇਲ ਕੀਮਤਾਂ ਚੁੱਕ ਦਿੱਤੀਆਂ ਹਨ। ਖਪਤਕਾਰ ਮੁਲਕਾਂ ਨੂੰ ਕੱਚੇ ਤੇਲ ਦੀਆਂ ਕੀਮਤਾਂ ਵਧਣ ਕਰ ਕੇ ਗੰਭੀਰ ਮਾਲੀ ਤੰਗੀ ਜਿਹੀਆਂ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।’’ ਤੇਲ ਉਤਪਾਦਕ ਮੁਲਕਾਂ ਨੂੰ ਆਪਣੇ ਵਾਧੂ ਮੁਨਾਫੇ ਦਾ ਕੁਝ ਹਿੱਸਾ ਵਿਕਾਸਸ਼ੀਲ ਮੁਲਕਾਂ ਵਿੱਚ ਤੇਲ ਤੇ ਗੈਸ ਦੀ ਖੋਜ ਲਈ ਨਿਵੇਸ਼ ਕਰਨਾ ਚਾਹੀਦਾ ਹੈ। ਨਾਲ ਹੀ ਪ੍ਰਧਾਨ ਮੰਤਰੀ ਨੇ ਤਰਜ਼-ਏ-ਅਦਾਇਗੀ ਦਾ ਮੁਤਾਲਿਆ ਕਰਨ ਦੀ ਵੀ ਬੇਨਤੀ ਕੀਤੀ ਤਾਂ ਕਿ ਮੁਕਾਮੀ ਕਰੰਸੀ ਨੂੰ ਆਰਜ਼ੀ ਢਾਰਸ ਮਿਲ ਸਕੇ। ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਕੀਮਤ ਇਸ ਸਾਲ 14.5 ਫ਼ੀਸਦ ਘਟੀ ਹੈ ਜਿਸ ਨਾਲ ਦਰਾਮਦਾਂ ਮਹਿੰਗੀਆਂ ਹੋ ਗਈਆਂ ਹਨ। ਭਾਰਤ ਆਪਣੀਆਂ ਜ਼ਰੂਰਤਾਂ ਦਾ ਕਰੀਬ 83 ਫ਼ੀਸਦ ਤੇਲ ਬਾਹਰੋਂ ਮੰਗਵਾਉਂਦਾ ਹੈ। ਮੀਟਿੰਗ ਵਿਚ ਤੇਲ ਮੰਤਰੀ ਧਰਮੇਂਦਰ ਪ੍ਰਧਾਨ, ਵਿੱਤ ਮੰਤਰੀ ਅਰੁਣ ਜੇਤਲੀ ਅਤੇ ਨੀਤੀ ਆਯੋਗ ਦੇ ਮੀਤ ਚੇਅਰਮੈਨ ਰਾਜੀਵ ਕੁਮਾਰ ਵੀ ਸ਼ਾਮਲ ਹੋਏ।

ਅਜੇ ਤਾਂ ਸ਼ੁਕਰ ਕਰੋ: ਸਾਊਦੀ ਮੰਤਰੀ
ਇੰਡੀਆ ਐਨਰਜੀ ਫੋਰਮ ਦੀ ਮੀਟਿੰਗ ਤੋਂ ਬਾਅਦ ਸਾਊਦੀ ਤੇਲ ਮੰਤਰੀ ਅਲ-ਫ਼ਲੀਹ ਨੇ ਕਿਹਾ ਕਿ ਸ੍ਰੀ ਮੋਦੀ ਨੇ ਕੱਚੇ ਤੇਲ ਦੀਆਂਂ ਕੀਮਤਾਂ ਚੜ੍ਹਨ ਕਾਰਨ ਖਪਤਕਾਰ ਮੁਲਕਾਂ ਨੂੰ ਹੋ ਰਹੀ ਤਕਲੀਫ਼ ਦਾ ਜ਼ਿਕਰ ਕੀਤਾ ਹੈ ਪਰ ਜੇ ਸਾਊਦੀ ਅਰਬ ਜੋ ਦੁਨੀਆ ਦਾ ਸਭ ਤੋਂ ਵੱਡਾ ਤੇਲ ਬਰਾਮਦਕਾਰ ਹੈ, ਨੇ ਉਤਪਾਦਨ ਵਧਾਉਣ ਲਈ ਆਪਣੇ ਵਸੀਲੇ ਨਾ ਜੁਟਾਏ ਹੁੰਦੇ ਤਾਂ ਕੀਮਤਾਂ ਦਾ ਇਹ ਝਟਕਾ ਕਿਤੇ ਜ਼ਿਆਦਾ ਲੱਗਣਾ ਸੀ। ਉਨ੍ਹਾਂ ਕਿਹਾ ‘‘ਪ੍ਰਧਾਨ ਮੰਤਰੀ ਨੇ ਸਾਡੇ ਵਰਗੇ ਉਤਪਾਦਕਾਂ ਨੂੰ ਆਗਾਹ ਕੀਤਾ ਹੈ ਕਿ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਨੂੰ ਨਾ ਮਾਰਿਆ ਜਾਵੇ।

Facebook Comment
Project by : XtremeStudioz