Close
Menu

ਯਸ਼ਵੰਤ ਸਿਨਹਾ ਨੇ ਭਾਜਪਾ ਨੂੰ ਅਲਵਿਦਾ ਆਖਿਆ

-- 21 April,2018

ਪਟਨਾ, 21 ਅਪਰੈਲ
ਭਾਜਪਾ ਦੀ ਮੌਜੂਦਾ ਲੀਡਰਸ਼ਿਪ ਅਤੇ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ (80) ਨੇ ਅੱਜ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਹਕੂਮਤ ਹੇਠ ਲੋਕਤੰਤਰ ਖ਼ਤਰੇ ’ਚ ਹੈ ਜਿਸ ਨੂੰ ਬਚਾਉਣ ਲਈ ਉਹ ਅੰਦੋਲਨ ਚਲਾਉਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਕਿਸੇ ਹੋਰ ਪਾਰਟੀ ’ਚ ਸ਼ਾਮਲ ਨਹੀਂ ਹੋਣਗੇ ਅਤੇ ਸਿਆਸਤ ਤੋਂ ਸੰਨਿਆਸ ਲੈ ਰਹੇ ਹਨ ਪਰ ਹੁਣ ਉਹ ਮੁਲਕ ’ਚ ਲੋਕਤੰਤਰ ਨੂੰ ਬਚਾਉਣ ਲਈ ਕੰਮ ਕਰਨਗੇ। ਇਥੇ ਕਾਂਗਰਸ ਤੇ ਆਰਜੇਡੀ ਦੇ ਆਗੂਆਂ ਅਤੇ ਭਾਜਪਾ ਦੇ ਨਾਰਾਜ਼ ਸੰਸਦ ਮੈਂਬਰ ਸ਼ਤਰੂਘਣ ਸਿਨਹਾ ਨਾਲ ਬੈਠਕ ਦੌਰਾਨ ਸ੍ਰੀ ਸਿਨਹਾ ਨੇ ਪਾਰਟੀ ਤੋਂ ਅਸਤੀਫ਼ੇ ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਅਟਲ ਬਿਹਾਰੀ ਵਾਜਪਈ ਸਰਕਾਰ ਸਮੇਂ ਵਿੱਤ ਅਤੇ ਵਿਦੇਸ਼ ਮੰਤਰੀ ਰਹੇ ਸਿਨਹਾ ਨੂੰ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਵੱਲੋਂ ਭਾਜਪਾ ਦੀ ਕਮਾਨ ਸੰਭਾਲੇ ਜਾਣ ਮਗਰੋਂ ਖੁੱਡੇ ਲਗਾ ਦਿੱਤਾ ਗਿਆ ਸੀ। ਸ੍ਰੀ ਸਿਨਹਾ ਦੇ ਅਸਤੀਫ਼ੇ ਬਾਰੇ ਭਾਜਪਾ ਨੇ ਕਿਹਾ ਕਿ ਉਨ੍ਹਾਂ ਦੇ ਫ਼ੈਸਲੇ ’ਤੇ ਪਾਰਟੀ ਨੂੰ ਕੋਈ ਹੈਰਾਨੀ ਨਹੀਂ ਹੋਈ ਹੈ ਕਿਉਂਕਿ ਉਨ੍ਹਾਂ ਦੇ ਵਿਚਾਰਾਂ ਅਤੇ ਤੌਰ ਤਰੀਕਿਆਂ ਤੋਂ ਸਪੱਸ਼ਟ ਹੋ ਗਿਆ ਸੀ ਕਿ ਉਹ ‘ਕਾਂਗਰਸ ਦੇ ਇਸ਼ਾਰੇ’ ’ਤੇ ਕੰਮ ਕਰ ਰਹੇ ਹਨ।

Facebook Comment
Project by : XtremeStudioz