Close
Menu

ਯੂਪੀਏ ਸਰਕਾਰ ਦੇ ਦਸ ਸਾਲਾਂ ’ਚ ਹੋਇਆ ਸਭ ਤੋਂ ਵੱਧ ਵਿਕਾਸ: ਚਿਦੰਬਰਮ

-- 20 August,2018

ਨਵੀਂ ਦਿੱਲੀ,  ਮੌਜੂਦਾ ਮੋਦੀ ਸਰਕਾਰ ਵੱਲ ਨਿਸ਼ਾਨਾ ਸੇਧਦਿਆਂ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਅੱਜ ਕਿਹਾ ਕਿ ਆਜ਼ਾਦੀ ਮਗਰੋਂ ਕਾਂਗਰਸ ਦੀ ਅਗਵਾਈ ਵਾਲੀਆਂ ਯੂਪੀਏ 1 ਤੇ ਯੂਪੀਏ 2 ਸਰਕਾਰਾਂ ਦੇ ਕਾਰਜਕਾਲ ਦੌਰਾਨ ਦੇਸ਼ ਦਾ ਸਭ ਤੋਂ ਵਧ ਵਿਕਾਸ ਹੋਇਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦੇਸ਼ ਦੇ ਅਰਥਚਾਰੇ ਦਾ ਪ੍ਰਬੰਧ ਤਿੰਨ ਵਿੱਤ ਮੰਤਰੀਆਂ- ਵਾਸਤਵਿਕ, ਕਾਨੂੰਨੀ ਤੇ ਅਦ੍ਰਿਸ਼ ਹੱਥਾਂ ਵਿੱਚ ਹੈ। ਉਧਰ ਭਾਜਪਾ ਨੇ ਕਾਂਗਰਸ ਦੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ।
ਅੰਕੜਾ ਮੰਤਰਾਲੇ ਵੱਲੋਂ ਜਾਰੀ ਕੁੱਲ ਘਰੇਲੂ ਉਤਪਾਦ (ਜੀਡੀਪੀ) ਡੇਟਾ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਯੂਪੀਏ-1 ਸਰਕਾਰ ਦੇ ਕਾਰਜਕਾਲ ਦੌਰਾਨ ਔਸਤ ਵਿਕਾਸ ਦਰ 8.87 ਫ਼ੀਸਦ ਸੀ ਤੇ ਇਸ ਅਰਸੇ ਦੌਰਾਨ ਇਕ ਸਮਾਂ ਅਜਿਹਾ ਵੀ ਆਇਆ ਜਦੋਂ ਵਿੱਤੀ ਸਾਲ 2006-07 ਵਿੱਚ ਇਹ ਦਰ ਦੋਹਰੇ ਅੰਕੜੇ 10.08 ਫੀਸਦ ਨੂੰ ਜਾ ਪੁੱਜੀ। ਯੂਪੀਏ ਸਰਕਾਰ ਦੀ ਦੂਜੀ ਪਾਰੀ ਦੌਰਾਨ ਇਹ ਅੰਕੜਾ 7.39 ਫੀਸਦ ਸੀ।
ਉਧਰ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਸਾਬਕਾ ਵਿੱਤ ਮੰਤਰੀ ਦੇ ਇਨ੍ਹਾਂ ਦਾਅਵਿਆਂ ਦਾ ਜਵਾਬ ਦਿੰਦਿਆਂ ਕਿਹਾ ਕਿ ਇਹ ਡੇਟਾ ਅਧਿਕਾਰਤ ਨਹੀਂ ਸੀ ਤੇ ਅਜੇ ਤਕ ਸਰਕਾਰ ਨੇ ਇਨ੍ਹਾਂ ਨੂੰ ਸਵੀਕਾਰ ਨਹੀਂ ਕੀਤਾ। ਪਾਤਰਾ ਨੇ ਕਿਹਾ, ‘ਲਗਦਾ ਹੈ ਕਿ ਜਦੋਂ ਕਦੇ ਕਾਂਗਰਸ ਪਾਰਟੀ ਅਸਫ਼ਲ ਰਹਿੰਦੀ ਹੈ, ਉਹ ਆਪਣੀਆਂ ਨਾਕਾਮੀਆਂ ਦਾ ਜਸ਼ਨ ਮਨਾਉਣ ਲਗਦੀ ਹੈ। ਯੂਪੀਏ ਸਰਕਾਰ ਦੇ ਕਾਰਜਕਾਲ ਦੌਰਾਨ ਮਹਿੰਗਾਈ ਸਿਖਰ ’ਤੇ ਸੀ ਤੇ ਉਹ ਮੌਜੂਦਾ ਵਿੱਤੀ ਘਾਟੇ ਨੂੰ ਨੱਥ ਪਾਉਣ ਵਿੱਚ ਨਾਕਾਮ ਰਹੇ ਸੀ। ਦੂਜੇ ਪਾਸੇ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਸਰਕਾਰ ਵਿਸ਼ਵ ਦੇ ਸਭ ਤੋਂ ਵੱਡੇ 6 ਅਰਥਚਾਰਿਆਂ ’ਚੋਂ ਇਕ ਹੈ।’

Facebook Comment
Project by : XtremeStudioz