Close
Menu

ਯੋਰੋਸ਼ਲਮ ਮਾਮਲੇ ਤੋਂ ਅਮਰੀਕਾ ਖ਼ਿਲਾਫ਼ ਵੱਖ ਵੱਖ ਮੁਲਕਾਂ ’ਚ ਰੋਸ ਮੁਜ਼ਾਹਰੇ

-- 09 December,2017

ਯੋਰੋਸ਼ਲਮ, 9 ਦਸੰਬਰ
ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਯੋਰੋਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਵਜੋਂ ਮਾਨਤਾ ਦੇਣ ਖ਼ਿਲਾਫ਼ ਯੋਰੋਸ਼ਲਮ ਸਮੇਤ ਵੱਖ ਵੱਖ ਮੁਲਕਾਂ ਵਿੱਚ ਅੱਜ ਅਮਰੀਕਾ ਖ਼ਿਲਾਫ਼ ਰੋਸ ਮੁਜ਼ਾਹਰੇ ਕੀਤੇ ਗਏ। ਵਾਦੀ ਵਿੱਚ ਸ੍ਰੀਨਗਰ ਦੇ ਮਾਇਸੂਮਾ ਅਤੇ ਹਸਨਾਬਾਦ ਇਲਾਕੇ ਸਮੇਤ ਹੋਰ ਥਾਈਂ ਟਰੰਪ ਖ਼ਿਲਾਫ਼ ਨਾਅਰੇ ਗੂੰਜੇ। ਪ੍ਰਦਰਸ਼ਨਕਾਰੀਆਂ ਨੇ ਟਰੰਪ ਦੀ ਅਰਥੀ ਵੀ ਫੂਕੀ। ਵਾਦੀ ਵਿੱਚ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ (ਜੇਕੇਐਲਐਫ) ਦੇ ਕਾਰਕੁਨਾਂ ਨੇ ਪ੍ਰਦਰਸ਼ਨ ਕਰਦਿਆਂ ਅਮਰੀਕਾ ਦੇ ਯੋਰੋਸ਼ਲਮ ਬਾਰੇ ਫ਼ੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਪ੍ਰਦਰਸ਼ਨਾਂ ਦੇ ਮੱਦੇਨਜ਼ਰ ਕਸ਼ਮੀਰ ਦੇ ਜ਼ਿਲ੍ਹਾ ਹੈੱਡਕੁਆਰਟਰਾਂ ਅਤੇ ਸ੍ਰੀਨਗਰ ਦੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਪੁਲੀਸ ਅਤੇ ਸੀਆਰਪੀਐਫ ਦੇ ਵੱਡੀ ਗਿਣਤੀ ਜਵਾਨ ਤਾਇਨਾਤ ਕੀਤੇ ਗਏ ਸਨ। ਇਸ ਦੌਰਾਨ ਇੰਡੋਨੇਸ਼ੀਆ ਤੇ ਮਲੇਸ਼ੀਆ ’ਚ ਅੱਜ ਹਜ਼ਾਰਾਂ ਲੋਕਾਂ ਨੇ ਅਮਰੀਕਾ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਦੇ ਰੋਹ ਕਾਰਨ ਇਨ੍ਹਾਂ ਦੋਵੇਂ ਮੁਲਕਾਂ ਵਿੱਚ ਅਮੈਰਿਕਨ ਸਫਾਰਤੀ ਵਫ਼ਦ ਨੂੰ ਆਪਣੇ ਮੁਲਾਜ਼ਮਾਂ ਵਾਸਤੇ ਸੁਰੱਖਿਆ ਅਲਰਟ ਜਾਰੀ ਕਰਨਾ ਪਿਆ। ਇੰਡੋਨੇਸ਼ੀਆ ਦੇ ਜਕਾਰਤਾ ਵਿੱਚ ਅਮਰੀਕੀ ਸਫ਼ਾਰਤਖਾਨੇ ਸਾਹਮਣੇ ਪ੍ਰਦਰਸ਼ਨਕਾਰੀਆਂ ਨੇ ਅਮਰੀਕਾ ਦਾ ਝੰਡਾ ਸਾੜਿਆ। ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਵਿੱਚ ਹਜ਼ਾਰ ਦੇ ਕਰੀਬ ਲੋਕਾਂ ਨੇ ਅਮਰੀਕੀ ਸਫਾਰਤਖਾਨੇ ਨੇੜੇ ਟਰੰਪ ਖ਼ਿਲਾਫ਼ ਨਾਅਰੇ ਲਾਏ ਅਤੇ ਅਮਰੀਕੀ ਰਾਸ਼ਟਰਪਤੀ ਦੀਆਂ ਤਸਵੀਰਾਂ ਅਤੇ ਪੁਤਲੇ ਸਾੜੇ।
ਯੋਰੋਸ਼ਲਮ ਬਾਰੇ ਫ਼ੈਸਲੇ ਬਾਅਦ ਆਲਮੀ ਪੱਧਰ ’ਤੇ ਨਿਖੇੜੇ ਜਾਣ ਦਾ ਸਾਹਮਣਾ ਕਰਨ ਰਹੇ ਵ੍ਹਾਈਟ ਹਾਊਸ ਨੇ ਅੱਜ ਰਾਸ਼ਟਰਪਤੀ ਟਰੰਪ ਦੇ ਇਸ ਫ਼ੈਸਲੇ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਜ਼ਮੀਨੀ ਹਕੀਕਤਾਂ ਦਾ ਝਲਕਾਰਾ ਹੈ ਅਤੇ ਅਮਰੀਕਾ ਮੱਧ ਪੂਰਬ ਸ਼ਾਂਤੀ ਪ੍ਰਕਿਰਿਆ ਲਈ ਵਚਨਬੱਧ ਹੈ। ਇਸ ਮਸਲੇ ’ਚ ਕਿਸੇ ਹੋਰ ਮੁਲਕ ਵੱਲੋਂ ਅਮਰੀਕਾ ਦੇ ਪਦਚਿੰਨ੍ਹਾਂ ’ਤੇ ਚੱਲਣ ਬਾਰੇ ਪੁੱਛਣ ਉਤੇ ਵ੍ਹਾਈਟ ਹਾਊਸ ਪ੍ਰੈੱਸ ਸੈਕਟਰੀ ਸਾਰਾ ਸੈਂਡਰਜ਼ ਨੇ ਕਿਹਾ, ‘ਮੈਂ ਇਹ ਨਹੀਂ ਕਹਿ ਰਹੀ ਕਿ ਉਹ ਨਹੀਂ ਕਰਨਗੇ ਪਰ ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ।’ 

Facebook Comment
Project by : XtremeStudioz