Close
Menu

ਰਾਏ ਬਰੇਲੀ ਹਲਕੇ ਨੂੰ ਪਰਿਵਾਰਵਾਦ ਤੋਂ ਮੁਕਤ ਕਰਾਵਾਂਗੇ: ਸ਼ਾਹ

-- 21 April,2018

ਰਾਏ ਬਰੇਲੀ, 21 ਅਪਰੈਲ
ਗਾਂਧੀ ਪਰਿਵਾਰ ਦੇ ਗੜ੍ਹ ਵਿੱਚ ਕਾਂਗਰਸ ਖ਼ਿਲਾਫ਼ ਹੱਲਾ ਬੋਲਦਿਆਂ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਰਾਏ ਬਰੇਲੀ ਲੋਕ ਸਭਾ ਹਲਕੇ ਨੂੰ ਪਰਿਵਾਰਵਾਦ ਦੀ ਜਕੜ ਵਿੱਚ ‘ਮੁਕਤ’ ਕਰਾਵੇਗੀ ਤੇ ਇਸ ਨੂੰ ਵਿਕਾਸ ਦੀ ਲੀਹ ’ਤੇ ਪਾਵੇਗੀ।
ਇੱਥੇ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਰਾਏ ਬਰੇਲੀ ਦੇ ਲੋਕਾਂ ਨੇ ਚੋਟੀ ਦੇ ਕਾਂਗਰਸ ਆਗੂਆਂ ਦੇ ਹੱਕ ਵਿੱਚ ਵੋਟਾਂ ਪਾਈਆਂ ਪਰ ਹਾਲੇ ਤੱਕ ਵੀ ਇੱਥੇ ਵਿਕਾਸ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ‘‘ ਰਾਏ ਬਰੇਲੀ ਨੇ ਆਜ਼ਾਦੀ ਤੋਂ ਬਾਅਦ ਸਿਰਫ਼ ‘ਪਰਿਵਾਰਵਾਦ’ ਦੇਖਿਆ ਹੈ ਪਰ ਅਜੇ ਤੱਕ ਵਿਕਾਸ ਨਹੀਂ ਹੋਇਆ…ਮੈਂ ਇੱਥੇ ਇਹ ਸਪੱਸ਼ਟ ਕਰਨ ਲਈ ਆਇਆ ਹਾਂ ਕਿ ਭਾਜਪਾ ਰਾਏ ਬਰੇਲੀ ਨੂੰ ‘ਪਰਿਵਾਰਵਾਦ’ ਤੋਂ ਮੁਕਤ ਕਰਵਾਉਣ ਲਈ ਅੱਜ ਤੋਂ ਮੁਹਿੰਮ ਸ਼ੁਰੂ ਕਰੇਗੀ ਤੇ ਇਸ ਨੂੰ ‘ਵਿਕਾਸਵਾਦ’ ਦੇ ਰਾਹ ਤੋਰੇਗੀ। ਸ੍ਰੀ ਸ਼ਾਹ ਨੇ ਕਿਹਾ ‘‘ ਕਾਂਗਰਸ ਤੇ ਇਸ ਦੀ ਲੀਡਰਸ਼ਿਪ ਨੇ ਸਾਲਾਂ ਤੋਂ ਉੱਤਰ ਪ੍ਰਦੇਸ਼ ਤੇ ਰਾਏ ਬਰੇਲੀ ਵਿੱਚ ਰਾਜ ਕੀਤਾ ਹੈ ਪਰ ਕਮਿਊਨਿਟੀ ਸਿਹਤ ਕੇਂਦਰ ਤੇ ਮੁਢਲੇ ਸਿਹਤ ਕੇਂਦਰ ਦਾ ਭੂਮੀ ਪੂਜਨ ਕੁਝ ਦੇਰ ਪਹਿਲਾਂ ਹੋਇਆ ਸੀ ਅਤੇ ਯੋਗੀ ਅਦਿਤਿਆਨਾਥ ਦੀ ਅਗਵਾਈ ਹੇਠਲੀ ਰਾਜ ਸਰਕਾਰ ਨੇ ਹਲਕੇ ਦੇ ਵਿਕਾਸ ਲਈ ਬਹੁਤ ਕੁਝ ਕੀਤਾ ਹੈ… ਹੁਣ ਕੁਝ ਕਾਂਗਰਸ ਆਗੁੂਆਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਸਾਡੀ ਜ਼ਿੰਮੇਵਾਰੀ ਹੋ ਗਈ ਹੈ ਕਿ ਅਸੀਂ ਇਸ ਦਾ ਚੌਤਰਫ਼ਾ ਵਿਕਾਸ ਕਰਵਾਈਏ।’’ ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦਰਜ ਕਰੇਗੀ। ਸ੍ਰੀ ਸ਼ਾਹ ਨੇ ਮੰਗ ਕੀਤੀ ਕਿ ਰਾਹੁਲ ਗਾਂਧੀ ‘ਭਗਵੇਂ ਅਤਿਵਾਦ’ ਸ਼ਬਦ ਦੀ ਵਰਤੋਂ ਕਰ ਕੇ ਹਿੰਦੂ ਧਰਮ ਦਾ ਦੁਨੀਆ ਭਰ ਵਿੱਚ ਅਪਮਾਨ ਕਰਨ ਬਦਲੇ ਮੁਆਫ਼ੀ ਮੰਗਣ।

ਪੰਡਾਲ ਵਿੱਚ ਅੱਗ ਲੱਗਣ ਕਾਰਨ ਪਈ ਭਾਜੜ

ਭਾਜਪਾ ਦੀ ਰੈਲੀ ਦੌਰਾਨ ਪੰਡਾਲ ਵਿੱਚ ਪੱਤਰਕਾਰਾਂ ਦੀਆਂ ਕੁਰਸੀਆਂ ਲਾਗੇ ਸ਼ਾਰਟ ਸਰਕਟ  ਹੋਣ ਕਾਰਨ ਅੱਗ ਲੱਗ ਗਈ ਜਿਸ ਕਾਰਨ ਭਗਦੜ ਮੱਚ ਗਈ। ਉਂਜ ਜਲਦੀ ਹੀ ਅੱਗ ’ਤੇ ਕਾਬੂ ਪਾ  ਲਿਆ ਗਿਆ। ਅੱਗ ਉਦੋਂ ਲੱਗੀ ਜਦੋਂ ਪਾਰਟੀ ਦੇ ਸੂਬਾਈ ਪ੍ਰਧਾਨ ਮਹੇਂਦਰਨਾਥ ਪਾਂਡੇ ਮਾਈਕ  ’ਤੇ ਸੰਬੋਧਨ ਕਰ ਰਹੇ ਸਨ।

Facebook Comment
Project by : XtremeStudioz