Close
Menu

ਰਾਜਸੀ ਰੰਜਿਸ਼ ਕਾਰਨ ਗੋਲੀਆਂ ਮਾਰ ਕੇ 5 ਦੀ ਹੱਤਿਆ

-- 19 September,2017

ਨਵੀਂ ਦਿੱਲੀ, ਫਰੀਦਾਬਾਦ ਜ਼ਿਲ੍ਹੇ ਦੇ ਪਿੰਡ ਪਲਵਲੀ ਵਿੱਚ ਪੰਚਾਇਤੀ ਚੋਣਾਂ ਦੌਰਾਨ ਪੈਦਾ ਹੋਈ ਰੰਜ਼ਿਸ਼ ਕਾਰਨ ਇੱਕੋ ਪਰਿਵਾਰ ਦੇ ਤਿੰਨ ਜੀਆਂ ਸਣੇ ਕੁੱਲ 5 ਵਿਅਕਤੀਆਂ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱੱਤਾ ਗਿਆ ਤੇ 8 ਹੋਰ ਜ਼ਖ਼ਮੀ ਕਰ ਦਿੱਤੇ ਗਏ।
ਬੀਤੀ ਰਾਤ ਪੌਣੇ ਦਸ ਵਜੇ ਦੇ ਕਰੀਬ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਜ਼ਿਲ੍ਹਾ ਪੁਲੀਸ ਕਮਿਸ਼ਨਰ ਹਾਨੀਫ਼ ਕੁਰੈਸ਼ੀ ਵੱਲੋਂ ਇਸ ਕਤਲ ਕਾਂਡ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਗਠਿਤ ਕੀਤੀ ਗਈ ਹੈ  ਤੇ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲੀਸ ਨੇ 19 ਲੋਕਾਂ ਨੂੰ ਹਿਰਾਸਤ ਵਿੱਚ ਲੈ ਕੇ ਗੋਲ਼ੀ ਕਾਂਡ ਬਾਰੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਜਦੋਂ ਕਿ 10 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੂਤਰਾਂ ਮੁਤਾਬਕ ਦੋ ਦਰਜਨ ਦੇ ਕਰੀਬ ਲੋਕਾਂ ਨੂੰ ਇਸ ਕਤਲ ਕਾਂਡ ਵਿੱਚ ਨਾਮਜ਼ਦ ਕੀਤਾ ਜਾ ਚੁੱਕਾ ਹੈ। ਮ੍ਰਿਤਕਾਂ ਦੀ ਪਛਾਣ ਸ੍ਰੀਚੰਦ (70 ਸਾਲ), ਰਜਿੰਦਰ (40 ਸਾਲ), ਦਵਿੰਦਰ (35 ਸਾਲ), ਈਸ਼ਵਰ (35 ਸਾਲ) ਤੇ ਨਵੀਨ (19 ਸਾਲ) ਦੱਸੀ ਗਈ ਹੈ। ਮ੍ਰਿਤਕਾਂ ਵਿੱਚ ਇੱਕੋ ਪਰਿਵਾਰ ਦੇ ਤਿੰਨ ਜੀਅ ਸ਼ਾਮਲ ਹਨ ਤੇ ਦੋ ਉਨ੍ਹਾਂ ਦੇ ਗੁਆਂਢੀ ਹਨ ਜੋ ਹਮਲੇ ਦੌਰਾਨ ਝਗੜੇ ਵਿੱਚ ਆ ਪਏ। ਪੁਲੀਸ ਮੁਤਾਬਕ ਸ੍ਰੀ ਚੰਦ ਦੇ ਘਰ ਵਿਖੇ ਰਾਤ ਵੇਲੇ ਹਥਿਆਰਬੰਦ ਹੋ ਕੇ ਕੁੱਝ ਲੋਕ ਜਬਰੀ ਦਾਖ਼ਲ ਹੋਏ ਤੇ ਕਈ ਗੋਲ਼ੀਆਂ ਚਲਾ ਦਿੱਤੀਆਂ ਜਿਸ ਕਰਕੇ ਪਰਿਵਾਰ ਦੇ 5 ਜੀਆਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਦੋਸ਼ ਲਾਇਆ ਗਿਆ ਹੈ ਕਿ ਸਰਪੰਚੀ ਦੀ ਚੋਣ ਦੌਰਾਨ ਪੀੜਤ ਪਰਿਵਾਰ ਵੱਲੋਂ ਹਮਲਾਵਰ ਧਿਰ ਦੇ ਉਮੀਦਵਾਰ ਨੂੰ ਵੋਟਾਂ ਨਹੀਂ ਪਾਈਆਂ ਗਈਆਂ ਤੇ ਸਰਪੰਚ ਦੇ ਪਤੀ ਬਿੱਲੂ ਨਾਂ ਦੇ ਵਿਅਕਤੀ ਨੇ ਕਥਿਤ ਹਮਲਾ ਕਰ ਦਿੱਤਾ। ਵਾਰਦਾਤ ਦਾ ਪਤਾ ਲੱਗਦੇ ਹੀ ਕੇਂਦਰੀ ਰਾਜ ਮੰਤਰੀ ਕ੍ਰਿਸ਼ਨਪਾਲ ਗੁੱਜਰ, ਵਿਧਇਕਾ ਸੀਮਾ ਤ੍ਰਿਖਾ, ਤੇ ਹੋਰ ਆਗੂ ਹਸਪਤਾਲ ਪੁੱਜੇ ਤੇ ਪੀੜਤ ਧਿਰ ਨਾਲ ਦੁੱਖ ਸਾਂਝਾ ਕੀਤਾ। ਸ੍ਰੀ ਗੁੱਜਰ ਨੇ ਕਿਹਾ ਕਿ ਹਮਲਾਵਾਰ ਕਿੰਨਾ ਵੀ ਤਾਕਤਵਰ ਕਿਉਂ ਨਾ ਹੋਵੇ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਫਰੀਦਾਬਾਦ ਕਤਲ ਕਾਂਡ: ਵਕੀਲਾਂ ਵੱਲੋਂ ਹੜਤਾਲ

ਜ਼ਿਲ੍ਹਾ ਫਰੀਦਾਬਾਦ ਬਾਰ ਐਸੋਸੀਏਸ਼ਨ ਵੱਲੋਂ ਪਲਵਲੀ ਪਿੰਡ ਵਿੱਚ ਵਕੀਲ ਲਲਿਤ ਗੌੜ ਦੇ ਪਰਿਵਾਰਕ ਮੈਂਬਰਾਂ ਦੇ ਕਥਿਤ ਕਤਲ ਦੇ ਰੋਸ ਵਜੋਂ ਜ਼ਿਲ੍ਹਾ ਅਦਾਲਤ ਵਿੱਚ ਹੜਤਾਲ ਕੀਤੀ ਤੇ ਜ਼ਿਲ੍ਹੇ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਉੱਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ। ਲਲਿਤ ਗੌੜ ਭਾਜਪਾ ਵਿਧਾਇਕ ਸੀਮਾ ਤ੍ਰਿਖਾ ਦੇ ਪਤੀ ਅਸ਼ਵਨੀ ਤ੍ਰਿਖਾ ਦਾ ਜੂਨੀਅਰ ਵਕੀਲ ਹੈ।

Facebook Comment
Project by : XtremeStudioz