Close
Menu

ਰਾਫੇਲ ਲੜਾਕੂ ਜਹਾਜ ਸੌਦੇ ਦੀ ਜਾਂਚ ਸਾਂਝੀ ਪਾਰਲੀਮਾਨੀ ਕਮੇਟੀ ਤੋਂ ਕਰਵਾਈ ਜਾਵੇ -ਸੁਨੀਲ ਜਾਖੜ

-- 12 December,2018

ਚੰਡੀਗੜ 12 ਦਸੰਬਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਅੱਜ ਕਾਂਗਰਸ ਸੰਸਦੀ ਦਲ ਵੱਲੋਂ ਲੋਕ ਸਭਾ ਵਿੱਚ ਕਾਰਜ ਸਥਗਨ ਪ੍ਰਸਤਾਵ ਪੇਸ਼ ਕਰਕੇ ਸਰਕਾਰ ਤੋਂ ਸਦਨ ਵਿੱਚ ਰਾਫੇਲ ਲੜਾਕੂ ਜਹਾਜ ਸੌਦੇ ਤੇ ਤੁਰੰਤ ਚਰਚਾ ਕਰਵਾਉਣ ਅਤੇ ਇਸ ਘਪਲੇ ਦੀ ਜਾਂਚ ਸਾਂਝੀ ਪਾਰਲੀਮਾਨੀ ਕਮੇਟੀ ਤੋਂ ਕਰਵਾਉਣ ਦੀ ਮੰਗ ਕੀਤੀ।

ਲੋਕ ਸਭਾ ਦੀ ਬੈਠਕ ਦਿਨ ਭਰ ਲਈ ਉਠਾ ਦਿੱਤੇ ਜਾਣ ਤੋਂ ਬਾਅਦ ਸੰਸਦ ਭਵਨ ਦੇ ਬਾਹਰ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇਸ਼ ਦੀ ਸੁਰੱਖ਼ਿਆ ਨਾਲ ਜੁੜੇ ਇਸ ਅਤੀ ਸੰਵੇਦਨਸ਼ੀਲ ਮਸਲੇ ਤੇ ਚਰਚਾ ਕਰਨ ਤੋਂ ਭੱਜ ਰਹੀ ਹੈ।

ਸ੍ਰੀ ਜਾਖੜ ਨੇ ਆਖਿਆ ਕਿ ਬੀਤੇ ਕੱਲ ਸਰਦ ਰੁੱਤ ਇਜਲਾਸ ਦੀ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਨੇ ਹਰ ਇੱਕ ਮੁੱਦੇ ਤੇ ਚਰਚਾ ਦੀ ਹਾਮੀ ਭਰੀ ਸੀ ਪਰ ਅੱਜ ਇਜਲਾਸ ਦੇ ਦੂਜੇ ਹੀ ਦਿਨ ਐੱਨ ਡੀ ਏ ਸਰਕਾਰ ਆਪਣੇ ਕਾਰਜਕਾਲ ਵਿੱਚ ਕਿੱਤੇ ਵੱਡੇ ਰੱਖਿਆ ਸੌਦੇ ਤੇ ਚਰਚਾ ਕਰਨ ਲਈ ਤਿਆਰ ਨਹੀਂ ਹੋ ਰਹੀ ਹੈ। ਕਾਂਗਰਸ ਪਾਰਟੀ ਵੱਲੋਂ ਅੱਜ ਸਥਗਨ ਪ੍ਰਸਤਾਵ ਰੱਖਣ ਦੀ ਜ਼ਿੰਮੇਵਾਰੀ ਸ੍ਰੀ ਜਾਖੜ ਨੂੰ ਦਿੱਤੀ ਗਈ ਸੀ।

ਸ੍ਰੀ ਜਾਖੜ ਨੇ ਕਿਹਾ ਕਿ ਜਿਸ ਤਰਾਂ ਕੇਂਦਰ ਸਰਕਾਰ ਰਾਫੇਲ ਜਹਾਜ਼ ਸੌਦੇ ਤੇ ਸਦਨ ਵਿਚ ਚਰਚਾ ਤੋਂ ਭੱਜ ਰਹੀ ਹੈ ਇਸ ਤੋਂ ਸਪੱਸਟ ਹੋ ਜਾਂਦਾ ਹੈ ਕਿ ਇਸ ਸਰਕਾਰ ਕੋਲ ਵਿਰੋਧੀ ਧਿਰ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਦਾ ਕੋਈ ਤਰਕ ਭਰਪੂਰ ਜਵਾਬ ਨਹੀਂ ਹੈ ਅਤੇ ਇਸ ਸੌਦੇ ਵਿੱਚ ਜਿਸ ਤਰਾਂ ਸਰਕਾਰ ਦੀ ਇਕ ਚਹੇਤੀ ਕੰਪਨੀ ਨੂੰ ਸ਼ਾਮਲ ਕੀਤਾ ਗਿਆ ਅਤੇ ਜਿਸ ਤਰਾਂ ਜਹਾਜ ਦੀਆਂ ਕੀਮਤਾਂ ਵਧਾਈਆਂ ਗਈਆਂ ਹਨ ਇਹ ਸਭ ਕੁਝ ਵੱਡੇ ਘਪਲੇ ਦਾ ਪ੍ਰਮਾਣ ਬਣਦਾ ਹੈ। ਸ਼੍ਰੀ ਜਾਖੜ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਇਸ ਸੌਦੇ ਰਾਹੀਂ ਆਪਣੇ ਚਹੇਤੇ ਉਦਯੋਗਪਤੀ ਦੀ ਕੰਪਨੀ ਨੂੰ ਇਕ ਲੱਖ ਤੀਹ ਹਜ਼ਾਰ ਕਰੋੜ ਦਾ ਲਾਭ ਦੇਣ ਦਾ ਯਤਨ ਕੀਤਾ ਗਿਆ ਹੈ।

ਸ੍ਰੀ ਜਾਖੜ ਨੇ ਕਿਹਾ ਕਿ ਰਾਫੇਲ ਸੌਦਾ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਮਸਲਾ ਹੈ ਅਤੇ ਕਾਂਗਰਸ ਪਾਰਟੀ ਆਪਣੇ ਜਵਾਨਾਂ ਜਾਂ ਕਿਸਾਨਾਂ ਨਾਲ ਜੁੜੇ ਹਰੇਕ ਮਸਲੇ ਨੂੰ ਜ਼ੋਰਦਾਰ ਤਰੀਕੇ ਨਾਲ ਉਠਾਏਗੀ। ਉਨਾਂ ਕਾਗਜ਼ ਦਾ ਜਹਾਜ਼ ਬਣਾ ਕੇ ਵਿਖਾਉਂਦਿਆਂ ਕਿਹਾ ਕਿ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ ਨਾਂ ਦੀ ਸਰਕਾਰੀ ਕੰਪਨੀ ਤੋਂ ਲੈ ਕੇ ਜਿਸ ਤਰਾਂ ਇਹ ਸੌਦਾ ਇਕ ਨਿੱਜੀ ਕੰਪਨੀ ਨੂੰ ਦਿੱਤਾ ਗਿਆ ਹੈ ਜਿਸਨੂੰ ਰੱਖਿਆ ਉਤਪਾਦ ਬਨਾਉਣ ਦਾ ਕੋਈ ਤਜਰਬਾ ਵੀ ਨਹੀਂ ਹੈ ਇਹ ਆਪਣੇ ਆਪ ਵਿੱਚ ਇੱਕ ਵੱਡੇ ਘਪਲੇ ਵੱਲ ਸੰਕੇਤ ਹੈ।

ਸ੍ਰੀ ਜਾਖੜ ਨੇ ਕਿਹਾ ਕਿ ਰਾਫੇਲ ਡੀਲ ਵਿਚ ਹੋਏ ਵੱਡੇ ਘਪਲੇ ਦੀ ਜਾਂਚ ਸਾਂਝੀ ਪਾਰਲੀਮਾਨੀ ਕਮੇਟੀ ਤੋਂ ਕਰਵਾਈ ਜਾਵੇ ਕਿਉਂਕਿ ਇਹ ਦੇਸ਼ ਦੀਆਂ ਸਰਹੱਦਾਂ ਨਾਲ ਜੁੜਿਆ ਮੁੱਦਾ ਹੈ। ਉਨਾਂ ਕਿਹਾ ਕਿ ਇਹ ਇਸ ਸਮੇਂ ਦੇਸ਼ ਦਾ ਸਭ ਤੋਂ ਮਹੱਤਵਪੂਰਨ ਮਸਲਾ ਹੈ ਜਿਸ ਤੇ ਤੁਰੰਤ ਸਦਨ ਵਿਚ ਵਿਸਥਾਰ ਨਾਲ ਚਰਚਾ ਹੋਣੀ ਚਾਹੀਦੀ ਹੈ।

ਸ੍ਰੀ ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਮੁੱਦੇ ਤੇ ਚੁੱਪ ਨਹੀਂ ਰਹੇਗੀ ਅਤੇ ਸੰਸਦ ਤੋਂ ਦੇਸ਼ ਦੇ ਹਰ ਪਿੰਡ ਅਤੇ ਹਰ ਸ਼ਹਿਰ ਦੀ ਸੜਕ ਤੱਕ, ਪਾਰਲੀਮੈਂਟ ਤੋਂ ਪੰਚਾਇਤ ਤਕ ਉਹ ਇਹ ਮੁੱਦਾ ਲੋਕਾਂ ਸਾਹਮਣੇ ਰੱਖੇਗੀ ਤਾਂ ਜੋ ਮੋਦੀ ਸਰਕਾਰ ਦੇ ਕਾਲੇ ਕਾਰਨਾਮੇ ਜਨਤਾ ਸਾਹਮਣੇ ਉਜਾਗਰ ਕੀਤੇ ਜਾ ਸਕਣ।

ਸ਼੍ਰੀ ਜਾਖੜ ਨੇ ਕਿਹਾ ਕਿ ਪੰਜ ਰਾਜਾਂ ਦੀਆਂ ਚੋਣਾਂ ਨੇ ਸਪੱਸਟ ਕਰ ਦਿੱਤਾ ਹੈ ਕਿ ਦੇਸ ਦਾ ਆਵਾਮ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਪੂਰੀ ਤਰਾਂ ਅੱਕ ਚੁੱਕਿਆ ਹੈ ਅਤੇ ਉਹ ਇਕ ਬਦਲਾਅ ਚਾਹੁੰਦਾ ਹੈ। ਉਨਾਂ ਕਿਹਾ ਕਿ 2019 ਦੀਆਂ ਆਮ ਚੋਣਾਂ ਵਿੱਚ ਭਾਜਪਾ ਦਾ ਦੇਸ਼ ਵਿੱਚੋਂ ਸਫ਼ਾਇਆ ਹੋ ਜਾਵੇਗਾ।

Facebook Comment
Project by : XtremeStudioz