Close
Menu

ਰਾਸ਼ਿਦ ਖ਼ਾਨ ਹੱਥ ਹੋਵੇਗੀ ਭਾਰਤ ਖ਼ਿਲਾਫ਼ ਗੇਂਦਬਾਜ਼ੀ ਦੀ ਕਮਾਂਡ

-- 30 May,2018

ਨਵੀਂ ਦਿੱਲੀ, 30 ਮਈ; ਦੁਨੀਆਂ ਦੇ ਸੀਨੀਅਰ ਟੀ-20 ਗੇਂਦਬਾਜ਼ ਰਾਸ਼ਿਦ ਖ਼ਾਨ 14 ਜੂਨ ਤੋਂ ਬੰਗਲੌਰ ਵਿੱਚ ਭਾਰਤ ਖ਼ਿਲਾਫ਼ ਸ਼ੁਰੂ ਹੋਣ ਵਾਲੇ ਇਤਿਹਾਸਕ ਇੱਕੋ-ਇੱਕ ਪਲੇਠੇ ਟੈਸਟ ਮੈਚ ਵਿੱਚ ਅਫ਼ਗਾਨਿਸਤਾਨ ਦੀ ਟੀਮ ਵਿੱਚ ਫ਼ਿਰਕੀ ਗੇਂਦਬਾਜ਼ੀ ਦੀ ਅਗਵਾਈ ਕਰੇਗਾ। ਆਈਪੀਐਲ ਵਿੱਚ ਤਹਿਲਕਾ ਮਚਾਉਣ ਵਾਲੇ ਰਾਸ਼ਿਦ ਅਤੇ ਨੌਜਵਾਨ ਮੁਜੀਬ-ਉਰ-ਰਹਿਮਾਨ ਤੋਂ ਇਲਾਵਾ ਦੋ ਹੋਰ ਫ਼ਿਰਕੀ ਗੇਂਦਬਾਜ਼ ਜ਼ਹੀਰ ਖ਼ਾਨ ਅਤੇ ਆਮਿਰ ਹਮਜ਼ਾ ਹੋਟਕ ਨੂੰ ਅਸਗਰ ਸਟੈਨਿਕਜ਼ਈ ਦੀ ਕਪਤਾਨੀ ਵਾਲੀ ਟੀਮ ਵਿੱਚ ਰੱਖਿਆ ਗਿਆ ਹੈ। ਰਾਸ਼ਿਦ ਅਤੇ ਮੁਜ਼ੀਬ ਨੇ ਟੀ-20 ਵਿੱਚ ਪੂਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੈ, ਪਰ ਦੋਵਾਂ ਨੇ ਹੁਣ ਟੈਸਟ ਮੈਚ ਵਿੱਚ ਵੱਖਰੀ ਚੁਣੌਤੀ ਦਾ ਸਾਹਮਣਾ ਕਰਨਾ ਹੈ। ਦੋਵਾਂ ਵਿੱਚ ਸਿਰਫ਼ ਰਾਸ਼ਿਦ ਨੇ ਚਾਰ ਟੈਸਟ ਮੈਚ ਖੇਡੇ ਹਨ। ਬੱਲੇਬਾਜ਼ੀ ਦੀ ਜ਼ਿੰਮੇਵਾਰੀ ਮੁੱਖ ਤੌਰ ’ਤੇ ਕਪਤਾਨ ਸਟੈਨਿਕਜ਼ਈ, ਸਲਾਮੀ ਬੱਲੇਬਾਜ਼ ਮੁਹੰਮਦ ਸ਼ਹਿਜ਼ਾਦ ਅਤੇ ਹਰਫ਼ਨਮੌਲਾ ਮੁਹੰਮਦ ਨਬੀ ’ਤੇ ਹੋਵੇਗੀ। ਇਨ੍ਹਾਂ ਵਿੱਚ ਸਿਰਫ਼ ਚਾਰ ਖਿਡਾਰੀਆਂ ਨੂੰ 20 ਤੋਂ ਵੱਧ ਟੈਸਟ ਮੈਚਾਂ ਦਾ ਤਜਰਬਾ ਹੈ। ਨਬੀ ਨੇ ਸਭ ਤੋਂ ਵੱਧ 32 ਟੈਸਟ ਮੈਚ ਖੇਡੇ ਹਨ। ਅਫ਼ਗਾਨਿਸਤਾਨ ਨੂੰ ਆਪਣੇ ਅਨੁਭਵੀ ਤੇਜ਼ ਗੇਂਦਬਾਜ਼ ਦੌਲਤ ਜ਼ਾਦਰਾਨ ਦੀ ਘਾਟ ਰੜਕੇਗੀ, ਜੋ ਸੱਟ ਕਾਰਨ ਬਾਹਰ ਹੋ ਗਿਆ। ਤੇਜ਼ ਗੇਂਦਬਾਜ਼ੀ ਵਿਭਾਗ ਦੀ ਜ਼ਿੰਮੇਵਾਰੀ ਯਾਮਿਨ ਅਹਿਮਦਜ਼ਈ ਵਫ਼ਾਦਾਰ ਅਤੇ ਸੈਯਦ ਸ਼ਿਰਜ਼ਾਦ ’ਤੇ ਹੋਵੇਗੀ। ਸਾਰਿਆਂ ਦੀਆਂ ਨਜ਼ਰਾਂ ਰਾਸ਼ਿਦ ’ਤੇ ਹੋਣਗੀਆਂ ਜਿਸ ਨੂੰ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ‘ਵਿਸ਼ਵ ਕੱਪ ਸਰਵੋਤਮ ਟੀ-20 ਗੇਂਦਬਾਜ਼’ ਕਿਹਾ ਸੀ। ਭਾਰਤ ਦੇ ਕਾਰਜਕਾਰੀ ਕਪਤਾਨ ਅਜਿੰਕਿਆ ਰਹਾਣੇ ਨੇ ਕਿਹਾ, ‘‘ਉਹ (ਰਾਸ਼ਿਦ ਖ਼ਾਨ) ਸੱਚਮੁੱਚ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ। ਉਹ ਸਨਰਾਈਜ਼ਰਜ਼ ਹੈਦਰਾਬਾਦ ਲਈ ਸ਼ਾਨਦਾਰ ਖੇਡਿਆ। ਉਹ ਬਿਹਤਰੀਨ ਗੇਂਦਬਾਜ਼ ਹੈ ਅਤੇ ਹਰ ਕਿਸੇ ਨੂੰ ਇਹ ਮੰਨਣਾ ਚਾਹੀਦਾ ਹੈ  ਅਤੇ ਉਸ ਦਾ ਸਨਮਾਨ ਕਰਨਾ ਚਾਹੀਦਾ ਹੈ।’’   

ਇੱਕ ਰੋਜ਼ਾ ਟੀਮ ਤੋਂ ਬਾਹਰ ਹੋਣ ਦਾ ਗ਼ਮ ਨਹੀਂ: ਰਹਾਣੇ
ਮੁੰਬਈ: ਭਾਰਤੀ ਬੱਲੇਬਾਜ਼ ਅਜਿੰਕਿਆ ਰਹਾਣੇ ਨੇ ਕਿਹਾ ਹੈ ਕਿ ਉਸ ਨੂੰ ਕੌਮੀ ਟੀਮ ਦੇ ਇੱਕ ਰੋਜ਼ਾ ਅਤੇ ਟੀ-20 ਲਈ ਨਾ ਚੁਣੇ ਜਾਣ ਤੋਂ ਕਿਸੇ ਤਰ੍ਹਾਂ ਦੀ ਨਿਰਾਸ਼ਾ ਨਹੀਂ। ਹੁਣ ਉਹ ਆਪਣਾ ਪੂਰਾ ਧਿਆਨ ਇੰਗਲੈਂਡ ਦੇ ਟੈਸਟ ਦੌਰੇ ’ਤੇ ਲਾ ਰਹੇ ਹਨ। ਭਰੋਸੇਮੰਦ ਬੱਲੇਬਾਜ਼ ਰਹਾਣੇ ਨੂੰ ਇੰਗਲੈਂਡ ਦੌਰੇ ਲਈ ਸੀਮਤ ਓਵਰ ਟੀਮ ਤੋਂ ਬਾਹਰ ਰੱਖਿਆ ਗਿਆ ਹੈ, ਪਰ ਉਹ ਪੰਜ ਮੈਚਾਂ ਦੀ ਟੈਸਟ ਲੜੀ ਦਾ ਹਿੱਸਾ ਹੈ। ਭਾਰਤੀ ਖਿਡਾਰੀ ਨੇ ਇੱਕੇ ਸੀਐਟ ਕ੍ਰਿਕਟ ਐਵਾਰਡ ਪ੍ਰੋਗਰਾਮ ਤੋਂ ਵੱਖਰੇ ਤੌਰ ’ਤੇ ਕਿਹਾ, ‘‘ਸੀਮਤ ਓਵਰਾਂ ਦੇ ਮੈਚ ਵਿੱਚ ਨਾ ਖੇਡਣ ਦਾ ਮੈਨੂੰ ਕੋਈ ਅਫਸੋਸ ਨਹੀਂ, ਸਗੋਂ ਇਸ ਨਾਲ ਮੈਨੂੰ ਟੈਸਟ ਲੜੀ ਦੀਆਂ ਤਿਆਰੀਆਂ ਲਈ ਵੱਧ ਸਮਾਂ ਮਿਲ ਗਿਆ ਹੈ।’’ ਇੰਗਲੈਂਡ ਲੜੀ ਤੋਂ ਪਹਿਲਾਂ ਵਿਰਾਟ ਕੋਹਲੀ ਦੀ ਗ਼ੈਰ-ਮੌਜੂਦਗੀ ਵਿੱਚ ਰਹਾਣੇ ਨੂੰ ਅਫ਼ਗਾਨਿਸਤਾਨ ਖ਼ਿਲਾਫ਼ ਹੋਣ ਵਾਲੇ ਇੱਕੋ-ਇੱਕ ਪਲੇਠੇ ਟੈਸਟ ਲਈ ਭਾਰਤੀ ਟੀਮ ਦੀ ਕਪਤਾਨੀ ਵੀ ਸੌਂਪੀ ਗਈ ਹੈ। ਇਹ ਮੈਚ ਬੰਗਲੌਰ ਵਿੱਚ 14 ਜੂਨ ਨੂੰ ਖੇਡਿਆ ਜਾਵੇਗਾ।    

Facebook Comment
Project by : XtremeStudioz