Close
Menu

ਰਾਸ਼ਿਦ ਵੱਲੋਂ ਵੌਹਨ ਦੀਆਂ ਟਿੱਪਣੀਆਂ ‘ਨਾਸਮਝੀ’ ਕਰਾਰ

-- 28 July,2018

ਲੰਡਨ, ਇੰਗਲੈਂਡ ਦੇ ਲੈੱਗ ਸਪਿੰਨਰ ਆਦਿਲ ਰਾਸ਼ਿਦ ਨੇ ਮਾਈਕਲ ਵੌਹਨ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਇਸ ਸਾਬਕਾ ਕਪਤਾਨ ਦੀਆਂ ਟਿੱਪਣੀਆਂ ‘ਬੇਅਕਲੀਆਂ’ ਹਨ ਤੇ ਉਸ ਲਈ ਕੋਈ ਮਾਇਨੇ ਨਹੀਂ ਰੱਖਦੀਆਂ। ਵਾਨ ਨੇ ਬੀਤੇ ਦਿਨ ਰਾਸ਼ਿਦ ਨੂੰ ਭਾਰਤ ਖ਼ਿਲਾਫ਼ ਟੈਸਟ ਟੀਮ ’ਚ ਸ਼ਾਮਲ ਕਰਨ ਦੇ ਫ਼ੈਸਲੇ ਦੀ ਨੁਕਤਾਚੀਨੀ ਕੀਤੀ ਸੀ। ਰਾਸ਼ਿਦ ਦੀ ਟੀਮ ’ਚ ਵਾਪਸੀ ਨੂੰ ਲੈ ਕੇ ਸਾਬਕਾ ਕ੍ਰਿਕਟਰਾਂ ਨੇ ਜਿੱਥੇ ਸਖ਼ਤ ਪ੍ਰਤੀਕਿਰਿਆ ਦਿੱਤੀ, ਉਥੇ ਵਾਨ ਨੇ ਇਸ ਨੂੰ ‘ਹਾਸੋਹੀਣਾ’ ਕਰਾਰ ਦਿੱਤਾ ਸੀ।
ਯਾਦ ਰਹੇ ਕਿ ਮਾਈਕਲ ਵੌਹਨ ਨੇ ਚੋਣਕਾਰਾਂ ਦੇ ਫ਼ੈਸਲੇ ’ਤੇ ਉਜ਼ਰ ਕਰਦਿਆਂ ਕਿਹਾ ਕਿ ਜਿਹੜਾ ਖਿਡਾਰੀ ਲੰਮੇ ਅਰਸੇ ਦੀ ਵੰਨਗੀ ’ਚ ਨਹੀਂ ਖੇਡਣਾ ਚਾਹੁੰਦਾ, ਉਸ ਨੂੰ ਮਹਿਜ਼ ਸੀਮਤ ਓਵਰਾਂ ਦੀ ਲੈਅ ਕਰਕੇ ਟੈਸਟ ਟੀਮ ’ਚ ਥਾਂ ਦਿੱਤੀ ਗਈ ਹੈ। ਤੀਹ ਸਾਲਾ ਰਾਸ਼ਿਦ ਨੇ 2018 ਸੈਸ਼ਨ ਲਈ ਯਾਰਕਸ਼ਾਇਰ ਨਾਲ ਸਿਰਫ ਸੀਮਤ ਓਵਰਾਂ ਦੀ ਕ੍ਰਿਕਟ ਲਈ ਕਰਾਰ ਕੀਤਾ ਹੈ।
ਰਾਸ਼ਿਦ ਨੇ ਉਸ ਦੀ ਟੀਮ ’ਚ ਵਾਪਸੀ ਨੂੰ ਲੈ ਕੇ ਵਾਨ ਵੱਲੋਂ ਕੀਤੀਆਂ ਟਿੱਪਣੀਆਂ ਨੂੰ ਸਾਬਕਾ ਖਿਡਾਰੀਆਂ ਵੱਲੋਂ ਕੀਤੀ ਨੁਕਤਾਚੀਨੀ ਦਾ ਹੀ ਹਿੱਸਾ ਦੱਸਿਆ ਹੈ। ਇਸ ਗੇਂਦਬਾਜ਼ ਨੇ ਬੀਬੀਸੀ ਸਪੋਰਟਸ ਨਾਲ ਗੱਲਬਾਤ ਕਰਦਿਆਂ ਕਿਹਾ, ‘ਉਹ (ਵੌਨ) ਕੁਝ ਵੀ ਕਹਿ ਸਕਦਾ ਹੈ। ਉਸ ਨੂੰ ਗ਼ਲਤਫ਼ਹਿਮੀ ਹੈ ਕਿ ਲੋਕ ਉਸ ਦੀ ਸੁਣਦੇ ਹਨ। ਉਹ ਕੀ ਕਹਿੰਦਾ ਹੈ, ਕਈ ਲੋਕਾਂ ਨੂੰ ਇਸ ਵਿੱਚ ਭੋਰਾ ਵੀ ਦਿਲਚਸਪੀ ਨਹੀਂ ਹੈ। ਉਹਦੀਆਂ ਟਿੱਪਣੀਆਂ ਕਿਸੇ ਲਈ ਕੋਈ ਮਾਇਨੇ ਨਹੀਂ ਰੱਖਦੀਆਂ।’
ਰਾਸ਼ਿਦ ਨੇ ਕਿਹਾ, ‘ਜਦੋਂ ਮੈਂ ਪਿਛਲੇ ਸਾਲ ਦੀ ਸ਼ੁਰੂਆਤ ਵਿੱਚ ਕਿਹਾ ਸੀ ਕਿ ਮੈਂ ਪੰਜ ਰੋਜ਼ਾ ਕ੍ਰਿਕਟ ਨਹੀਂ ਖੇਡਾਂਗਾ, ਉਦੋਂ ਵੀ ਉਹਨੇ ਕੁਝ ਵਿਵਾਦਿਤ ਟਵੀਟ ਕਰਕੇ ਬੇਅਕਲੀ ਵਾਲੀਆਂ ਗੱਲਾਂ ਕੀਤੀਆਂ ਸਨ।’ ਇੰਗਲੈਂਡ ਲਈ ਦਸ ਟੈਸਟ ਮੈਚਾਂ ਵਿੱਚ 38 ਵਿਕਟ ਲੈਣ ਵਾਲੇ ਰਾਸ਼ਿਦ ਨੇ ਕਿਹਾ, ‘ਮੈਨੂੰ ਨਹੀਂ ਲਗਦਾ ਕਿ ਉਸ ਕੋਲ ਮੇਰੇ ਖ਼ਿਲਾਫ਼ ਕੋਈ ਏਜੰਡਾ ਹੈ।’

Facebook Comment
Project by : XtremeStudioz