Close
Menu

ਰਾਹੁਲ ਨੇ ਮੋਦੀ ਨੂੰ ਤੇਲ ਕੀਮਤਾਂ ਘੱਟ ਕਰਨ ਦੀ ਦਿੱਤੀ ਚੁਣੌਤੀ

-- 25 May,2018

ਨਵੀਂ ਦਿੱਲੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਦੇਸ਼ ਵਿੱਚ ਰੋਜ਼ਾਨਾਂ ਵਧ ਰਹੀਆਂ ਤੇਲ ਕੀਮਤਾਂ ਨੂੰ ਘੱਟ ਕਰਕੇ ਦਿਖਾਉਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਉਹ ਤੇਲ ਕੀਮਤਾਂ ਨਹੀਂ ਘਟਾ ਸਕਦੇ ਤਾਂ ਫਿਰ ਕਾਂਗਰਸ ਦੀ ਦੇਸ਼ਵਿਆਪੀ ਹੜਤਾਲ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।
ਰਾਹੁਲ ਗਾਂਧੀ ਨੇ ਟਵਿੱਟਰ ਉੱਤੇ ਹੈਸ਼ਟੈਗ ‘ਫਿਊਲ ਚੈਲੰਜ’ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਬੋਧਨ ਹੁੰਦਿਆਂ ਲਿਖਿਆ ਹੈ ਕਿ ਜਿਵੇਂ ਉਨ੍ਹਾਂ ਨੇ ਵਿਰਾਟ ਕੋਹਲੀ ਦੀ ਫਿਟਨੈੱਸ ਸਬੰਧੀ ਆਨਲਾਈਨ ਚੁਣੌਤੀ ਨੂੰ ਸਵੀਕਾਰ ਕੀਤਾ ਹੈ, ਉਸ ਤਰ੍ਹਾਂ ਹੀ ਉਹ ਉਸ ਵੱਲੋਂ ਤੇਲ ਕੀਮਤਾਂ ਘੱਟ ਕਰਨ ਦੀ ਚੁਣੌਤੀ ਨੂੰ ਸਵੀਕਾਰ ਕਰਨ, ਨਹੀਂ ਤਾਂ ਫਿਰ ਕਾਂਗਰਸ ਦੇਸ਼ ਵਿਆਪੀ ਹੜਤਾਲ ਕਰੇਗੀ ਅਤੇ ਤੁਹਾਨੂੰ ਕੀਮਤਾਂ ਘੱਟ ਕਰਨ ਦੇ ਲਈ ਮਜ਼ਬੂਰ ਕਰ ਦੇਵੇਗੀ।
ਇਸ ਦੌਰਾਨ ਹੀ ਕਾਂਗਰਸ ਦੇ ਕਮਿਊਨੀਕੇਸ਼ਨ ਇੰਚਾਰਜ ਰਣਦੀਪ ਸੂਰਜੇਵਾਲਾ ਨੇ ਮੋਦੀ ਵੱਲੋਂ ਤੇਲ ਕੀਮਤਾਂ ਵਿੱਚ ਵਾਧੇ ਉੱਤੇ ਧਾਰੀ ਚੁੱਪ ਦਾ ਮਜ਼ਾਕ ਉਡਾਉਂਦਿਆਂ ਚੁਣੌਤੀ ਦਿੱਤੀ ਕਿ ਉਹ ਤੇਲ ਤੋਂ ਕੇਂਦਰੀ ਟੈਕਸ ਲਾ ਕੇ ਲੁੱਟੇ ਦਸ ਲੱਖ ਕਰੋੜ ਰੁਪਏ ਨੂੰ ਵਰਤਣ ਅਤੇ ਤੇਲ ਸਸਤਾ ਕਰਕੇ ਆਮ ਬੰਦੇ ਨੂੰ ਰਹਤ ਦੇ ਕੇ ਉਸਦੀ ‘ਆਰਥਿਕ ਸਿਹਤ’ ਠੀਕ ਕਰਨ। ਉਨ੍ਹਾਂ ਕਿਹਾ,‘ਪ੍ਰਧਾਨ ਮੰਤਰੀ ਜੀ ’ਫਿੱਟਨੈੱਸ’ ਚੁਣੌਤੀ ਸਵੀਕਾਰ ਕਰਕੇ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਘਟਾ ਕੇ ਆਮ ਆਦਮੀ ਦੀ  ਆਰਥਿਕ ਸਿਹਤ ਵਿੱਚ ਸੁਧਾਰ ਕਰੋ।’ ਉਨ੍ਹਾਂ ਦੋਸ਼ ਲਾਇਆ ਕਿ ਕੇਂਦਰੀ ਐਕਸਾਈਜ਼ ਕਰ ਪਿਛਲੇ ਚਾਰ ਸਾਲ ਵਿੱਚ ਗਿਆਰਾਂ ਵਾਰ ਵਧਿਆ ਹੈ।  

Facebook Comment
Project by : XtremeStudioz