Close
Menu

ਰੇਂਜਰਜ਼ ਨੇ ਗੋਲਾਬਾਰੀ ਵਧਾਈ; ਭਾਰਤੀ ਪਾਸੇ 5 ਮੌਤਾਂ, 9 ਫੱਟੜ

-- 24 May,2018

ਜੰਮੂ/ਨਵੀਂ ਦਿੱਲੀ, 24 ਮਈ,ਪਾਕਿਸਤਾਨ ਰੇਂਜਰਜ਼ ਵੱਲੋਂ ਜੰਮੂ-ਕਸ਼ਮੀਰ ਦੇ ਜੰਮੂ, ਕਠੂਆ ਤੇ ਸਾਂਬਾ ਜ਼ਿਲ੍ਹਿਆਂ ਦੇ ਸਰਹੱਦੀ ਪਿੰਡਾਂ ਅਤੇ ਚੌਕੀਆਂ ਉਤੇ ਅੱਜ ਗੋਲਿਆਂ ਦਾ ਮੀਂਹ ਵਰ੍ਹਾਏ ਜਾਣ ਕਾਰਨ ਪੰਜ ਆਮ ਨਾਗਰਿਕ ਮਾਰੇ ਗਏ ਤੇ ਨੌਂ ਹੋਰ ਜ਼ਖ਼ਮੀ ਹੋ ਗਏ। ਦੋ-ਦੋ ਮੌਤਾਂ ਜੰਮੂ ਤੇ ਸਾਂਬਾ ਜ਼ਿਲ੍ਹਿਆਂ ਵਿੱਚ ਅਤੇ ਇਕ ਕਠੂਆ ਜ਼ਿਲ੍ਹੇ ਵਿੱਚ ਹੋਈ। ਬੀਐਸਐਫ਼ ਵੱਲੋਂ ਵੀ ਫਾਇਰਿੰਗ ਦਾ ਠੋਕਵਾਂ ਜਵਾਬ ਦਿੱਤਾ ਜਾ ਰਿਹਾ ਹੈ। ਭਾਰਤ ਨੇ ਮੁਲਕ ਵਿਚਲੇ ਪਾਕਿਸਤਾਨੀ ਡਿਪਟੀ ਹਾਈ ਕਮਿਸ਼ਨਰ ਨੂੰ ਤਲਬ ਕਰ ਕੇ ਇਸ ਘਟਨਾਕ੍ਰਮ ’ਤੇ ਸਖ਼ਤ ਇਤਰਾਜ਼ ਜ਼ਾਹਿਰ ਕੀਤਾ ਹੈ।
ਪਾਕਿਸਤਾਨੀ ਰੇਂਜਰਾਂ ਵੱਲੋਂ ਸੂਬੇ ਦੇ ਜੰਮੂ ਖ਼ਿੱਤੇ ਵਿੱਚ ਕੌਮਾਂਤਰੀ ਸਰਹੱਦ ਅਤੇ ਐਲਓਸੀ ਉਤੇ ਭਾਰੀ ਗੋਲਾਬਾਰੀ ਦਾ ਅੱਜ ਲਗਾਤਾਰ ਨੌਵਾਂ ਦਿਨ ਸੀ। ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਾਂਬਾ ਜ਼ਿਲ੍ਹੇ ਵਿੱਚ ਸਵੇਰੇ 9 ਵਜੇ ਦੇ ਕਰੀਬ ਫਾਇਰਿੰਗ ਸ਼ੁਰੂ ਹੋਈ, ਜਿਸ ਦੌਰਾਨ ਜ਼ਿਲ੍ਹੇ ਵਿੱਚ ਦੋ ਨਾਗਰਿਕ ਮਾਰੇ ਗਏ ਤੇ ਛੇ ਜ਼ਖ਼ਮੀ ਹੋ ਗਏ।
ਕਠੂਆ ਜ਼ਿਲ੍ਹੇ ਵਿੱਚ ਵੀ ਸਰਹੱਦੀ ਚੌਕੀਆਂ ਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਅਧਿਕਾਰੀ ਨੇ ਕਿਹਾ, ‘‘ਕਠੂਆ ਜ਼ਿਲ੍ਹੇ ਦੇ ਹੀਰਾਨਗਰ ਸੈਕਟਰ ਵਿੱਚ ਕੌਮਾਂਤਰੀ ਸਰਹੱਦ ’ਤੇ ਭਾਰੀ ਗੋਲਾਬਾਰੀ ਕੀਤੀ ਜਾ ਰਹੀ ਹੈ।’’ ਉਨ੍ਹਾਂ ਕਿਹਾ ਕਿ ਇਸ ਕਾਰਨ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਇਕ ਦਮ ਤੋੜ ਗਿਆ।
ਇਸੇ ਤਰ੍ਹਾਂ ਜੰਮੂ ਜ਼ਿਲ੍ਹੇ ਦੇ ਅਰਨੀਆ, ਆਰ.ਐਸ. ਪੁਰਾ ਤੇ ਬਿਸ਼ਨਾਹ ਸੈਕਟਰਾਂ ਵਿੱਚ ਬੀਤੀ ਰਾਤ ਤੋਂ ਹੀ ਭਾਰੀ ਗੋਲਾਬਾਰੀ ਕੀਤੀ ਜਾ ਰਹੀ ਹੈ। ਇਸ ਕਾਰਨ ਜ਼ਿਲ੍ਹੇ ਵਿੱਚ ਦੋ ਜਾਨਾਂ ਜਾਂਦੀਆਂ ਰਹੀਆਂ। ਇਕ ਪੁਲੀਸ ਅਫ਼ਸਰ ਨੇ ਦੱਸਿਆ, ‘‘ਪਾਕਿਸਤਾਨ ਵੱਲੋਂ ਆਰ.ਐਸ. ਪੁਰਾ ਸੈਕਟਰ ਵਿੱਚ ਅੱਜ ਸਵੇਰੇ ਕੀਤੀ ਭਾਰੀ ਗੋਲਾਬਾਰੀ ਕਾਰਨ ਇਕ ਵਿਅਕਤੀ ਮਾਰਿਆ ਗਿਆ। ਅਰਨੀਆ ਸੈਕਟਰ ਵਿੱਚ ਇਕ ਜਣਾ ਜ਼ਖ਼ਮੀ ਹੋ ਗਿਆ, ਜਿਸ ਨੇ ਬਾਅਦ ਵਿੱਚ ਦਮ ਤੋੜ ਦਿੱਤਾ।’’ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਸਰਹੱਦ ਉਤੇ ਜੰਗ ਵਾਲੇ ਹਾਲਾਤ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਇੰਨੀ ਭਾਰੀ ਗੋਲਾਬਾਰੀ 1971 ਤੋਂ ਬਾਅਦ ਪਹਿਲੀ ਵਾਰ ਦੇਖੀ ਹੈ ਤੇ ਉਦੋਂ ਵੀ ਹੁਣ ਵਾਂਗ ਸਿੱਧਾ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਨਹੀਂ ਸੀ ਬਣਾਇਆ ਗਿਆ।
ਅਧਿਕਾਰੀਆਂ ਨੇ ਕਿਹਾ ਕਿ ਇਸ ਕਾਰਨ ਸਰਹੱਦ ਨੇੜਲੇ 100 ਦੇ ਕਰੀਬ ਪਿੰਡਾਂ ਨੂੰ ਖ਼ਾਲੀ ਕਰਵਾ ਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਪਿੰਡਾਂ ਨੂੰ ਖ਼ਾਲੀ ਕਰਾਉਣ ਦੀ ਕਾਰਵਾਈ ਬੁਲਟ ਪਰੂਫ਼ ਵਾਹਨਾਂ ਵਿੱਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨ ਪਾਕਿਸਤਾਨੀ ਫਾਇਰਿੰਗ ਵਿੱਚ 20 ਆਮ ਨਾਗਰਿਕ ਜ਼ਖ਼ਮੀ ਹੋ ਗਏ ਸਨ।
ਇਸ ਦੌਰਾਨ ਵਿਦੇਸ਼ ਮੰਤਰਾਲੇ ਨੇ ਅੱਜ ਨਵੀਂ ਦਿੱਲੀ ਸਥਿਤ ਪਾਕਿਸਤਾਨੀ ਡਿਪਟੀ ਹਾਈ ਕਮਿਸ਼ਨਰ ਸਈਦ ਹੈਦਰ ਸ਼ਾਹ ਨੂੰ ਤਲਬ ਕਰ ਕੇ ਗੋਲਾਬਾਰੀ ’ਚ ਸੱਤ ਮਹੀਨੇ ਦੇ ਇਕ ਬੱਚੇ ਸਣੇ ਕਈ ਜਾਨਾਂ ਜਾਣ ਉਤੇ ਸਖ਼ਤ ਰੋਸ ਪ੍ਰਗਟਾਇਆ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਵੱਲੋਂ ‘ਜਾਣ-ਬੁੱਝ ਕੇ’ ਰਿਹਾਇਸ਼ੀ ਇਲਾਕਿਆਂ ਨੂੰ   ਨਿਸ਼ਾਨਾ ਬਣਾਉਣਾ ‘ਬਹੁਤ ਮਾੜੀ’ ਗੱਲ ਹੈ।    

ਸੁਰੱਖਿਆ ਬਲਾਂ ’ਤੇ ਸੁੱਟੇ ਬੰਬ ਕਾਰਨ 10 ਨਾਗਰਿਕ ਜ਼ਖ਼ਮੀ
ਸ੍ਰੀਨਗਰ: ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਅੱਜ ਦਹਿਸ਼ਤਗਰਦਾਂ ਵੱਲੋਂ ਸਲਾਮਤੀ ਦਸਤਿਆਂ ਦੀ ਗਸ਼ਤੀ ਪਾਰਟੀ ਉਤੇ ਬੰਬ ਸੁੱਟੇ ਜਾਣ ਕਾਰਨ 12 ਸਾਲਾ ਮੁੰਡੇ ਤੇ ਕੁਝ ਔਰਤਾਂ ਸਣੇ 10 ਨਾਗਰਿਕ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਇਹ ਹਮਲਾ ਦੱਖਣੀ ਕਸ਼ਮੀਰ ਦੇ ਬਿਜਬਹੇੜਾ ਇਲਾਕੇ ਦੇ ਗੋਰੀਵਾਨ ਚੌਕ ਵਿੱਚ ਕੀਤਾ ਗਿਆ। ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਨ੍ਹਾਂ ਵਿੱਚੋਂ ਚਾਰ ਨੂੰ ਸ੍ਰੀਨਗਰ ਰੈਫ਼ਰ ਕਰ ਦਿੱਤਾ ਗਿਆ। ਆਖ਼ਰੀ ਰਿਪੋਰਟਾਂ ਮਿਲਣ ਤੱਕ ਕਿਸੇ ਅਤਿਵਾਦੀ ਜਥੇਬੰਦੀ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਸੀ ਲਈ। ਸਲਾਮਤੀ ਦਸਤਿਆਂ ਵੱਲੋਂ ਇਲਾਕੇ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ।   

Facebook Comment
Project by : XtremeStudioz