Close
Menu

ਰੇਅਬੋਲਡ ਮਾਮਲੇ ਵਿੱਚ ਟਰੂਡੋ ਨੂੰ ਪਾਰਟੀ ਦੇ ਅੰਦਰੋਂ ਤੇ ਬਾਹਰੋਂ ਕਰਨਾ ਪੈ ਰਿਹਾ ਹੈ ਨੁਕਤਾਚੀਨੀ ਦਾ ਸਾਹਮਣਾ

-- 14 February,2019

ਓਟਵਾ, 14 ਫਰਵਰੀ  : ਜੋਡੀ ਵਿਲਸਨ ਰੇਅਬੋਲਡ ਵੱਲੋਂ ਕੈਬਨਿਟ ਤੋਂ ਅਚਾਨਕ ਅਸਤੀਫਾ ਦਿੱਤੇ ਜਾਣ ਦੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪਾਰਟੀ ਦੇ ਬਾਹਰੋਂ ਤੇ ਅੰਦਰੋਂ ਨੁਕਤਾਚੀਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 
ਹਾਲਾਂਕਿ ਕੁੱਝ ਲਿਬਰਲ ਰੇਅਬੋਲਡ ਨੂੰ ਆਤਮ ਕੇਂਦਰਿਤ ਤੇ ਪਾਰਟੀ ਪ੍ਰਤੀ ਗੈਰਵਫਾਦਾਰ ਦੱਸ ਰਹੇ ਹਨ ਪਰ ਹੋਰਨਾਂ ਵੱਲੋਂ ਉਸ ਨੂੰ ਬਹੁਤ ਹੀ ਹਿੰਮਤ ਵਾਲੀ ਤੇ ਮਜ਼ਬੂਤ ਮਹਿਲਾ ਦੱਸਿਆ ਜਾ ਰਿਹਾ ਹੈ। ਲਿਬਰਲ ਸਟਾਫ ਅਤੇ ਐਮਪੀਜ਼ ਜਿੱਥੇ ਆਪਣੇ ਸਵਾਲਾਂ ਦੇ ਜਵਾਬ ਹਾਸਲ ਕਰਨਾ ਚਾਹੁੰਦੇ ਹਨ ਉੱਥੇ ਹੀ ਇੰਡੀਜੀਨਸ ਆਗੂ ਟਰੂਡੋ ਉੱਤੇ ਰੇਅਬੋਲਡ ਨਾਲ ਲਿੰਗ ਦੇ ਅਧਾਰ ਉੱਤੇ ਫਰਕ ਕਰਨ ਤੇ ਨਸਲਵਾਦ ਦਾ ਦੋਸ਼ ਲਾ ਰਹੇ ਹਨ। 
ਯੂਨੀਅਨ ਆਫ ਬੀਸੀ ਇੰਡੀਅਨ ਚੀਫਜ਼ ਤੇ ਮੈਨੀਟੋਬਾ ਦੇ ਮੈਨੀਟੋਬਾ ਦੇ ਕੀਵਾਤੀਨੋਵੀ ਓਕੀਮਾਕਾਨਾਕ ਗ੍ਰੈਂਡ ਚੀਫ ਗੈਰੀਸਨ ਸੈਟੀ ਨੇ ਆਖਿਆ ਕਿ ਸੁਲ੍ਹਾ ਦੇ ਮਾਮਲੇ ਵਿੱਚ ਇਹ ਤਾਂ ਸਗੋਂ ਹੀ ਉਲਟਾ ਕਦਮ ਹੋ ਗਿਆ ਜਦਕਿ ਅਸੈਂਬਲੀ ਆਫ ਫਰਸਟ ਨੇਸ਼ਨਜ਼ ਦੇ ਨੈਸ਼ਨਲ ਚੀਫ ਪੈਰੀ ਬੈਲੇਗਾਰਡ ਨੇ ਆਖਿਆ ਕਿ ਕੈਬਨਿਟ ਵਿੱਚੋਂ ਰੇਅਬੋਲਡ ਦੇ ਜਾਣ ਨਾਲ ਜੁੜੇ ਕਈ ਅਜਿਹੇ ਸਵਾਲ ਜਿੰਨ੍ਹਾਂ ਦਾ ਜਵਾਬ ਅਜੇ ਤੱਕ ਨਹੀਂ ਮਿਲਿਆ ਚਿੰਤਾ ਦਾ ਵਿਸ਼ਾ ਹਨ। 
ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਕੁੱਝ ਵੀ ਗਲਤ ਨਹੀਂ ਵਾਪਰਿਆ ਹੈ ਤੇ ਉਨ੍ਹਾਂ ਆਖਿਆ ਕਿ ਜੇ ਰੇਅਬੋਲਡ ਨੂੰ ਕੋਈ ਦਬਾਅ ਮਹਿਸੂਸ ਹੋ ਰਿਹਾ ਸੀ ਤਾਂ ਉਸ ਨੂੰ ਉਨ੍ਹਾਂ ਨੂੰ ਪਹਿਲਾਂ ਹੀ ਦੱਸਣਾ ਚਾਹੀਦਾ ਸੀ।

Facebook Comment
Project by : XtremeStudioz