Close
Menu

ਰੇਤ ਖੱਡਾਂ ਦਾ ਮਾਮਲਾ ਈਡੀ ਕੋਲ ਪੁੱਜਾ

-- 26 May,2017

ਚੰਡੀਗਡ਼੍ਹ, ਪੰਜਾਬ ਦੇ ਸਿੰਜਾਈ ਤੇ ਬਿਜਲੀ ਮੰਤਰੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਮੰਨੇ ਜਾਂਦੇ ਰਾਣਾ ਗੁਰਜੀਤ ਸਿੰਘ ਦੀ ਕੰਪਨੀ ਦੇ ਮੁਲਾਜ਼ਮਾਂ ਵੱਲੋਂ ਰੇਤੇ ਦੀਆਂ ਖੱਡਾਂ ਦੀ ਕਰੋਡ਼ਾਂ ਰੁਪਏ ਦੀ ਬੋਲੀ ਦੇਣ ਦਾ ਮਾਮਲਾ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਕੋਲ ਪੁੱਜ ਗਿਆ ਹੈ। ਇਹ ਮਾਮਲਾ ੳੁਜਾਗਰ ਹੋਣ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੱਧਰ ’ਤੇ ਅੱਜ ਇਸ ਮੁੱਦੇ ਨੂੰ ਲੈ ਕੇ ਲੰਮੀ ਚਰਚਾ ਚਲਦੀ ਰਹੀ। ਸਰਕਾਰ ਇਸ ਮਾਮਲੇ ਵਿੱਚੋਂ ਆਪਣੇ ਆਪ ਨੂੰ ਕੱਢਣ ਲਈ ਰਾਹ ਲੱਭ ਰਹੀ ਹੈ। ਦੂਸਰੇ ਪਾਸੇ ਵਿਰੋਧੀ ਧਿਰਾਂ ਆਮ ਆਦਮੀ ਪਾਰਟੀ (ਆਪ) ਅਤੇ ਅਕਾਲੀ ਦਲ ਨੇ ਕੈਪਟਨ ਸਰਕਾਰ ਨੂੰ ਚੁਫੇਰਿਓਂ ਘੇਰ ਕੇ ਸ੍ਰੀ ਰਾਣਾ ਦਾ ਤੁਰੰਤ ਅਸਤੀਫ਼ਾ ਲੈਣ ਦੀ ਮੰਗ ਕੀਤੀ ਹੈ। ਸੂਤਰਾਂ ਅਨੁਸਾਰ ਕਾਂਗਰਸ ਪਾਰਟੀ ਵਿੱਚ ਵੀ ਇਸ ਮੁੱਦੇ ਨੂੰ ਲੈ ਕੇ ਚਿੰਤਾ ਦਾ ਮਾਹੌਲ ਪਾਇਆ ਜਾ ਰਿਹਾ ਹੈ ਕਿਉਂਕਿ ਕਾਂਗਰਸ ਲੀਡਰਸ਼ਿਪ ਪਿਛਲੇ 10 ਸਾਲ ਜਿਹਡ਼ੇ ਦੋਸ਼ ਅਕਾਲੀਆਂ ਉਪਰ ਲਾਉਂਦੀ ਰਹੀ ਸੀ, ਉਹ ਅੱਜ ਮਹਿਜ਼ ਦੋ ਮਹੀਨੇ ਦੀ ਸਰਕਾਰ ਦੌਰਾਨ ਹੀ ਉਨ੍ਹਾਂ ਉਪਰ ਲੱਗ ਗਏ ਗਏ ਹਨ। ਪੰਜਾਬ-ਹਰਿਆਣਾ ਹਾਈ ਕੋਰਟ ਦੇ ਵਕੀਲ ਐਚ ਸੀ ਅਰੋਡ਼ਾ ਨੇ ਈਡੀ ਦੇ ਜੁਆਇੰਟ ਡਾਇਰੈਕਟਰ ਦਿੱਲੀ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਦੋਸ਼ ਲਾਇਆ ਹੈ ਕਿ ਇਹ ਬੇਨਾਮੀ    ਜਾਇਦਾਦ ਦਾ ਮਾਮਲਾ ਬਣਦਾ ਹੈ। ਇਸ ਲਈ ਸ੍ਰੀ ਰਾਣਾ ਵਿਰੁੱਧ ਤੁਰੰਤ ਪਡ਼ਤਾਲ ਸ਼ੁਰੂ ਕੀਤੀ ਜਾਵੇ। ਸ੍ਰੀ ਅਰੋਡ਼ਾ ਨੇ ਮੰਤਰੀ ਵਿਰੁੱਧ ‘ਬੇਨਾਮੀ ਲੈਣ-ਦੇਣ (ਪਾਬੰਦੀ) ਸੋਧ ਐਕਟ-2016 ਤਹਿਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਧਰ ‘ਆਪ’ ਦੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਐਡਵੋਕੇਟ ਐਚ ਐਸ ਫੂਲਕਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਅਜਿਹੇ ਮੰਤਰੀ ਜੋ ਗਲਤ ਤਰੀਕੇ ਨਾਲ ਸਰਕਾਰ ਤੋਂ ਬੇਨਾਮੀ ਠੇਕੇ ਪ੍ਰਾਪਤ ਕਰ ਰਹੇ ਹਨ, ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇ। ਸ੍ਰੀ ਰਾਣਾ ਨੂੰ ਮੰਤਰੀ ਮੰਡਲ ਵਿੱਚੋਂ ਬਾਹਰ ਕਰਨ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਕਰ ਕੈਪਟਨ ਅਜਿਹਾ ਨਹੀਂ ਕਰਦੇ ਤਾਂ ਇਸ ਤੋਂ ਸਿੱਧ ਹੋ ਜਾਏਗਾ ਕਿ ਉਹ ਖੁਦ ਕਥਿਤ ਤੌਰ ’ਤੇ ਨਜਾਇਜ਼ ਧੰਦੇ ਵਿੱਚ ਸ਼ਾਮਲ ਹਨ। ਉਧਰ ਜਲੰਧਰ ’ਚ ‘ਆਪ’ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਇਸ ਮਾਮਲੇ ਦੀ ਜਾਂਚ ਵਿਜੀਲੈਂਸ ਬਿਉਰੋ, ਪੰਜਾਬ ਦੇ ਡੀਜੀਪੀ ਜਾਂ ਲੋਕਪਾਲ ਕੋਲੋਂ ਕਰਵਾਉਣ।

ਉਨ੍ਹਾਂ ਕਿਹਾ ਕਿ ਉਹ ਇਸ ਦੀ ਸ਼ਿਕਾਇਤ ਵਿਜੀਲੈਂਸ ਡਾਇਰੈਕਰ ਨੂੰ ਦੇਣਗੇ। ਫਿਰ ਵੀ ਜੇਕਰ ਰਾਣਾ ਗੁਰਜੀਤ ਸਿੰਘ ਅਸਤੀਫ਼ਾ ਨਹੀਂ ਦਿੰਦੇ ਹਨ ਤਾਂ ਪਾਰਟੀ ਅੰਦਰ ਸਲਾਹ ਮਸ਼ਵਰੇ ਤੋਂ ਬਾਅਦ ਮੁੱਖ ਮੰਤਰੀ ਜਾਂ ਬਿਜਲੀ ਮੰਤਰੀ ਦੇ ਦਫਤਰਾਂ ਦੇ ਬਾਹਰ ਧਰਨੇ ਦਿੱਤੇ ਜਾਣਗੇ।  ਇਸ ਦੌਰਾਨ ਅਕਾਲੀ ਦਲ ਦੇ ਵਿਧਾਨ ਸਭਾ ’ਚ ਵਿਪ੍ਹ ਪਵਨ ਟੀਨੂੰ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਕੇਂਦਰੀ ਏਜੰਸੀਆਂ ਤੋਂ ਨਿਰਪੱਖ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਰਾਣਾ ਗੁਰਜੀਤ ਸਿੰਘ ਖ਼ਿਲਾਫ਼ ਕਾਰਵਾਈ ਦੀ ਚੁਣੌਤੀ ਵੀ ਦਿੱਤੀ। ਉਨ੍ਹਾਂ ਅਮਿਤ ਬਹਾਦੁਰ ’ਤੇ ਵੀ ਕਰੜੀ ਨਜ਼ਰ ਰੱਖਣ ਲਈ ਕਿਹਾ।

Facebook Comment
Project by : XtremeStudioz