Close
Menu

ਰੈਲੀਆਂ ਵਾਲੀ ‘ਜੰਗ’ ਭਖਾਉਣ ’ਚ ਜੁਟੇ ਕਾਂਗਰਸੀ ਤੇ ਅਕਾਲੀ

-- 24 September,2018

ਲੰਬੀ, ਜ਼ਿਲ੍ਹਾ ਪਰਿਸ਼ਦ-ਬਲਾਕ ਸਮਿਤੀ ਚੋਣਾਂ ’ਚ ਜਿੱਤ-ਹਾਰ ਮਗਰੋਂ ਕਾਂਗਰਸ ਅਤੇ ਅਕਾਲੀ ਦਲ ਦੇ ਆਗੂ ਸੂਬੇ ’ਚ ਰੈਲੀਆਂ ਜ਼ਰੀਏ ਇੱਕ-ਦੂਜੇ ਨੂੰ ਢਾਹੁਣ ’ਚ ਜੁਟ ਗਏ ਹਨ। ਅਕਾਲੀ ਦਲ 7 ਅਕਤੂਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ਪਟਿਆਲਾ ’ਚ ਸੂਬਾ ਪੱਧਰੀ ਰੈਲੀ ਕਰ ਕੇ ਕਾਂਗਰਸ ਸਰਕਾਰ ਵੱਲੋਂ ਚੋਣਾਂ ’ਚ ਨਾਮਜ਼ਦਗੀਆਂ ਤੋਂ ਵੋਟਾਂ ਅਤੇ ਗਿਣਤੀ ਕੀਤੀਆਂ ਸਮੂਹ ਧੱਕੇਸ਼ਾਹੀਆਂ ਦਾ ਚਿੱਠਾ ਖੋਲ੍ਹੇਗਾ।
ਇਸ ਸਬੰਧੀ ਫੈਸਲਾ ਪਿੰਡ ਬਾਦਲ ਵਿਖੇ ਬਾਦਲਾਂ ਦੀ ਰਿਹਾਇਸ਼ ’ਤੇ ਅਕਾਲੀ ਦਲ ਦੀ ਕੋਰ ਕਮੇਟੀ ਮੀਟਿੰਗ ਵਿੱਚ ਲਿਆ ਗਿਆ। ਮੀਟਿੰਗ ਵਿੱਚ ਕੋਰ ਕਮੇਟੀ ਦੇ ਬਹੁਗਿਣਤੀ ਮੈਂਬਰਾਂ ਨੇ ਹਿੱਸਾ ਲਿਆ। ਦੂਜੇ ਪਾਸੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਦੇ ਕਾਰਜ ਤੋਂ ਫਾਰਗ ਹੋਣ ਮਗਰੋਂ ਅੱਜ ਸੱਤਾ ਪੱਖ ਕਾਂਗਰਸ ਨੇ ਬੇਅਦਬੀ ਦੇ ਮੁੱਦਿਆਂ ’ਤੇ ਅਕਾਲੀਆਂ ਦਾ ਕੱਚਾ ਚਿੱਠਾ ਖੋਲ੍ਹਣ ਲਈ 7 ਅਕਤੂਬਰ ਨੂੰ ਲੰਬੀ ਹਲਕੇ ’ਚ ਰੈਲੀ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਹਨ। ਅਕਾਲੀ ਦਲ ਦੀ ਕੋਰ ਕਮੇਟੀ ਮੀਟਿੰਗ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਹੋਈ ਜਿਸ ਵਿੱਚ ਸਮੂਹ ਲੀਡਰਸ਼ਿਪ ਨੇ ਸੂਬੇ ਭਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਚੋਣਾਂ ’ਚ ਕਾਂਗਰਸ ਸਰਕਾਰ ਵੱਲੋਂ ਵੱਡੇ ਪੱਧਰ ’ਤੇ ਕੀਤੀਆਂ ਧਾਂਦਲੀਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਕੋਰ ਕਮੇਟੀ ਨੇ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਨਿਭਾਈ ਗਈ ਭੂਮਿਕਾ ਨੂੰ ਵੀ ਬੇਹੱਦ ਗੈਰ-ਜ਼ਿੰਮੇਵਾਰਾਨਾ ਅਤੇ ਕਾਂਗਰਸ ਸਰਕਾਰ ਨਾਲ ਮਿਲੀਭੁਗਤ ਵਾਲੀ ਕਾਰਵਾਈ ਕਰਾਰ ਦਿੱਤਾ। ਪਾਰਟੀ ਲੀਡਰਸ਼ਿਪ ਨੇ ਆਖਿਆ ਕਿ ਸੂਬਾ ਸਰਕਾਰ ਅਤੇ ਕਾਂਗਰਸ ਪਾਰਟੀ ਦੀ ਜਬਰਦਸਤ ਦਹਿਸ਼ਤ ਕਾਰਨ ਪਿਛਲੀਆਂ ਚੋਣਾਂ ਦੇ ਮੁਕਾਬਲੇ 12 ਤੋਂ 13 ਪ੍ਰਤੀਸ਼ਤ ਘੱਟ ਪੋਲਿੰਗ ਹੋਈ ਹੈ ਜੋ ਕਿ ਚਿੰਤਾਜਨਕ ਹੈ। ਜੇਕਰ ਸਾਰੇ ਲੋਕਾਂ ਨੂੰ ਵੋਟਾਂ ਪਾਉਣ ਵਾਸਤੇ ਅਮਨ-ਅਮਾਨ ਅਤੇ ਸ਼ਾਂਤੀ ਦਾ ਮਾਹੌਲ ਮਿਲ ਜਾਂਦਾ ਤਾਂ ਇਨ੍ਹਾਂ ਵੋਟਾਂ ਦੇ ਨਤੀਜੇ ਕਾਂਗਰਸ ਪਾਰਟੀ ਨੂੰ ਉਸ ਦੀ ਅਸਲੀਅਤ ਦਿਖਾ ਸਕਦੇ ਸੀ। ਇਸ ਤੋਂ ਇਲਾਵਾ ਕਾਂਗਰਸ ਪਾਰਟੀ ਨੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਕੇ ਚੋਣ ਧਾਂਦਲੀਆਂ ਦਾ ਕੰਮ ਨਤੀਜੇ ਘੋਸ਼ਿਤ ਹੋਣ ਤੱਕ ਵੀ ਜਾਰੀ ਰੱਖਿਆ। ਪੰਜਾਬ ਭਰ ਵਿੱਚ ਵੱਡੀ ਪੱਧਰ ’ਤੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਗਿਣਤੀ ਕੇਂਦਰਾਂ ਵਿੱਚ ਜਾਣ ਤੋਂ ਰੋਕਿਆ ਗਿਆ। ਕੁਝ ਥਾਵਾਂ ਉੱਤੇ ਵੋਟਾਂ ਦੀ ਗਿਣਤੀ ਵੱਧ ਹੋਣ ਦੇ ਬਾਵਜੂਦ ਧੱਕੇ ਨਾਲ ਕਾਂਗਰਸ ਦੇ ਉਮੀਦਵਾਰਾਂ ਨੂੰ ਜੇਤੂ ਐਲਾਨਿਆ ਗਿਆ। ਅਕਾਲੀ ਉਮੀਦਵਾਰਾਂ ਦੀਆਂ ਵੱਡੀ ਪੱਧਰ ਤੇ ਜਾਇਜ਼ ਵੋਟਾਂ ਨੂੰ ਵੀ ਧੱਕੇ ਨਾਲ ਰੱਦ ਕਰ ਦਿੱਤਾ ਗਿਆ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ- ਭਾਜਪਾ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਔਕੜਾਂ ਦੇ ਬਾਵਜੂਦ ਉਨ੍ਹਾਂ ਆਪਣਾ ਸਿਰੜ ਨਹੀਂ ਛੱਡਿਆ ਅਤੇ ਹਰ ਬੂਥ ਤੇ ਸਾਰੀਆਂ ਮੁਸ਼ਕਲਾਂ ਨੂੰ ਝੱਲਦੇ ਹੋਏ ਡਟ ਕੇ ਹੁਕਮਰਾਨ ਪਾਰਟੀ ਦਾ ਕਰੜਾ ਮੁਕਾਬਲਾ ਕੀਤਾ। ਮੀਟਿੰਗ ਵਿੱਚ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ’ਤੇ ਕਾਬੂ ਪਾਉਣ ਲਈ ਸੂਬਾ ਸਰਕਾਰ ਵੱਲੋਂ ਲਗਾਏ ਜਾ ਰਹੇ ਲਗਪਗ 34 ਫ਼ੀਸਦੀ ਸੇਲਜ਼ ਟੈਕਸ ਨੂੰ ਘਟਾਉਣ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਆਖਿਆ ਗਿਆ ਕਿ ਸੂਬਾ ਸਰਕਾਰ ਜੀ.ਐਸ.ਟੀ. ਅਥਾਰਟੀ ਵਿੱਚ ਮਤਾ ਪਾਸ ਕਰ ਕੇ ਡੀਜ਼ਲ ਪੈਟਰੋਲ ਨੂੰ ਜੀ.ਐਸ.ਟੀ. ਅਧੀਨ ਲਿਆਉਣ ਲਈ ਤਰੱਦਦ ਕਰੇ। ਮੀਟਿੰਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸ਼ਤਾਬਦੀ ਗੁਰਪੁਰਬ ਮੌਕੇ ਅਕਾਲੀ ਦਲ ਵੱਲੋਂ ਇਤਿਹਾਸਕ ਸਥਾਨ ਸੁਲਤਾਨਪੁਰ ਲੋਧੀ ਵਿਖੇ 17 ਨਵੰਬਰ ਨੂੰ ਕਾਨਫਰੰਸ ਕਰਵਾਉਣ ਦਾ ਐਲਾਨ ਕੀਤਾ ਗਿਆ। ਬਾਅਦ ਵਿੱਚ ਅਕਾਲੀ ਦਲ ਪਾਰਟੀ ਦੇ ਜਨਰਲ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਕਾਂਗਰਸ ਸਰਕਾਰ ਦੀ ਸ਼ਹਿ ਨਾਲ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣ ’ਚ ਗੁੰਡਾਗਰਦੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਗਏ। ਉਨ੍ਹਾਂ ਕਿਹਾ ਕਿ ਪਟਿਆਲਾ ਵਿਖੇ ਲਾਮਿਸਾਲ ਰੈਲੀ ਕਰ ਕੇ ਕਾਂਗਰਸ ਸਰਕਾਰ ਦਾ ਕੱਚਾ ਚਿੱਠਾ ਖੋਲ੍ਹਿਆ ਜਾਵੇਗਾ। ਕੋਰ ਕਮੇਟੀ ਮੀਟਿੰਗ ਵਿੱਚ ਅਕਾਲੀ ਰਣਜੀਤ ਸਿੰਘ ਬ੍ਰਹਮਪੁਰਾ, ਸੁਰਜੀਤ ਸਿੰਘ ਰੱਖੜਾ, ਪ੍ਰੇਮ ਸਿੰਘ ਚੰਦੂਮਾਜਰਾ, ਸਿਕੰਦਰ ਸਿੰਘ ਮਲੂਕਾ, ਉਪਿੰਦਰਜੀਤ ਕੌਰ ਸਮੇਤ ਵੱਖ-ਵੱਖ ਅਕਾਲੀ ਆਗੂ ਮੌਜੂਦ ਸਨ।

ਮੰਤਰੀ ਤੇ ਵਿਧਾਇਕ ਕਾਂਗਰਸ ਰੈਲੀ ਲਈ ਜਗ੍ਹਾ ਦਾ ਜਾਇਜ਼ਾ ਲੈਣ ਪੁੱਜੇ

ਵੱਖ ਵੱਖ ਮੁੱਦਿਆਂ ’ਤੇ ਅਕਾਲੀ ਦਲ (ਬ) ਦੇ ਗੁੰਮਰਾਹਕੁਨ ਪ੍ਰਚਾਰ ਦਾ ਮੋੜਵਾਂ ਜਵਾਬ ਦੇਣ ਲਈ ਬਾਦਲਾਂ ਦੇ ਗੜ੍ਹ ਲੰਬੀ ’ਚ ਵਿਸ਼ਾਲ ਰੈਲੀ ਲਈ ਤਿਆਰੀਆਂ ’ਚ ਜੁਟ ਗਈ ਹੈ। 7 ਅਕਤੂਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਜਾਣ ਵਾਲੀ ਇਹ ਰੈਲੀ ਲੰਬੀ ਹਲਕੇ ਦੇ ਸਰਹੱਦੀ ਕਸਬੇ ਮੰਡੀ ਕਿੱਲਿਆਂਵਾਲੀ ’ਚ ਹੋਣੀ ਤੈਅ ਮੰਨੀ ਜਾ ਰਹੀ ਹੈ। ਇਸ ਸਬੰਧੀ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਵਫ਼ਦ ਨੇ ਮੰਡੀ ਕਿੱਲਿਆਂਵਾਲੀ ਦੀ ਦਾਣਾ ਮੰਡੀ ਦੌਰਾ ਕੀਤਾ। ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਹਿਕਾਰਤਾ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਮੁੱਖ ਮੰਤਰੀ ਦੇ ਓ.ਐਸ.ਡੀ ਕੈਪਟਨ ਸੰਦੀਪ ਸੰਧੂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਰਿੰਦਰ ਕਾਊਣੀ, ਜਗਪਾਲ ਅਬੁਲਖੁਰਾਣਾ, ਕੁਲਦੀਪ ਕੁਲਾਰ ਵੀ ਮੌਜੂਦ ਸਨ। ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਹ ਰੈਲੀ ਇਕੱਠ ਪੱਖੋਂ ਬੇਮਿਸਾਲ ਹੋਵੇਗੀ ਜਿਸ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਅਕਾਲੀ ਦਲ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਲੰਬੀ ਅਤੇ ਪੰਜਾਬ ਨੂੰ ਜਾਣੂ ਕਰਵਾਉਣਗੇ।

Facebook Comment
Project by : XtremeStudioz