Close
Menu

ਰੋਨਾਲਡੋ ਦਾ ਚੌਥਾ ਗੋਲ, ਮੋਰੱਕੋ ਵਿਸ਼ਵ ਕੱਪ ਤੋਂ ਬਾਹਰ

-- 21 June,2018

ਮਾਸਕੋ, 21 ਜੂਨ

ਦੁਨੀਆਂ ਦੇ ਸਭ ਤੋਂ ਕਰਿਸ਼ਮਈ ਸਟਰਾਈਕਰ ਕ੍ਰਿਸਟਿਆਨੋ ਰੋਨਾਲਡੋ ਦੇ ਹੈੱਡਰ ਨਾਲ ਕੀਤੇ ਜ਼ਬਰਦਸਤ ਗੋਲ ਦੇ ਦਮ ’ਤੇ ਪੁਰਤਗਾਲ ਨੇ ਅੱਜ ਮੋਰੱਕੋ ਨੂੰ ਗਰੁੱਪ ‘ਬੀ’ ਮੁਕਾਬਲੇ ਵਿੱਚ 1-0 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਫੁਟਬਾਲ ਟੂਰਨਾਮੈਂਟ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ ਉਸ ਨੇ ਨਾਕਆੳੂਟ ਗੇਡ਼ ਵਿੱਚ ਜਾਣ ਦੀਆਂ ਉਮੀਦਾਂ ਨੂੰ ਕਾਇਮ ਰੱਖਿਆ ਹੈ। ਦੂਜੇ ਪਾਸੇ, ਇਸ ਹਾਰ ਨਾਲ ਮੋਰੱਕੋ ਟੂਰਨਾਮੈਂਟ ਵਿੱਚੋਂ ਬਾਹਰ ਹੋਣ ਵਾਲੀ ਪਹਿਲੀ ਟੀਮ ਬਣ ਗਈ ਹੈ।
ਪੁਰਤਗਾਲ ਨੇ ਸਪੇਨ ਨਾਲ 3-3 ਗੋਲ ਦਾ ਡਰਾਅ ਖੇਡਣ ਮਗਰੋਂ ਮੋਰੱਕੋ ਨੂੰ 1-0 ਨਾਲ ਹਰਾਇਆ ਅਤੇ ਆਪਣੇ ਅੰਕਾਂ ਦੀ ਗਿਣਤੀ ਨੂੰ ਚਾਰ ਤੱਕ ਪਹੁੰਚਾਇਆ। ਪੁਰਤਗਾਲ ਦੇ ਟੂਰਨਾਮੈਂਟ ਵਿੱਚ ਹੁਣ ਤੱਕ ਕੀਤੇ ਗਏ ਚਾਰ ਗੋਲ ਰੋਨਾਲਡੋ ਦੇ ਖਾਤੇ ਵਿੱਚ ਆਏ ਹਨ। ਉਸ ਨੇ ਸਪੇਨ ਖ਼ਿਲਾਫ਼ ਤਿੰਨ ਗੋਲ ਕੀਤੇ ਸਨ। ਰੋਨਾਲਡੋ ਨੇ ਮੈਚ ਦੇ ਚੌਥੇ ਮਿੰਟ ਵਿੱਚ ਹੀ ਹੈਡਰ ਨਾਲ ਗੋਲ ਕਰਕੇ ਪੁਰਤਗਾਲ ਨੂੰ, ਜੋ ਲੀਡ ਦਿਵਾਈ ਉਹ ਅਖ਼ੀਰ ਤੱਕ ਕਾਇਮ ਰਹੀ। ਇਰਾਨ ਹੱਥੋਂ ਆਪਣਾ ਪਹਿਲਾ ਮੈਚ ਆਤਮਘਾਤੀ ਗੋਲ ਰਾਹੀਂ ਗੁਆਉਣ ਵਾਲੀ ਮੋਰੱਕੋ ਦੀ ਟੀਮ ਨੇ ਦੂਜੇ ਹਾਫ ਵਿੱਚ ਬਿਹਤਰ ਖੇਡ ਵਿਖਾਈ, ਪਰ ਪੂਰੇ ਯਤਨਾਂ ਦੇ ਬਾਵਜੂਦ ਉਸ ਨੂੰ ਬਰਾਬਰੀ ਦਾ ਗੋਲ ਨਹੀਂ ਮਿਲ ਸਕਿਆ। ਮੋਰੱਕੋ ਨੇ ਕਈ ਅਹਿਮ ਮੌਕੇ ਗੁਆਏ ਅਤੇ ਲਗਾਤਾਰ ਦੂਜੀ ਹਾਰ ਝੱਲਣ ਮਗਰੋਂ ਉਸ ਦੀਆਂ ਨਾਕਆੳੂਟ ਗੇਡ਼ ਵਿੱਚ ਜਾਣ ਦੀਆਂ ਉਮੀਦਾਂ ਖ਼ਤਮ ਹੋ ਗਈਆਂ ਹਨ। ਮੋਰੱਕੋ ਟੂਰਨਾਮੈਂਟ ਤੋਂ ਬਾਹਰ ਹੋਣ ਵਾਲੀ ਪਹਿਲੀ ਟੀਮ ਬਣ ਗਈ ਹੈ।
ਦੁਨੀਆਂ ਦੇ ਸਭ ਤੋਂ ਬਿਹਤਰੀਨ ਸਟਰਾਈਕਰ ਰੋਨਾਲਡੋ ਨੇ ਵਿਸ਼ਵ ਕੱਪ ਵਿੱਚ ਆਪਣੇ ਕੁੱਲ ਗੋਲਾਂ ਦੀ ਗਿਣਤੀ ਸੱਤ ਤੱਕ ਪਹੁੰਚਾ ਦਿੱਤੀ ਹੈ। ਉਸ ਨੇ ਪਿਛਲੇ ਤਿੰਨ ਵਿਸ਼ਵ ਕੱਪ ਵਿੱਚ ੲਿੱਕ-ਇੱਕ ਗੋਲ ਕੀਤਾ ਸੀ। ਇਸ ਵਿਸ਼ਵ ਕੱਪ ਵਿੱਚ ਚਾਰ ਗੋਲ ਕਰਨ ਕਾਰਨ ਹੀ ਰੋਨਾਲਡੋ ਪੁਰਤਗਾਲ ਵੱਲੋਂ ਇੱਕ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਗੋਲ ਦਾਗ਼ਣ ਦੇ ਮਾਮਲੇ ਵਿੱਚ ਦੂਜੇ ਨੰਬਰ ’ਤੇ ਆ ਗਿਆ ਹੈ। ਪੁਰਤਗਾਲ ਦੇ ਯੂਸੇਬੀਆ ਨੇ 1966 ਦੇ ਵਿਸ਼ਵ ਕੱਪ ਦੌਰਾਨ ਨੌਂ ਗੋਲ ਕੀਤੇ ਸਨ। ਮੋਰੱਕੋ ਨੂੰ ਇਸ ਗੱਲ ਦਾ ਡੂੰਘਾ ਦੁੱਖ ਰਹੇਗਾ ਕਿ ਉਸ ਨੇ ਪੁਰਤਗਾਲ ਦੇ ਖ਼ਤਰਨਾਕ ਸਟਰਾਈਕਰ ਨੂੰ ਪੂਰੀ ਤਰ੍ਹਾਂ ਨਿਸ਼ਾਨੇ ’ਤੇ ਕਿਉਂ ਨਹੀਂ ਲਿਆ ਅਤੇ ਦੂਜੇ ਹਾਫ਼ ਦੇ ਮੌਕਿਆਂ ਦਾ ਫ਼ਾਇਦਾ ਕਿਉਂ ਨਹੀਂ ਉਠਾਇਆ। ਉਤਰ ਅਮਰੀਕੀ ਟੀਮ ਮੋਰੱਕੋ ਨੇ ਵਿਸ਼ਵ ਕੱਪ ਲਈ ਛੇ ਮੈਚਾਂ ਵਿੱਚ ਕੋਈ ਗੋਲ ਗੁਆਏ ਬਿਨਾਂ ਕੁਆਲੀਫਾਈ ਕੀਤਾ ਸੀ, ਪਰ ਇਰਾਨ ਖ਼ਿਲਾਫ਼ ਉਸ ਨੇ ਆਖ਼ਰੀ ਸਮੇਂ ਆਤਮਘਾਤੀ ਗੋਲ ਕੀਤਾ ਅਤੇ ਅੱਜ ਇੱਥੇ ਚੌਥੇ ਮਿੰਟ ਵਿੱਚ ਪੁਰਤਗਾਲ ਨੂੰ ਗੋਲ ਕਰਨ ਦਾ ਮੌਕਾ ਦੇ ਦਿੱਤਾ।

ਮੋਰੱਕੋ ਨੇ ਟੂਰਨਾਮੈਂਟ ਵਿੱਚ ਰੋਨਾਲਡੋ ਨੂੰ ਕੇਂਦਰ ਵਿੱਚ ਰੱਖਣ ਦੀ ਰਣਨੀਤੀ ਨਹੀਂ ਅਪਣਾਈ ਸੀ, ਜੋ ਉਸ ’ਤੇ ਭਾਰੂ ਪੈ ਗਈ। ਮੈਚ ਦੇ ਚੌਥੇ ਹੀ ਮਿੰਟ ਵਿੱਚ ਜੋਆਓ ਮੋਟਿਨਹੋ ਨੇ ਕਾਰਨਰ ’ਤੇ ਸ਼ਾਨਦਾਰ ਪਾਸ ਦਿੱਤਾ ਅਤੇ ਰੋਨਾਲਡੋ ਨੇ ਸ਼ਕਤੀਸ਼ਾਲੀ ਹੈਡਰ ਮਾਰਿਆ, ਜਿਸ ਨੂੰ ਰੋਕਣ ਦਾ ਗੋਲਕੀਪਰ ਕੋਲ ਕੋਈ ਮੌਕਾ ਨਹੀਂ ਸੀ। ਰੋਨਾਲਡੋ ਦਾ ਇਹ 85ਵਾਂ ਕੌਮਾਂਤਰੀ ਗੋਲ ਸੀ, ਜਿਸ ਦੇ ਨਾਲ ਹੀ ਉਹ ਹੰਗਰੀ ਦੇ ਫੇਰੈਂਕ ਪੁਸਕਾਸ ਦੇ ਯੂਰਪੀਅਨ ਰਿਕਾਰਡ ਤੋਂ ਅੱਗੇ ਨਿਕਲ ਗਿਆ ਹੈ। ਪੁਰਤਗਾਲ ਦੀ ਟੀਮ ਚੌਥੇ ਮਿੰਟ ਮਗਰੋਂ ਆਪਣੀ ਲੀਡ ਨੂੰ ਦੁੱਗਣਾ ਨਹੀਂ ਕਰ ਸਕੀ। 20 ਸਾਲਾਂ ਵਿੱਚ ਪਹਿਲੀ ਵਾਰ ਵਿਸ਼ਵ ਕੱਪ ਖੇਡ ਰਹੇ ਮੋਰੱਕੋ ਨੇ ਇਸ ਗੋਲ ਮਗਰੋਂ ਖ਼ੁਦ ਨੂੰ ਬਿਹਤਰ ਢੰਗ ਨਾਲ ਇਕਜੁਟ ਕੀਤਾ ਅਤੇ ਹਾਂ-ਪੱਖੀ ਖੇਡ ਵਿਖਾਈ। ਹਾਕਿਮ ਜਿਆਚ ਅਤੇ ਨੌਰਦਿਨ ਅਮਰਾਬਾਤ ਨੇ ਫੁਟਬਾਲ ’ਤੇ ਕਈ ਵਾਰ ਕਬਜ਼ਾ ਕੀਤਾ, ਪੁਰਤਗਾਲ ਦੇ ਨੈੱਟ ਤੱਕ ਵੀ ਪਹੁੰਚੇ, ਪਰ ਟੀਮ ਨੂੰ ਗੋਲ ਨਹੀਂ ਦਿਵਾ ਸਕੇ। ਅਮਰਾਬਾਤ ਉਦੋਂ ਬਹੁਤ ਨਾਰਾਜ਼ ਨਜ਼ਰ ਆਇਅਾ, ਜਦੋਂ ਰਾਫੇਲ ਗੁਰੇਰੋ ਵੱਲੋਂ ਡੇਗਣ ਦੇ ਬਾਵਜੂਦ ਮੋਰੱਕੋ ਨੂੰ ਪੈਨਲਟੀ ਨਹੀਂ ਮਿਲੀ। ਪੁਰਤਗਾਲ ਗਰੁੱਪ ‘ਬੀ’ ਦੇ ਆਪਣੇ ਆਖ਼ਰੀ ਮੈਚ ਵਿੱਚ 25 ਜੂਨ ਨੂੰ ਇਰਾਨ ਦਾ ਸਾਹਮਣਾ ਕਰੇਗਾ, ਜਦਕਿ ਮੋਰੱਕੋ ਇਸੇ ਦਿਨ ਸਪੇਨ ਨਾਲ ਭਿਡ਼ੇਗਾ।

Facebook Comment
Project by : XtremeStudioz