Close
Menu

ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਨੇ ਰਾਫਾਲ ਬਾਰੇ ਝੂਠ ਬੋਲਿਆ: ਰਾਹੁਲ

-- 21 September,2018

ਨਵੀਂ ਦਿੱਲੀ, 21 ਸਤੰਬਰ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫਾਲ ਜਹਾਜ਼ ਸਮਝੌਦੇ ਦਾ ਠੇਕਾ ਸਰਕਾਰੀ ਕੰਪਨੀ ਹਿੰਦੁਸਤਾਨ ਅੈਰੋਨੌਟਿਕਸ ਲਿਮਟਡ (ਐੱਚਏਐੱਲ) ਨੂੰ ਨਾ ਦਿੱਤੇ ਜਾਣ ਦੇ ਮਾਮਲੇ ’ਚ ਅੱਜ ਰੱਖਿਆ ਮੰਤਰੀ ਸੀਤਾਰਾਮਨ ’ਤੇ ‘ਝੂਠ ਬੋਲਣ’ ਦਾ ਦੋਸ਼ ਲਾਇਆ ਤੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਕਾਂਗਰਸ ਮੁਖੀ ਨੇ ਟਵਿੱਟਰ ’ਤੇ ਪੋਸਟ ਪਾ ਕੇ ਰੱਖਿਆ ਮੰਤਰੀ ’ਤੇ ਦੋਸ਼ ਲਾਇਆ ਕਿ ਭ੍ਰਿਸ਼ਟਾਚਾਰ ਦਾ ਬਚਾਅ ਕਰਨ ਦਾ ਕੰਮ ਸਾਂਭ ਰਹੀ ਆਰਐੱਮ (ਰਾਫਾਲ ਮੰਤਰੀ) ਦਾ ਝੂਠ ਇੱਕ ਵਾਰ ਫਿਰ ਫਡ਼ਿਆ ਗਿਆ ਹੈ ਕਿਉਂਕਿ ਅੈੱਚਏਐੱਲ ਦੇ ਸਾਬਕਾ ਮੁਖੀ ਟੀ.ਐੱਸ. ਰਾਜੂ ਦਾ ਕਹਿਣਾ ਹੈ ਕਿ ਰੱਖਿਆ ਮੰਤਰੀ ਅਨੁਸਾਰ ਐੱਚਏਐੱਲ ਕੋਲ ਰਾਫਾਲ ਦੇ ਨਿਰਮਾਣ ਦੀ ਸਮਰੱਥਾ ਨਹੀਂ ਹੈ। ਉਨ੍ਹਾਂ ਕਿਹਾ, ‘ਰੱਖਿਆ ਮੰਤਰੀ ਦਾ ਪੱਖ ਸਥਿਰ ਨਹੀਂ ਹੈ ਤੇ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।’ ਉਨ੍ਹਾਂ ਨਾਲ ਹੀ ਐੱਚਏਐੱਲ ਦੇ ਸਾਬਕਾ ਮੁਖੀ ਦੇ ਬਿਆਨ ਬਾਰੇ ਮੀਡੀਆ ਰਿਪੋਰਟ ਵੀ ਪੋਸਟ ਕੀਤੀ ਹੈ। ਕਾਂਗਰਸ ਨੇ ਦੋਸ਼ ਲਾਇਆ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਕੌਮੀ ਖ਼ਜ਼ਾਨੇ ਨੂੰ 41 ਹਜ਼ਾਰ ਕਰੋਡ਼ ਰੁਪਏ ਦਾ ਘਾਟਾ ਪਿਆ ਹੈ।
ਕਾਂਗਰਸ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇੱਥੇ ਕਿਹਾ ਕਿ ਲੋਕ ਹੁਣ ਇਹ ਕਹਿੰਦੇ ਸੁਣੇ ਜਾ ਰਹੇ ਹਨ ਕਿ ਦੇਸ਼ ਦਾ ‘ਚੌਕੀਦਾਰ’ ਇੱਕ ‘ਚੋਰ’ ਹੈ। ਸ੍ਰੀ ਗਾਂਧੀ ਇੱਥੇ ਸਗਵਾਰਾ ਇਲਾਕੇ ’ਚ ਜਨਤਕ ਰੈਲੀ ਨੂੰ ਸੰਬੋਧਨ ਕਰ ਰਹੇ ਹਨ। ਰਾਹੁਲ ਗਾਂਧੀ ਦੇ ਬਿਆਨ ’ਤੇ ਤੁਰੰਤ ਪ੍ਰਤੀਕਿਰਿਆ ਦਿੰਦਿਆਂ ਭਾਜਪਾ ਦੀ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਕਾਂਗਰਸ ਆਗੂ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਵੀ ਕੋਈ ਇੱਜ਼ਤ ਨਹੀਂ ਕਰਦੇ।

Facebook Comment
Project by : XtremeStudioz