Close
Menu

ਲਾਹੌਰ ਵਿੱਚ ਬੰਬ ਧਮਾਕਾ; 26 ਮੌਤਾਂ

-- 25 July,2017

ਲਾਹੌਰ, 25 ਜੁਲਾਈ
ਇਥੇ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਰਿਹਾਇਸ਼-ਕਮ-ਦਫ਼ਤਰ ਨੇੜੇ ਅੱਜ ਫਿਦਾਈਨ ਬੰਬ ਧਮਾਕੇ ਵਿੱਚ ਪੁਲੀਸ ਮੁਲਾਜ਼ਮਾਂ ਸਮੇਤ 26 ਜਣੇ ਮਾਰੇ ਗਏ ਅਤੇ 58 ਤੋਂ ਵੱਧ ਲੋਕ ਫੱਟੜ ਹੋਏ ਹਨ। ‘ਰੈਸਕਿਊ 1122’ ਸੰਸਥਾ ਦੀ ਦੀਬਾ ਸਹਿਨਾਜ਼ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘ਜਦੋਂ ਇਹ ਧਮਾਕਾ ਹੋਇਆ ਤਾਂ ਪੁਲੀਸ ਤੇ ਲਾਹੌਰ ਡਿਵੈੱਲਪਮੈਂਟ ਅਥਾਰਟੀ ਅਧਿਕਾਰੀ ਆਰਫਾ ਕਰੀਮ ਟਾਵਰ, ਜੋ ਮੁੱਖ ਮੰਤਰੀ ਦੀ ਮਾਡਲ ਟਾਊਨ ਵਾਲੀ ਰਿਹਾਇਸ਼ ਨੇੜੇ ਸਥਿਤ ਹੈ, ਦੇ ਬਾਹਰ ਨਾਜਾਇਜ਼ ਕਬਜ਼ੇ ਹਟਾਉਣ ਵਿੱਚ ਰੁਝੇ ਹੋਏ ਸਨ।’ ਧਮਾਕੇ ਸਮੇਂ ਮੁੱਖ ਮੰਤਰੀ, ਜੋ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਭਰਾ ਹਨ, ਮਾਡਲ ਟਾਊਨ ਦਫ਼ਤਰ ਵਿੱਚ ਮੀਟਿੰਗ ਕਰ ਰਹੇ ਸਨ।
‘ਰੈਸਕਿਊ 1122’ ਮੁਤਾਬਕ ਪੁਲੀਸ ਮੁਲਾਜ਼ਮਾਂ ਸਮੇਤ ਘੱਟੋ ਘੱਟ 26 ਵਿਅਕਤੀ ਮਾਰੇ ਗਏ ਹਨ ਅਤੇ 58 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਚੌਧਰੀ ਨਿਸਾਰ ਅਲੀ ਖਾਨ ਨੇ ਮੌਤਾਂ ਦੀ ਗਿਣਤੀ 14 ਦੱਸੀ ਸੀ ਪਰ ਉਨ੍ਹਾਂ ਕਿਹਾ ਸੀ ਕਿ ਇਸ ’ਚ ਵਾਧਾ ਹੋ ਸਕਦਾ ਹੈ। ਸ਼ਹਿਨਾਜ਼ ਨੇ ਦੱਸਿਆ ਕਿ ਬਚਾਅ ਟੀਮਾਂ ਵੱਲੋਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਸ਼ਹਿਰ ਵਿੱਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਕਈ ਜ਼ਖ਼ਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਲਾਹੌਰ ਪੁਲੀਸ ਦੇ ਮੁਖੀ ਕੈਪਟਨ ਅਮੀਨ ਵੈਂਸ ਨੇ ਪੁਸ਼ਟੀ ਕੀਤੀ ਹੈ ਕਿ ਇਹ ਫਿਦਾਈਨ ਹਮਲਾ ਸੀ ਅਤੇ ਇਸ ਦਾ ‘ਨਿਸ਼ਾਨਾ ਪੁਲੀਸ’ ਸੀ। ‘ਜੀਓ ਨਿਊਜ਼’ ਨੇ ਪੁਲੀਸ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਇਕ ਫਿਦਾਈਨ ਹਮਲਾਵਰ ਨੇ ਇਸ ਜਗ੍ਹਾ ਤਾਇਨਾਤ ਪੁਲੀਸ ਨੂੰ ਨਿਸ਼ਾਨਾ ਬਣਾ ਕੇ ਧਮਾਕਾ ਕੀਤਾ ਹੈ। ਸੁਰੱਖਿਆ ਬਲਾਂ ਨੇ ਇਸ ਇਲਾਕੇ ਨੂੰ ਘੇਰਾ ਪਾ ਲਿਆ ਹੈ ਅਤੇ ਸੜਕ ਦੇ ਧਮਾਕੇ ਵਾਲੇ ਹਿੱਸੇ ਨੂੰ ਸੀਲ ਕਰ ਦਿੱਤਾ ਹੈ।
ਇਸ ਹਮਲੇ ਦੀ ਹਾਲੇ ਤਕ ਕਿਸੇ ਅਤਿਵਾਦੀ ਜਥੇਬੰਦੀ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਦੱਸਣਯੋਗ ਹੈ ਕਿ ਪਾਕਿਸਤਾਨ ਦੀ ਸੱਭਿਆਚਾਰਕ ਰਾਜਧਾਨੀ ਲਾਹੌਰ ਵਿੱਚ ਪਿਛਲੇ ਸਮੇਂ ਦੌਰਾਨ ਕਈ ਅਤਿਵਾਦੀ ਹਮਲੇ ਹੋਏ ਹਨ। ਅਪਰੈਲ ਵਿੱਚ ਲਾਹੌਰ ਦੇ ਬੇਦੀਆਂ ਰੋਡ ਉਤੇ ਜਨਗਣਨਾ ਟੀਮ ਨੂੰ ਨਿਸ਼ਾਨਾ ਬਣਾ ਕੇ ਇਕ ਫਿਦਾਈਨ ਵੱਲੋਂ ਕੀਤੇ ਧਮਾਕੇ ਵਿੱਚ ਛੇ ਵਿਅਕਤੀ ਮਾਰੇ ਗਏ ਸਨ ਅਤੇ 15 ਹੋਰ ਜ਼ਖ਼ਮੀ ਹੋਏ ਸਨ। ਫਰਵਰੀ ਵਿੱਚ ਪੰਜਾਬ ਐਂਸਬਲੀ ਨੇੜੇ ਇਕ ਆਤਮਘਾਤੀ ਹਮਲਾਵਰ ਨੇ ਸੀਨੀਅਰ ਪੁਲੀਸ ਅਫ਼ਸਰਾਂ ਸਮੇਤ 14 ਵਿਅਕਤੀ ਮਾਰ ਦਿੱਤੇ ਸਨ।

Facebook Comment
Project by : XtremeStudioz