Close
Menu

ਲੁਧਿਆਣਾ ਨਿਗਮ ਚੋਣਾਂ: ਸਿੱਧੂ ਚੋਣ ਪ੍ਰਚਾਰ ’ਚੋਂ ਗਾਇਬ

-- 22 February,2018

ਲੁਧਿਆਣਾ, 22 ਫਰਵਰੀ
ਨਗਰ ਨਿਗਮ ਲੁਧਿਆਣਾ ਦੀਆਂ ਚੋਣਾਂ ਦੌਰਾਨ 3600 ਕਰੋੜ ਰੁਪਏ ਨਾਲ  ਸ਼ਹਿਰ ਦਾ ਵਿਕਾਸ ਕਰਵਾਉਣ ਦੇ ਸੁਪਨੇ ਵਿਖਾਉਣ ਵਾਲੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਚੋਣ ਪ੍ਰਚਾਰ ਵਿੱਚੋਂ ਗਾਇਬ ਹਨ ਜਦਕਿ ਆਪਣੇ ਵਿਭਾਗ ਨਾਲ ਸਬੰਧਤ ਚੋਣਾਂ ਹੋਣ ਕਾਰਨ ਮੰਤਰੀ ਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੂੰ ਚੋਣ ਪ੍ਰਚਾਰ ਲਈ ਲੁਧਿਆਣਾ ਆਉਣਾ ਚਾਹੀਦਾ ਸੀ। ਇਨ੍ਹਾਂ ਚੋਣਾਂ ਦੌਰਾਨ ਸ੍ਰੀ ਸਿੱਧੂ ਇੱਕ ਵਾਰ ਵੀ ਲੁਧਿਆਣੇ ਚੋਣ ਪ੍ਰਚਾਰ ਲਈ ਨਹੀਂ ਆਏ। ਚੋਣ ਪ੍ਰਚਾਰ ਦੀ ਕਮਾਨ ਲੁਧਿਆਣਾ ਹਲਕੇ ਦੇ ਐੱਮਪੀ ਰਵਨੀਤ ਬਿੱਟੂ ਨੇ ਸਾਂਭੀ ਹੋਈ ਹੈ।
ਸਿਆਸੀ ਪੰਡਤਾਂ ਦੀ ਮੰਨੀਏ ਤਾਂ ਸ੍ਰੀ ਸਿੱਧੂ ਦੇ ਲੁਧਿਆਣਾ ਵਿੱਚ ਚੋਣ ਪ੍ਰਚਾਰ ਨਾ ਕਰਨ ਪਿੱਛੇ ਕਾਰਨ ਪਿਛਲੇ ਸਮੇਂ ਤਿੰਨ ਨਗਰ ਨਿਗਮ ਚੋਣਾਂ ਵਿੱਚ ਮੇਅਰ ਚੁਣਨ ਸਮੇਂ ਉਨ੍ਹਾਂ ਦੀ ਰਾਏ ਨਾ ਲੈਣਾ ਮੰਨਿਆ ਜਾ ਰਿਹਾ ਹੈ। ਦਰਅਸਲ, ਸਨਅਤੀ ਸ਼ਹਿਰ ਦਾ ਨਗਰ ਨਿਗਮ ਸੂਬੇ ਦਾ ਸਭ ਤੋਂ ਵੱਡਾ ਨਿਗਮ ਹੈ, ਜਿਸ ਵਿੱਚ ਵਾਰਡਾਂ ਦੀ ਗਿਣਤੀ ਬਾਕੀ ਸ਼ਹਿਰਾਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਹੈ। ਬਜਟ ਪੱਖੋਂ ਵੀ ਨਗਰ ਨਿਗਮ ਲੁਧਿਆਣਾ ਦਾ ਸਾਲਾਨਾ ਬਜਟ 1100 ਤੋਂ 1300 ਕਰੋੜ ਰੁਪਏ ਰਹਿੰਦਾ ਹੈ। ਸਿਆਸੀ ਪੱਖ ਤੋਂ ਵੀ ਨਗਰ ਨਿਗਮ ਲੁਧਿਆਣਾ ਕਾਫ਼ੀ ਮਹੱਤਵਪੂਰਨ ਸਮਝਿਆ ਜਾਂਦਾ ਹੈ। ਕਾਂਗਰਸ ਸਰਕਾਰ ਆਉਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਲੁਧਿਆਣਾ ਵਿੱਚ 3600 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਐਲਾਨ ਕੀਤਾ ਸੀ। ਚੋਣਾਂ ਤੋਂ ਪਹਿਲਾਂ ਉਨ੍ਹਾਂ ਲੁਧਿਆਣਾ ਦੇ ਕਈ ਗੇੜੇ ਲਾਏ, ਪਰ ਨਗਰ ਨਿਗਮ ਦੀਆਂ ਸਭ ਤੋਂ ਅਹਿਮ ਚੋਣਾਂ ਦੌਰਾਨ ਉਨ੍ਹਾਂ ਦੀ ਗੈਰਹਾਜ਼ਰੀ ਹੈਰਾਨ-ਪ੍ਰੇਸ਼ਾਨ ਕਰ ਰਹੀ ਹੈ।

Facebook Comment
Project by : XtremeStudioz