Close
Menu

ਲੋਕ ਸਭਾ ਚੋਣਾਂ: ਦੂਜੇ ਗੇੜ ’ਚ 95 ਹਲਕਿਆਂ ’ਚ 68 ਫੀਸਦੀ ਮਤਦਾਨ

-- 19 April,2019

ਨਵੀਂ ਦਿੱਲੀ, 19 ਅਪਰੈਲ
ਲੋਕ ਸਭਾ ਚੋਣਾਂ ਲਈ ਵੋਟਾਂ ਦੇ ਦੂਜੇ ਗੇੜ ਵਿੱਚ 11 ਰਾਜਾਂ ਦੇ 95 ਲੋਕ ਸਭਾ ਹਲਕਿਆਂ ਵਿੱਚ ਅੱਜ 68 ਫੀਸਦੀ ਵੋਟਾਂ ਪਈਆਂ ਹਨ। ਵੋਟਾਂ ਪਾਉਣ ਦਾ ਕਾਰਜ ਅਮਨ-ਅਮਾਨ ਨਾਲ ਸਿਰੇ ਚੜ੍ਹ ਗਿਆ ਹੈ ਅਤੇ ਵੋਟਰਾਂ ਨੇ ਉਤਸ਼ਾਹ ਨਾਲ ਵੋਟਾਂ ਪਾਉਣ ਦੇ ਅਮਲ ਵਿੱਚ ਹਿੱਸਾ ਲਿਆ ਹੈ। ਇਸ ਦੌਰਾਨ ਪੱਛਮੀ ਬੰਗਾਲ ਅਤੇ ਮਨੀਪੁਰ ਵਿੱਚ ਝੜਪਾਂ ਹੋਣ ਤੇ ਈਵੀਐੱਮਜ਼ ਦੇ ਵਿੱਚ ਚੋਣ ਗੜਬੜੀਆਂ ਸਾਹਮਣੇ ਆਈਆਂ ਹਨ। ਚੋਣ ਕਮਿਸ਼ਨ ਦੇ ਸੂਤਰਾਂ ਅਨੁਸਾਰ ਪੁਡੂਚੇਰੀ ਵਿੱਚ ਵੋਟ ਪ੍ਰਤੀਸ਼ਤਤਾ 80.05 ਫੀਸਦੀ ਅਤੇ ਮਨੀਪੁਰ ਵਿੱਚ 80 ਫੀਸਦੀ ਰਹੀ ਹੈ। ਸ੍ਰੀਨਗਰ ਜਿੱਥੇ 2014 ਵਿੱਚ ਦੇਸ਼ ਵਿੱਚ ਸਭ ਤੋਂ ਘੱਟ 25.86 ਫੀਸਦੀ ਵੋਟਾਂ ਪਈਆਂ ਸਨ, ’ਚ ਅੱਜ 12.43 ਫੀਸਦੀ ਵੋਟਾਂ ਪਈਆਂ ਹਨ ਤੇ ਸ਼ੀਆ ਬਹੁਗਿਣਤੀ ਵਾਲੇ ਬੜਗਾਮ ਜ਼ਿਲ੍ਹੇ ਦੇ ਵਿੱਚ 17.1 ਫੀਸਦੀ ਵੋਟਾਂ ਪਈਆਂ ਹਨ। ਕਸ਼ਮੀਰ ਵਿੱਚ ਵੱਖਵਾਦੀਆਂ ਵੱਲੋਂ ਵੋਟਾਂ ਦੇ ਬਾਈਕਾਟ ਦੇ ਸੱਦੇ ਅਤੇ ਅਤਿਵਾਦੀਆਂ ਵੱਲੋਂ ਦਿੱਤੀਆਂ ਧਮਕੀਆਂ ਦੇ ਬਾਵਜੂਦ ਕਿਸੇ ਪ੍ਰਕਾਰ ਦੀ ਅਣਸੁਖਾਵੀਂ ਘਟਨਾ ਤੋਂ ਬਚਾਅ ਰਿਹਾ ਹੈ। ਚੋਣਾਂ ਦੇ ਮੱਦੇਨਜ਼ਰ ਕਸ਼ਮੀਰ ਵਿੱਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ। ਊਧਮਪੁਰ ਲੋਕ ਸਭਾ ਹਲਕੇ ਵਿੱਚ 70 ਫੀਸਦੀ ਵੋਟਾਂ ਪਈਆਂ ਹਨ। ਤਾਮਿਲਨਾਡੂ ਵਿੱਚ ਅੱਜ ਸਭ ਤੋਂ ਵੱਧ 38 ਲੋਕ ਸਭਾ ਹਲਕਿਆਂ ਵਿੱਚ ਵੋਟਾਂ ਪਈਆਂ ਅਤੇ ਵੋਟ ਪ੍ਰਤੀਸ਼ਤਤਾ 63.73 ਫੀਸਦੀ ਰਹੀ। ਸੂਬੇ ਦੇ ਮੁੱਖ ਚੋਣ ਅਧਿਕਾਰੀ ਸਤਿਆਬ੍ਰਤ ਸਾਹੂ ਅਨੁਸਾਰ ਵੋਟਾਂ ਦਾ ਅਮਲ ਪੁਰਅਮਨ ਤਰੀਕੇ ਨਾਲ ਨੇਪਰੇ ਚੜ੍ਹਿਆ ਹੈ। ਕਰੂਰ ਵਿੱਚ ਸਭ ਤੋਂ ਵੱਧ 56.85 ਅਤੇ ਕੇਂਦਰੀ ਚੇਨੱਈ ਵਿੱਚ ਸਭ ਤੋਂ ਘੱਟ45.65 ਫੀਸਦੀ ਵੋਟਾਂ ਪਈਆਂ ਹਨ। ਇੱਥੇ 18 ਵਿਧਾਨ ਸਭਾ ਹਲਕਿਆਂ ਲਈ ਦੀ ਜ਼ਿਮਨੀ ਚੋਣ ’ਚ 55.97 ਫੀਸਦੀ ਵੋਟਾਂ ਪਈਆਂ ਹਨ। ਤਾਮਿਲਨਾਡੂ ਵਿੱਚ ਵੈਲੂਰ ਲੋਕ ਸਭਾ ਹਲਕੇ ਦੀ ਚੋਣ ਮੰਗਲਵਾਰ ਨੂੰ ਚੋਣ ਕਮਿਸ਼ਨ ਨੇ ਰੱਦ ਕਰ ਦਿੱਤੀ ਸੀ।
ਇਸ ਤੋਂ ਇਲਾਵਾ ਕਰਨਾਟਕ ਵਿੱਚ 14 ਮਹਾਰਾਸ਼ਟਰ ਵਿੱਚ 10 ਉੱਤਰ ਪ੍ਰਦੇਸ਼ ਵਿੱਚ 8, ਬਿਹਾਰ ਅਤੇ ਉੜੀਸਾ ਵਿੱਚ 3 ਤਿੰਨ, ਜੰਮੂ ਕਸ਼ਮੀਰ ਵਿੱਚ ਦੋ ਮਨੀਪੁਰ ਅਤੇ ਪੁਡੂਚੇਰੀ ਵਿੱਚ ਇੱਕ ਇੱਕ ਸੀਟ ਉੱਤੇ ਵੋਟਾਂ ਪਈਆਂ ਹਨ। ਕਰਨਾਟਕ ’ਚ 14 ਲੋਕ ਸਭਾ ਸੀਟਾਂ ’ਤੇ 61.84 ਵੋਟਿੰਗ ਹੋਈ। ਤਿ੍ਰਪੁਰਾ ਪੂਰਬੀ ਲੋਕ ਸਭਾ ਸੀਟ ’ਤੇ ਚੋਣ ਮੁਲਤਵੀ ਕਰ ਦਿੱਤੀ ਗਈ ਹੈ। ਿੲਥੇ 23 ਅਪਰੈਲ ਨੂੰ ਵੋਟਾਂ ਪੈਣਗੀਆਂ।
ਪੱਛਮੀ ਬੰਗਾਲ ’ਚ ਅੱਜ 76 ਫੀਸਦੀ ਵੋਟਾਂ ਪਈਆਂ। ਪੱਛਮੀ ਬੰਗਾਲ, ਅਸਾਮ, ਮਨੀਪੁਰ, ਛੱਤੀਸਗੜ੍ਹ, ਪੁਡੂਚੇਰੀ ਅਤੇ ਤਾਮਿਲਨਾਡੂ ’ਚ 70 ਫੀਸਦੀ ਤੋਂ ਵੱਧ ਵੋਟਾਂ ਪਈਆਂ। ਇਸ ਦੌਰਾਨ ਤਿੰਨ ਲੋਕ ਸਭਾ ਹਲਕਿਆਂ ਵਿੱਚ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ ਹਨ। ਮਹਾਰਾਸ਼ਟਰ ਵਿੱਚ ਸ਼ਾਮ 5 ਵਜੇ ਤੱਕ 10 ਲੋਕ ਸਭਾ ਹਲਕਿਆਂ ਵਿੱਚ 57.22 ਫੀਸਦੀ ਵੋਟਾਂ ਪਈਆਂ ਹਨ। ਛੱਤੀਸਗੜ੍ਹ ਦੇ ਤਿੰਨ ਲੋਕ ਸਭਾ ਹਲਕਿਆਂ ਵਿੱਚ 69 ਫੀਸਦੀ ਦੇ ਕਰੀਬ ਵੋਟਾਂ ਪਈਆਂ ਹਨ। ਪੁਲੀਸ ਸੂਤਰਾਂ ਅਨੁਸਾਰ ਰਾਜਨੰਦਗਾਓਂ ਲੋਕ ਸਭਾ ਹਲਕੇ ਦੇ ਮੋਹਲਾ-ਮਾਨਪੁਰ ਵਿਧਾਨ ਸਭਾ ਖੇਤਰ ਵਿੱਚ ਮਾਓਵਾਦੀਆਂ ਵੱਲੋਂ ਕੀਤੇ ਇੱਕ ਵਿਸਫੋਟਕ ਧਮਾਕੇ ਤੋਂ ਇਲਾਵਾ ਵੋਟਾਂ ਪੈਣ ਵਾਲੇ ਖਿੱਤੇ ਵਿੱਚ ਕਿਤੇ ਵੀ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਉੜੀਸਾ ਵਿੱਚ ਪੰਜ ਲੋਕ ਸਭਾ ਹਲਕਿਆਂ ਅਤੇ 35 ਵਿਧਾਨ ਸਭਾ ਹਲਕਿਆਂ ਵਿੱਚ 64 ਫੀਸਦੀ ਵੋਟਾਂ ਪਈਆਂ ਸਨ। ਇਨਾਂ ਵਿੱਚ ਕੁੱਝ ਹਲਕੇ ਨਕਸਲੀਆਂ ਦੇ ਪ੍ਰਭਾਵ ਵਾਲੇ ਵੀ ਸਨ। ਕਰਨਾਟਕ ਵਿੱਚ ਸ਼ਾਮ ਪੰਜ ਵਜੇ ਤੱਕ 61.84 ਫੀਸਦੀ ਵੋਟਾਂ ਪੈ ਚੁੱਕੀਆਂ ਸਨ। ਆਸਾਮ ਦੇ ਕਰੀਮਗੰਜ ਵਿੱਚ ਸਭ ਤੋਂ ਵੱਧ 71.41 ਫੀਸਦੀ ਪੋਲਿੰਗ ਰਿਕਾਰਡ ਕੀਤੀ ਗਈ। ਬਿਹਾਰ ਦੇ ਪੰਜ ਲੋਕ ਸਭਾ ਹਲਕਿਆਂ ਵਿੱਚ 62.05 ਫੀਸਦੀ ਵੋਟਾਂ ਪਈਆਂ ਸਨ।

ਚੋਣ ਅਮਲ ਦੌਰਾਨ ਇੱਕ ਹਜ਼ਾਰ ਈਵੀਐੱਮਜ਼ ਬਦਲੀਆਂ

ਨਵੀਂ ਦਿੱਲੀ : ਡਿਪਟੀ ਚੋਣ ਕਮਿਸ਼ਨਰ ਸੁਦੀਪ ਜੈਨ ਨੇ ਦੱਸਿਆ ਕਿ ਅੱਜ ਚੋਣਾਂ ਦੌਰਾਨ ਕੁੱਲ ਇੱਕ ਹਜ਼ਾਰ ਬੈਲਟ ਮਸ਼ੀਨਾਂ,769 ਕੰਟਰੋਲ ਯੂਨਿਟ ਅਤੇ 2726 ਪੇਪਰ ਟਰਾਈਲ ਮਸ਼ੀਨਾਂ ਬਦਲੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜੇ ਬੈਲਟ ਮਸ਼ੀਨ ਜਾਂ ਕੰਟਰੋਲ ਮਸ਼ੀਨ ਬਦਲੀ ਜਾਂਦੀ ਹੈ ਤਾਂ ਪੇਪਰ ਟਰਾਈਲ ਮਸ਼ੀਨ ਵੀ ਬਦਲੀ ਜਾਂਦੀ ਹੈ। ਇਸ ਕਰਕੇ ਮਸ਼ੀਨਾਂ ਬਦਲਣ ਦੀ ਗਿਣਤੀ ਵੱਧ ਗਈ ਹੈ।

Facebook Comment
Project by : XtremeStudioz