Close
Menu

ਲੋਕ ਸਭਾ ’ਚ ਹੰਗਾਮਾ; ਛੇ ਕਾਂਗਰਸੀ ਮੈਂਬਰ ਮੁਅੱਤਲ

-- 25 July,2017

ਨਵੀਂ ਦਿੱਲੀ, 25 ਜੁਲਾਈ
ਦੇਸ਼ ਵਿੱਚ ਗਊ ਹੱਤਿਆਂ ਦੇ ਨਾਂ ’ਤੇ ਭੀੜ ਵੱਲੋਂ ਕੀਤੇ ਜਾ ਰਹੇ ਕਤਲਾਂ ਖ਼ਿਲਾਫ਼ ਵਿਰੋਧੀ ਧਿਰ ਨੇ ਅੱਜ ਲੋਕ ਸਭਾ ’ਚ ਜ਼ੋਰਦਾਰ ਹੰਗਾਮਾ ਕੀਤਾ। ਕਾਂਗਰਸ, ਤ੍ਰਿਣਮੂਲ ਕਾਂਗਰਸ (ਟੀਐਮਸੀ) ਤੇ ਖੱਬੀਆਂ ਪਾਰਟੀਆਂ ਦੇ ਮੈਂਬਰਾਂ ਨੇ ਸਪੀਕਰ ਦੇ ਆਸਣ ਅੱਗੇ ਨਾਅਰੇਬਾਜ਼ੀ ਕਰਦਿਆਂ ਕਾਗਜ਼ ਪਾੜ ਦਿੱਤੇ। ਇਸ ਦੌਰਾਨ ਸਪੀਕਰ ਸੁਮਿੱਤਰਾ ਮਹਾਜਨ ਨੇ ‘ਭਾਰੀ ਗੜਬੜ’ ਕਰਨ ਦੇ ਦੋਸ਼ ਹੇਠ ਕਾਂਗਰਸ ਦੇ ਛੇ ਮੈਂਬਰਾਂ ਨੂੰ ਪੰਜ ਦਿਨਾਂ ਲਈ ਸਦਨ ਤੋਂ ਮੁਅੱਤਲ ਕਰ ਦਿੱਤਾ।
ਵਿਰੋਧੀ ਧਿਰ ਦੇ ਭਾਰੀ ਵਿਰੋਧ ਤੇ ਭਾਜਪਾ ਮੈਂਬਰਾਂ ਦੇ ‘ਸ਼ਰਮ ਕਰੋ’ ਦੇ ਨਾਅਰਿਆਂ ਦੌਰਾਨ ਸਪੀਕਰ ਨੇ ਇਨ੍ਹਾਂ ਮੈਂਬਰਾਂ ਦੀ ਮੁਅੱਤਲੀ ਦਾ ਐਲਾਨ ਕੀਤਾ, ਜਿਨ੍ਹਾਂ ਵਿੱਚ ਗੌਰਵ ਗੋਗੋਈ, ਕੇ. ਸੁਰੇਸ਼, ਅਧੀਰ ਰਾਜਨ ਚੌਧਰੀ, ਰਣਜੀਤ ਰੰਜਨ, ਸੁਸ਼ਮਿਤਾ ਦੇਵ ਤੇ ਐਮ.ਕੇ. ਰਾਘਵਨ ਸ਼ਾਮਲ ਹਨ। ਸਪੀਕਰ ਨੇ ਕਿਹਾ ਕਿ ਇਨ੍ਹਾਂ ਮੈਂਬਰਾਂ ਦਾ ਵਤੀਰਾ ‘ਬਹੁਤ ਹੀ ਮਾੜਾ’ ਤੇ ਚੇਅਰ ਦੀ ਹੇਠੀ ਕਰਨ ਵਾਲਾ ਸੀ।
ਕਾਂਗਰਸ ਦੀ ਅਗਵਾਈ ਹੇਠ ਵਿਰੋਧੀ ਧਿਰ ਦਾ ਇਹ ਹੰਗਾਮਾ ਹਜੂਮੀ ਕਤਲਾਂ ਦੀਆਂ ‘ਜ਼ਾਲਮਾਨਾ ਤੇ ਸ਼ਰਮਨਾਕ’ ਘਟਨਾਵਾਂ ਖ਼ਿਲਾਫ਼ ਉਨ੍ਹਾਂ ਵੱਲੋਂ ਦਿੱਤੇ ਕੰਮ-ਰੋਕੂ ਮਤਿਆਂ ਦੇ ਨੋਟਿਸਾਂ ਨੂੰ ਸਪੀਕਰ ਵੱਲੋਂ ਰੱਦ ਕਰ ਦਿੱਤੇ ਜਾਣ ਕਾਰਨ ਸ਼ੁਰੂ ਹੋਇਆ। ਇਸ ਤੋਂ ਰੋਹ ਵਿੱਚ ਆਏ ਵਿਰੋਧੀ ਮੈਂਬਰ ਨਾਅਰੇ ਮਾਰਦੇ ਸਪੀਕਰ ਦੇ ਆਸਣ ਅੱਗੇ ਆ ਗਏ। ਸਵਾਲਾਂ ਦਾ ਵਕਫ਼ਾ ਖ਼ਤਮ ਹੋਣ ਦੇ ਫ਼ੌਰੀ ਬਾਅਦ ਸਦਨ ਵਿੱਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਗਊ-ਰੱਖਿਅਕਾਂ ਦੀ ਧੱਕੇਸ਼ਾਹੀ ਕਾਰਨ ਦਲਿਤਾਂ, ਘੱਟਗਿਣਤੀਆਂ ਤੇ ਔਰਤਾਂ ਨੂੰ ਸਹਿਮ ਦੇ ਸਾਏ ਹੇਠ ਜੀਣਾ ਪੈ ਰਿਹਾ ਹੈ। ਉਨ੍ਹਾਂ ਕਿਹਾ, ‘‘ਇਸ ਮਾਮਲੇ ’ਤੇ ਸਦਨ ਵਿੱਚ ਬਹਿਸ ਦੌਰਾਨ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਹਾਜ਼ਰ ਹੋਣਾ ਚਾਹੀਦਾ ਹੈ।’’ ਮੈਂਬਰ ‘ਗਊ ਰਕਸ਼ਾ ਕੇ ਨਾਮ ਪੇ ਹੱਤਿਆ ਬੰਦ ਕਰੋ’, ‘ਖ਼ੂਨ ਖ਼ਰਾਬਾ ਬੰਦ ਕਰੋ’ ਅਤੇ ‘ਦੇਸ਼ ਕੋ ਤੋੜਨੇ ਨਹੀਂ ਦੇਂਗੇ’ ਦੇ ਨਾਅਰੇ ਮਾਰਦੇ ਰਹੇ। ਇਸ ਤੋਂ ਪਹਿਲਾਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਅਨੰਤ ਕੁਮਾਰ ਨੇ ਕਿਹਾ ਕਿ ਸਾਰਾ ਦੇਸ਼ ‘ਗਊ ਨੂੰ ਮਾਤਾ’ ਮੰਨਦਾ ਹੈ ਤੇ ਉਸ ਦੀ ਰਾਖੀ ਹੋਣੀ ਚਾਹੀਦੀ ਹੈ, ਪਰ ਇਸ ਦੇ ਨਾਂ ਉਤੇ ਕਿਸੇ ਨੂੰ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਦੇ ਇਜਾਜ਼ਤ ਨਹੀਂ ਦੱਤੀ ਜਾਵੇਗੀ।

ਮਾੜੇ ਵਤੀਰੇ ਕਾਰਨ ਕਰਨੀ ਪਈ ਕਾਰਵਾਈ: ਸਪੀਕਰ
ਸਪੀਕਰ ਨੇ ਆਪਣੇ ਹੁਕਮਾਂ ਵਿੱਚ ਕਿਹਾ ਕਿ ਉਨ੍ਹਾਂ ਨੂੰ ਮੈਂਬਰਾਂ ਖ਼ਿਲਾਫ਼ ਕਾਰਵਾਈ ਉਨ੍ਹਾਂ ਦੇ ‘ਮਾੜੇ ਵਤੀਰੇ’ ਕਾਰਨ ਕਰਨੀ ਪਈ ਹੈ, ਜਿਸ ਨੂੰ ਉਨ੍ਹਾਂ ਨਿਯਮਾਂ ਦਾ ‘ਉਲੰਘਣ’ ਕਰਾਰ ਦਿੱਤਾ। ਉਨ੍ਹਾਂ ਕਿਹਾ, ‘‘ਗੌਰਵ ਗੋਗੋਈ ਨੇ ਮੇਜ਼ ਤੋਂ ਕਾਗਜ਼ ਖੋਹ ਕੇ ਸਪੀਕਰ ਵੱਲ ਲਹਿਰਾਏ। ਕੇ. ਸੁਰੇਸ਼ ਨੇ ਕਾਗਜ਼ ਪਾੜ ਕੇ ਸਪੀਕਰ ਵੱਲ ਵਗਾਹ ਮਾਰੇ। ਅਧੀਰ ਰਾਜਨ ਚੌਧਰੀ, ਰਣਜੀਤ ਰੰਜਨ, ਸੁਸ਼ਮਿਤਾ ਦੇਵ ਤੇ ਐਮ.ਕੇ. ਰਾਘਵਨ ਨੇ ਵੀ ਇੰਜ ਹੀ ਕੀਤਾ।’’ ਹੰਗਾਮੇ ਦੌਰਾਨ ਸਪੀਕਰ ਨੇ ਬਾਅਦ ਦੁਪਹਿਰ 2 ਵਜੇ ਤੱਕ ਲਈ ਸਦਨ ਉਠਾ ਦਿੱਤਾ। ਦੁਬਾਰਾ ਸਦਨ ਜੁੜਦਿਆਂ ਹੀ ਮੈਂਬਰਾਂ ਦੀ ਮੁਅੱਤਲੀ ਦਾ ਹੁਕਮ ਐਨਾਨਿਆ ਤੇ ਮੁੜ ਸਦਨ 2.30 ਵਜੇ ਤੱਕ ਉਠਾ ਦਿੱਤਾ। ਸਦਨ ਬਾਅਦ ਦੁਪਹਿਰ 2.30 ਵਜੇ ਜੁੜਿਆ ਤਾਂ ਕਾਂਗਰਸ ਅਤੇ ਦੂਜੀਆਂ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਮੁਅੱਤਲੀ ਦਾ ਜ਼ੋਰਦਾਰ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਡਿਪਟੀ ਸਪੀਕਰ ਐਮ. ਥੰਬੀ ਦੁਰਈ ਨੇ ਸਦਨ ਸਾਰੇ ਦਿਨ ਲਈ ਉਠਾ ਦਿੱਤਾ।

Facebook Comment
Project by : XtremeStudioz