Close
Menu

ਵਰਲਡ ਸ਼ੂਟਿੰਗ ਚੈਂਪੀਅਨਸ਼ਿਪ : ਹ੍ਰਿਦਯ ਅਤੇ ਮਹਿਲਾ ਟੀਮ ਨੇ ਜਿੱਤੇ ਦੋ ਸੋਨ ਤਮਗੇ

-- 07 September,2018

ਚਾਂਗਵੋਨ— ਭਾਰਤੀ ਨਿਸ਼ਾਨੇਬਾਜ਼ ਹ੍ਰਿਦਯ ਹਜ਼ਾਰਿਕਾ ਨੇ ਇੱਥੇ ਚਲ ਰਹੀ ਆਈ.ਐੱਸ.ਐੱਸ.ਐੱਫ. ਵਿਸ਼ਵ ਚੈਂਪੀਅਨਸ਼ਿਪ ‘ਚ ਜੂਨੀਅਰ 10 ਮੀਟਰ ਏਅਰ ਰਾਈਫਲ ‘ਚ ਸੋਨ ਤਮਗਾ ਜਿੱਤਿਆ ਜਦਕਿ ਮਹਿਲਾ ਟੀਮ ਨੇ ਵਿਸ਼ਵ ਰਿਕਾਰਡ ਦੇ ਨਾਲ ਪੀਲਾ ਤਮਗਾ ਆਪਣੀ ਝੋਲੀ ‘ਚ ਪਾਇਆ। ਫਾਈਨਲ ਲਈ ਕੁਆਲੀਫਾਈ ਕਰਨ ਵਾਲੇ ਇਕੱਲੇ ਭਾਰਤੀ ਹਜ਼ਾਰਿਕਾ ਨੇ 627.3 ਦਾ ਸਕੋਰ ਕੀਤਾ। ਫਾਈਨਲ ‘ਚ ਉਨ੍ਹਾਂ ਦੇ ਵਿਰੋਧੀ ਈਰਾਨ ਦੇ ਮੁਹੰਮਦ ਆਮਿਰ ਨੋਕੂਨਾਮ ਦਾ ਸਕੋਰ 250.1 ਰਿਹਾ।

ਹਜ਼ਾਰਿਕਾ ਨੇ ਸ਼ੂਟ ਆਫ ‘ਚ ਜਿੱਤ ਦਰਜ ਕੀਤੀ। ਰੂਸ ਦੇ ਗ੍ਰਿਗੋਰੀ ਸ਼ਾਮਾਕੋਵ ਨੂੰ ਕਾਂਸੀ ਤਮਗਾ ਮਿਲਿਆ। ਭਾਰਤੀ ਟੀਮ 1872.3 ਅੰਕ ਲੈ ਕੇ ਚੌਥੇ ਸਥਾਨ ‘ਤੇ ਰਹੀ ਜਿਸ ‘ਚ ਹਜ਼ਾਰਿਕਾ, ਦਿਵਿਆਂਸ਼ ਪੰਵਾਰ ਅਤੇ ਅਰਜੁਨ ਬਾਬੁਟਾ ਸ਼ਾਮਲ ਸਨ। ਭਾਰਤੀ ਮਹਿਲਾ 10 ਮੀਟਰ ਏਅਰ ਰਾਈਫਲ ਟੀਮ ਨੇ 1880.7 ਦੇ ਸਕੋਰ ਦੇ ਨਾਲ ਵਿਸ਼ਵ ਰਿਕਾਰਡ ਬਣਾਉਂਦੇ ਹੋਏ ਸੋਨ ਤਮਗਾ ਆਪਣੇ ਨਾਂ ਕੀਤਾ। ਭਾਰਤੀ ਟੀਮ ‘ਚ ਸ਼ਾਮਲ ਇਲਾਵੇਨਿਲ ਵਾਲਾਰੀਵਾਨ (631), ਸ਼੍ਰੇਆ ਅਗਰਵਾਲ (628.5) ਅਤੇ ਮਾਨਿਨੀ ਕੌਸ਼ਿਕ (621.5) ਨੇ ਬਿਹਤਰੀਨ ਪ੍ਰਦਰਸ਼ਨ ਕੀਤਾ।

ਜੂਨੀਅਰ ਵਿਸ਼ਵ ਕੱਪ ਸੋਨ ਤਮਗਾ ਜੇਤੂ ਇਲਾਵੇਨਿਲ ਨੇ ਨਵਾਂ ਵਿਸ਼ਵ ਰਿਕਾਰਡ ਵੀ ਬਣਾਇਆ। ਸੀਨੀਅਰ ਵਰਗ ‘ਚ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ‘ਚ ਭਾਰਤ ਨੂੰ ਨਿਰਾਸ਼ਾ ਹੱਥ ਲੱਗੀ ਕਿਉਂਕਿ ਕੋਈ ਵੀ ਭਾਰਤੀ ਫਾਈਨਲ ‘ਚ ਜਗ੍ਹਾ ਨਹੀਂ ਬਣਾ ਸਕਿਆ। ਏਸ਼ੀਆਈ ਖੇਡਾਂ ਦੇ ਚਾਂਦੀ ਤਮਗਾ ਜੇਤੂ ਸੰਜੀਵ ਰਾਜਪੂਤ 58ਵੇਂ ਸਥਾਨ ‘ਤੇ ਰਹੇ। ਸਵਪਨਿਲ ਕੁਸਾਲੇ 55ਵੇਂ ਅਤੇ ਅਖਿਲ ਸ਼ੇਰੋਨ 44ਵੇਂ ਸਥਾਨ ‘ਤੇ ਰਹੇ। ਭਾਰਤੀ ਟੀਮ 11ਵੇਂ ਸਥਾਨ ‘ਤੇ ਰਹੀ।

Facebook Comment
Project by : XtremeStudioz