Close
Menu

ਵਿਦਰਭ ਰੈਸਟ ਆਫ ਇੰਡੀਆ ਤੋਂ 85 ਦੌੜਾਂ ਨਾਲ ਪੱਛੜਿਆ

-- 14 February,2019

ਨਾਗਪੁਰ, 14 ਫਰਵਰੀ
ਸਲਾਮੀ ਬੱਲੇਬਾਜ਼ ਸੰਜੇ ਰਾਮਾਸਵਾਮੀ ਅਤੇ ਅਕਸ਼ੈ ਵਾਡਕਰ ਦੇ ਅਰਧ ਸੈਂਕੜਿਆਂ ਦੀ ਮੱਦਦ ਨਾਲ ਵਿਦਰਭ ਨੇ ਰੈਸਟ ਆਫ ਇੰਡੀਆ ਦੇ ਸਪਿੰਨਰਾਂ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਬਾਵਜੂਦ ਇਰਾਨੀ ਟਰਾਫੀ ਦੇ ਦੂਜੇ ਦਿਨ ਬੁੱਧਵਾਰ ਨੂੰ ਇੱਥੇ ਛੇ ਵਿਕਟਾਂ ਨਾਲ 245 ਦੌੜਾਂ ਬਣਾ ਕੇ ਪਹਿਲੀ ਪਾਰੀ ਵਿਚ ਲੀਡ ਹਾਸਲ ਕਰਨ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ। ਰਾਮਾਸਵਾਮੀ ਨੇ 65 ਦੌੜਾਂ ਬਣਾਈਆਂ ਜਦੋਂ ਕਿ ਵਾਡਕਰ ਅਜੇ 50 ਦੌੜਾਂ ਉੱਤੇ ਖੇਡ ਰਿਹਾ ਹੈ। ਇਨ੍ਹਾਂ ਦੋਨਾਂ ਤੋਂ ਇਲਾਵਾ ਗਣੇਸ਼ ਸਤੀਸ਼ ਨੇ 48 ਦੌੜਾਂ ਦਾ ਯੋਗਦਾਨ ਪਾਇਆ ਪਰ ਵਿਦਰਭ ਅਜੇ ਵੀ ਰੈਸਟ ਆਫ ਇੰਡੀਆ ਤੋਂ 85 ਦੌੜਾਂ ਪਿੱਛੇ ਹੈ, ਜਿਸ ਨੇ ਪਹਿਲੀ ਪਾਰੀ ਵਿਚ 330 ਦੌੜਾਂ ਬਣਾਈਆਂ ਸਨ। ਰੈਸਟ ਆਫ ਇੰਡੀਆ ਦੀ ਤਰਫੋ ਕ੍ਰਿਸ਼ਨਾਅੱਪਾ ਗੌਤਮ ਅਤੇ ਧਰਮੇਂਦਰ ਸਿੰਘ ਜਡੇਜਾ ਨੇ ਦੋ ਦੋ ਵਿਕਟਾਂ ਲਈਆਂ।
ਵਿਦਰਭ ਨੇ ਸਵੇਰੇ ਆਪਣੀ ਪਾਰੀ ਸ਼ੁਰੂ ਕੀਤੀ ਅਤੇ ਬੱਲੇਬਾਜ਼ ਨਿਯਮਿਤ ਸਮੇਂ ਅੰਦਰ ਆਪਣੀਆਂ ਵਿਕਟਾਂ ਗਵਾਉਂਦੇ ਚਲੇ ਗਏ। ਤੇਜ਼ ਗੇਂਦਬਾਜ਼ ਅੰਕਿਤ ਰਾਜਪੂਤ ਅਤੇ ਤਨਵੀਰ ਉਲ ਹੱਕ ਨੇ ਸਵੇਰੇ ਉਸਦੇ ਸਲਾਮੀ ਬੱਲੇਬਾਜ਼ ਫੈਜ਼ ਫਜ਼ਲ (27) ਅਤੇ ਰਾਮਾਸਵਾਮੀ ਨੂੰ ਖੁੱਲ੍ਹ ਕੇ ਨਹੀਂ ਖੇਡਣ ਦਿੱਤਾ ਪਰ ਇਹ ਦੋਵੇਂ ਪਹਿਲੀ ਵਿਕਟ ਦੇ ਲਈ 50 ਦੌੜਾਂ ਜੋੜਨ ਵਿਚ ਕਾਮਯਾਬ ਰਹੇ। ਗੌਤਮ ਨੇ ਫਜ਼ਲ ਨੂੰ 21ਵੇਂ ਓਵਰ ਵਿਚ ਵਿਕਟਕੀਪਰ ਇਸ਼ਾਨ ਕਿਸ਼ਨ ਦੋ ਹੱਥੋਂ ਕੈਚ ਕਰਵਾ ਕੇ ਰੈਸਟ ਆਫ ਇੰਡੀਆ ਨੂੰ ਪਹਿਲੀ ਸਫਲਤਾ ਦਿਵਾਈ। ਜ਼ਖ਼ਮੀ ਵਾਸੀਮ ਜਾਫਰ ਦੀ ਥਾਂ ਲਏ ਗਏ ਅਥਰਵ ਤਾਈਡੇ ਨੇ ਕੇਵਲ 15 ਦੌੜਾਂ ਬਣਾਈਆਂ ਅਤੇ ਲੈੱਗ ਸਪਿੰਨਰ ਰਾਹੁਲ ਚਾਹਰ ਦੀ ਗੇਂਦ ਉੱਤੇ ਟੰਗਅੜਿੱਕਾ ਆਉੂਟ ਹੋ ਕੇ ਪਵੇਲੀਅਨ ਪਰਤ ਗਿਆ। ਰਾਮਾਸਵਾਮੀ ਅਤੇ ਸਤੀਸ਼ ਨੇ ਤੀਜੇ ਵਿਕਟ ਲਈ 60 ਦੌੜਾਂ ਜੋੜੀਆਂ ਪਰ ਰੈਸਟ ਆਫ ਇੰਡੀਆ ਦੇ ਗੇਂਦਬਾਜਾਂ ਨੇ ਦੂਜੇ ਸੈਸ਼ਨ ਵਿਚ ਕੇਵਲ 65 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕਰ ਲਈਆਂ। ਇਨ੍ਹਾਂ ਵਿਚ ਰਾਮਾਸਵਾਮੀ ਅਤੇ ਸਤੀਸ਼ ਦੇ ਵਿਕਟ ਵੀ ਸ਼ਾਮਲ ਹਨ। ਖੱਬੂ ਸਪਿੰਨਰ ਧਰਮੇਂਦਰ ਸਿੰਘ ਜਡੇਜਾ ਨੇ ਸੰਜਯ ਦਾ ਅਹਿਮ ਵਿਕਟ ਲਿਆ। ਉਸਨੇ ਉਛਲਦੀ ਆ ਰਹੀ ਗੇਂਦ ਉੱਤੇ ਸ਼ਾਰਟ ਕਵਰ ਵਿਚ ਖੜ੍ਹੇ ਹਨੁਮਾ ਵਿਹਾਰੀ ਨੂੰ ਕੈਚ ਦਿੱਤਾ। ਗੌਤਮ ਨੇ ਮੋਹਿਤ ਕਾਲੇ (1) ਨੂੰ ਆਉਂਦਿਆਂ ਹੀ ਪਵੇਲੀਅਨ ਦਾ ਰਸਤਾ ਦਿਖਾ ਦਿੱਤਾ।
ਇਸ਼ਾਨ ਕਿਸ਼ਨ ਨੇ ਖੂਬਸੂਰਤ ਡਾਈਵ ਲਾ ਕੇ ਉਸਦਾ ਕੈਚ ਲੈ ਲਿਆ। ਰੈਸਟ ਆਫ ਇੰਡੀਆ ਦੇ ਕਪਤਾਨ ਅਜਿੰਕਿਆ ਰਹਾਣੇ ਨੇ ਇਸ ਦੌਰਾਨ ਤੇਜ ਗੇਂਦਬਾਜ਼ ਰਾਜਪੂਤ ਨੂੰ ਗੇਂਦ ਸੌਂਪੀ ਪਰ ਸਤੀਸ਼ ਅਤੇ ਵਿਕਟਕੀਪਰ ਬੱਲੇਬਾਜ਼ ਵਾਡਕਰ ਨੇ ਉਸਦਾ ਚੰਗਾ ਟਾਕਰਾ ਕੀਤਾ। ਸਤੀਸ਼ ਚਾਹ ਦੇ ਅਰਾਮ ਤੋਂ ਪਹਿਲਾਂ ਜਡੇਜਾ ਦੀ ਗੇਂਦ ਉੱਤੇ ਆਊਟ ਹੋ ਗਿਆ। ਵਾਡਕਰ ਅਤੇ ਅਦਿੱਤਿਆ ਸਰਵਟੇ (18) ਨੇ ਲੱਗਪਗ 17 ਓਵਰ ਖੇਡ ਕੇ ਰੈਸਟ ਆਫ ਇੰਡੀਆ ਦੇ ਹੱਥ ਸਫਲਤਾ ਨਹੀਂ ਲੱਗਣ ਦਿੱਤੀ ਅਤੇ ਛੇਵੇਂ ਵਿਕਟ ਦੇ ਲਈ 58 ਦੌੜਾਂ ਜੋੜੀਆਂ। ਰਾਜਪੂਤ ਨੇ ਅਖੀਰ ਨੂੰ ਸਰਵਟੇ ਨੂੰ ਟੰਗ ਅੜਿੱਕਾ ਆਉੂਟ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ। ਵਾਡਕਰ ਨੇ ਹੁਣ ਤੱਕ 96 ਗੇਂਦਾਂ ਦਾ ਸਾਹਮਣਾ ਕਰਦਿਆਂ 9 ਚੌਕੇ ਲਾਏ। ਉਸਦੇ ਨਾਲ ਅਕਸ਼ੈ ਕਰਣੀਵਰ 15 ਦੌੜਾਂ ਬਣਾ ਕੇ ਖੇਡ ਰਿਹਾ ਹੈ।

Facebook Comment
Project by : XtremeStudioz