Close
Menu

ਵਿਦੇਸ਼ੀ ਮੀਡੀਆ ਦੀ ਹਾਜ਼ਰੀ ’ਚ ਉੱਤਰੀ ਕੋਰੀਆ ਨੇ ਮਲੀਆਮੇਟ ਕੀਤੇ ਪਰਮਾਣੂ ਪਰਖ਼ ਟਿਕਾਣੇ

-- 25 May,2018

ਪੁਨਗਯੀ-ਰੀ, ਉੱਤਰੀ ਕੋਰੀਆ ਨੇ ਅੱਜ ਵਿਦੇਸ਼ੀ ਮੀਡੀਆ ਦੀ ਹਾਜ਼ਰੀ ਵਿੱਚ ਕੁਝ ਘੰਟਿਆਂ ਦੇ ਵਕਫ਼ੇ ਵਿੱਚ ਹੀ ਕਈ ਧਮਾਕੇ ਕਰਕੇ ਆਪਣੇ ਪਰਮਾਣੂ ਪਰਖ਼ ਟਿਕਾਣਿਆਂ ਨੂੰ ਮਲੀਆਮੇਟ ਕਰ ਦਿੱਤਾ। ਇਹ ਧਮਾਕੇ ਦੇਸ਼ ਦੇ ਉੱਤਰੀ ਇਲਾਕੇ ਵਿੱਚ ਬੇਹੱਦ ਘੱਟ ਵਸੋਂ ਵਾਲੇ ਉੱਚੇ ਇਲਾਕੇ ’ਚ ਸਥਿਤ ਤਿੰਨ ਜ਼ਮੀਨਦੋਜ਼ ਸੁਰੰਗਾਂ ’ਚ ਕੀਤੇ ਗਏ ਹਨ। ਇਸ ਤੋਂ ਇਲਾਵਾ ਪਰਖ਼ ਕੇਂਦਰ ਦੇ ਆਲੇ-ਦੁਆਲੇ ਸਥਿਤ ਨਿਗਰਾਨੀ ਰੱਖਣ ਵਾਲੇ ਟਾਵਰ ਵੀ ਢਾਹ ਦਿੱਤੇ ਗਏ ਹਨ। ਪਰਮਾਣੂ ਪਰਖ਼ ਕੇਂਦਰਾਂ ਦੀ ਯੋਜਨਾਬੱਧ ਬੰਦੀ ਦਾ ਇਹ ਫ਼ੈਸਲਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਅਗਲੇ ਮਹੀਨੇ ਦੀ ਉੱਤਰ ਕੋਰਿਆਈ ਫੇਰੀ ਦੇ ਮੱਦੇਨਜ਼ਰ ਲਿਆ ਗਿਆ ਹੈ। ਉੱਤਰ ਕੋਰੀਆ ਦੇ ਨੇਤਾ ਕਿਮ ਜੌਂਗ ਉਨ ਵੱਲੋਂ ਲਏ ਗਏ ਇਸ ਫ਼ੈਸਲੇ ਨੂੰ ਅਮਰੀਕੀ ਸਦਰ ਦੇ ਸਵਾਗਤੀ ਪਹਿਲੂ ਵੱਜੋਂ ਦੇਖਿਆ ਜਾ ਰਿਹਾ ਹੈ। ਦਰਅਸਲ ਇਸ ਫ਼ੈਸਲੇ ਰਾਹੀਂ ਮੁਲਕ ਦੋਵਾਂ ਆਗੂਆਂ ਦੀ ਮੁਲਾਕਾਤ ਤੋਂ ਪਹਿਲਾਂ ਇਕ ਸਾਕਾਰਾਤਮਕ ਮਾਹੌਲ ਕਾਇਮ ਕਰਨਾ ਚਾਹੁੰਦਾ ਹੈ। ਹਾਲਾਂਕਿ ਇਹ ਕਾਫ਼ੀ ਨਹੀਂ ਹੋਵੇਗਾ ਤੇ ਉੱਤਰ ਕੋਰੀਆ ਨੂੰ ਅਮਰੀਕਾ ਨੂੰ ‘ਖੁਸ਼’ ਕਰਨ ਲਈ ਪਰਮਾਣੂ ਪ੍ਰੋਗਰਾਮ ਸਬੰਧੀ ਹੋਰ ਕਦਮ ਵੀ ਚੁੱਕਣਾ ਪੈ ਸਕਦੇ ਹਨ। ਵਿਦੇਸ਼ੀ ਮੀਡੀਆ, ਜਿਨ੍ਹਾਂ ਵਿੱਚ ਜ਼ਿਆਦਾਤਰ ਟੈਲੀਵਿਜ਼ਨ ਨੈੱਟਵਰਕ ਸ਼ਾਮਲ ਸਨ, ਨੂੰ ਇਸ ਮੌਕੇ ਸੱਦ ਕੇ ਉੱਤਰੀ ਕੋਰੀਆ ਨੇ ਆਲਮੀ ਪੱਧਰ ’ਤੇ ਬਣੀ ਆਪਣੀ ‘ਅੜੀਅਲ’ ਪਛਾਣ ਨੂੰ ਪਲਟਾਉਣ ਦੀ ਕੋਸ਼ਿਸ਼ ਕੀਤੀ ਹੈ।

Facebook Comment
Project by : XtremeStudioz