Close
Menu

ਵਿਧਾਨ ਸਭਾ ਵਿੱਚ ਸਿੱਧੂ ਤੇ ਮਜੀਠੀਆ ਵਿਚਾਲੇ ਖਡ਼ਕੀ

-- 23 March,2018

ਚੰਡੀਗਡ਼੍ਹ, ਪੰਜਾਬ ਵਿਧਾਨ ਸਭਾ ਵਿਚ ਅੱਜ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਵਿਰੁੱਧ ਅਪਸ਼ਬਦਾਂ ਦੀ ਵਰਤੋਂ ਕਰ ਕੇ ਸਦਨ ਵਿਚ ਹੰਗਾਮਾ ਕਰ ਦਿੱਤਾ।
ਸ੍ਰੀ ਸਿੱਧੂ ਦਾ ਹਮਲਾਵਰ ਰੂਪ ਦੇਖ ਕੇ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਸਮੇਤ ਖੁਦ ਹੁਕਮਰਾਨ ਪਾਰਟੀ ਦੇ ਵਿਧਾਇਕ ਤੇ ਮੰਤਰੀ ਵੀ ਦੰਗ ਰਹਿ ਗਏ। ਇਸ ਸਥਿਤੀ ਨੂੰ ਦੇਖਦਿਆਂ ਸਪੀਕਰ ਰਾਣਾ ਕੇਪੀ ਸਿੰਘ ਨੇ ਇਸ ਦੌਰਾਨ ਦੋਵਾਂ ਧਿਰਾਂ ਵੱਲੋਂ ਇਕ ਦੂਜੇ ਖ਼ਿਲਾਫ਼ ਵਰਤੇ ਬੋਲ ਕੁਬੋਲ ਕਾਰਵਾਈ ਵਿੱਚੋਂ ਹਟਾ ਕੇ ਸਦਨ ਅੱਧੇ ਘੰਟੇ ਲਈ ਮੁਲਤਵੀ ਕਰ ਦਿੱਤਾ ਪਰ ਇਸ ਦੇ ਬਾਵਜੂਦ ਸਿੱਧੂ ਦੀ ਸ਼ਬਦੀ ਬੰਬਾਰੀ ਜਾਰੀ ਰਹੀ। ਦੂਸਰੇ ਪਾਸੇ ਸ੍ਰੀ ਮਜੀਠੀਆ ਸਮੇਤ ਸਾਰੇ ਅਕਾਲੀ ਅਤੇ ਭਾਜਪਾ ਵਿਧਾਇਕ ਵੀ ਬੈਂਚਾਂ ਤੋਂ ਉਠ ਗਏ ਅਤੇ ਸ੍ਰੀ ਸਿੱਧੂ ਵਿਰੁੱਧ ਬੋਲਦੇ ਰਹੇ। ਇਕ ਸਮੇਂ ਸਥਿਤੀ ਅਜਿਹੀ ਆ ਗਈ ਕਿ ਸਪੀਕਰ ਵੱਲੋਂ ਸਦਨ ਮੁਅੱਤਲ ਕਰਨ ਤੋਂ ਬਾਅਦ ਵੀ ਸ੍ਰੀ ਸਿੱਧੂ ਅਪਸ਼ਬਦ ਬੋਲਦੇ ਰਹੇ ਅਤੇ ਆਪਣੀਆਂ ਬਾਹਾਂ ਉਲਾਰਦੇ ਹੋਏ ਮਜੀਠੀਆ ਵੱਲ ਵਧੇ। ਦੂਸਰੇ ਪਾਸੇ, ਮਜੀਠੀਆ ਨੇ ਵੀ ਆਪਣੇ ਕਦਮ ਅੱਗੇ ਵਧਾਏ ਅਤੇ ਇਸੇ ਦੌਰਾਨ ਕਾਂਗਰਸ ਦੇ ਕੁਝ ਵਿਧਾਇਕ ਸ੍ਰੀ ਸਿੱਧੂ ਨੂੰ ਪਿੱਛੇ ਲੈ ਗਏ। ਇਸ ਮੌਕੇ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਸ੍ਰੀ ਸਿੱਧੂ ਦਾ ਪੂਰਾ ਸਾਥ ਦਿੰਦਿਆਂ ਸ੍ਰੀ ਮਜੀਠੀਆ ਉਪਰ ਚਿੱਕਡ਼ ਉਛਾਲੀ ਕੀਤੀ। ਇਹ ਸ਼ਬਦੀ ਜੰਗ ਉਸ ਵੇਲੇ ਸ਼ੁਰੂ ਹੋਈ ਜਦੋਂ ਅਕਾਲੀ ਦਲ ਦੇ ਵਿਧਾਇਕ ਤੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ  ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਸੰਸਦ ਮੈਂਬਰਾਂ ਨਾਲ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਮਿਲੇ ਹਨ ਅਤੇ ਉਨ੍ਹਾਂ ਕੇਂਦਰੀ ਹਿੱਸੇ ਦਾ ਜੀਐਸਟੀ ਲੰਗਰ ਤੋਂ ਮੁਆਫ਼ ਕਰਨ ਦਾ ਭਰੋਸਾ ਦਿੱਤਾ ਹੈ। ਇਸ ਤੋਂ ਬਾਅਦ ਸ੍ਰੀ ਸਿੱਧੂ ਤੈਸ਼ ਵਿਚ ਆ ਗਏ ਅਤੇ ਕੁਝ ਕਹਿਣ ਲੱਗੇ। ਇਸੇ ਦੌਰਾਨ, ਦੂਸਰੇ ਪਾਸੇ ਸ੍ਰੀ ਮਜੀਠੀਆ ਵੀ ਆਪਣੀ ਗੱਲ ਕਹਿਣ ਲੱਗ ਪਏ। ਇਸ ਤੋਂ ਬਾਅਦ ਸ੍ਰੀ ਸਿੱਧੂ ਇਹ ਕਹਿੰਦੇ ਹੋਏ ਆਪੇ ਤੋਂ ਬਾਹਰ ਹੋ ਗਏ ਕਿ ਉਨ੍ਹਾਂ ਨੂੰ ਟੋਕਿਆ ਨਾ ਜਾਵੇ। ਇਕ ਵਾਰ ਸ੍ਰੀ ਸਿੱਧੂ ਦੇ ਇਸ ਰੂਪ ਨੂੰ ਦੇਖ ਕੇ ਸਾਰੇ ਦੰਗ ਰਹਿ ਗਏ। ਇਸ ਘਟਨਾ ਤੋਂ ਬਾਅਦ ਪਰਮਿੰਦਰ ਢੀਂਡਸਾ ਸਪੀਕਰ ਕੋਲ ਗਏ ਅਤੇ ਸ੍ਰੀ ਸਿੱਧੂ ਵੱਲੋਂ ਸ੍ਰੀ ਮਜੀਠੀਆ ਲਈ ਵਰਤੇ ਅਪਸ਼ਬਦਾਂ ਲਈ ਰੋਸ ਪ੍ਰਗਟ ਕੀਤਾ। ਬਾਅਦ ਵਿਚ ਸ੍ਰੀ ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਸ੍ਰੀ ਸਿੱਧੂ ਦੇ ਵਤੀਰੇ ਵਿਰੁੱਧ ਸਪੀਕਰ ਨਾਲ ਮੁਲਾਕਾਤ ਕੀਤੀ ਹੈ ਅਤੇ ਕਿਹਾ ਹੈ ਕਿ ਜੇ ਸ੍ਰੀ ਸਿੱਧੂ ਦੀ ਬੋਲ ਬਾਣੀ ਨੂੰ ਕਾਬੂ ਨਾ ਕੀਤਾ ਤਾਂ ਸਦਨ ਦਾ ਮਾਹੌਲ ਖਰਾਬ ਹੋ ਸਕਦਾ ਹੈ। ਪਹਿਲਾਂ ਅਰੁਣ ਨਾਰੰਗ ਦੇ ਇਕ ਸਵਾਲ ਦੇ ਮਾਮਲੇ ਵਿਚ ਜਦੋਂ ਸ੍ਰੀ ਢੀਂਡਸਾ ਨੇ ਦਖ਼ਲ ਦਿੱਤਾ ਤਾਂ ਸ੍ਰੀ ਸਿੱਧੂ ਨੇ ਬਡ਼ੀ ਉਚੀ ਸੁਰ ਵਿਚ ਕਿਹਾ ਕਿ ਗੱਲ ਸੱਚੀ-ਖਰੀ ਕਰੋ ਤੇ ਫੋਕੀਆਂ ਗੱਲਾਂ ਨਾ ਕਰੋ। ਜਦੋਂ ਮੁੱਖ ਮੰਤਰੀ ਨੇ ਸਪੀਕਰ ਨੂੰ ਸਦਨ ਦੀ ਕਾਰਵਾਈ ਰਿਕਾਰਡ ਕਰਨ ਦੀ ਪ੍ਰਕਿਰਿਆ ਨੂੰ ਰੋਕਣ ਲਈ ਕਿਹਾ ਤਾਂ ਫਿਰ ਸ੍ਰੀ ਸਿੱਧੂ ਉਠ ਕੇ ਬੋਲੇ ‘ਰੋਕੋ ਨਹੀਂ ਠੋਕੋ’। ਇਸੇ ਤਰ੍ਹਾਂ ਜਦੋਂ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਇਕ ਸਵਾਲ ਦਾ ਜਵਾਬ ਦਿੰਦਿਆਂ ਕੋਈ ਟੋਟਕਾ ਛੱਡਿਆ ਤਾਂ ਸ੍ਰੀ ਸਿੱਧੂ ਏਨੇ ਭਾਵੁਕ ਹੋ ਗਏ ਕਿ ਆਪਣੇ ਬੈਂਚ ਤੋਂ ਉਠ ਕੇ ਸ੍ਰੀ ਧਰਮਸੋਤ ਅੱਗੇ ਹੱਥ ਜੋਡ਼ ਕੇ ਤੇ ਸਿਰ ਨਿਵਾ ਕੇ ਖਡ਼੍ਹੇ ਹੋ ਗਏ। ਇਸੇ ਤਰ੍ਹਾਂ ਜਦੋਂ ਮੁੱਖ ਮੰਤਰੀ ਵਿਰੋਧੀ ਧਿਰ ਦੀ ਉਪ ਨੇਤਾ ਸਰਵਜੀਤ ਕੌਰ ਮਾਣੂੰਕੇ ਦੇ ਜਗਰਾਓਂ ਨੂੰ ਜ਼ਿਲ੍ਹਾ ਬਣਾਉਣ ਦੇ ਸਵਾਲ ਉਪਰ ਜਵਾਬ ਦੇ ਰਹੇ ਸਨ ਤਾਂ ਮੁਡ਼ ਸਿੱਧੂ  ਨੇ ਪਿਛਲੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਕੇਂਦਰ ਤੋਂ ਮਿਲੇ 4.16 ਕਰੋਡ਼ ਰੁਪਏ ਦਾ ਵਰਤੋਂ ਦਾ ਸਰਟੀਫਿਕੇਟ ਨਾ ਦੇਣ ਕਾਰਨ ਬਾਕੀ ਗਰਾਂਟ ਲੇਟ ਹੋਈ ਹੈ।

ਕਾਰਵਾਈ ਦੇ ਸਿੱਧੇ ਪ੍ਰਸਾਰਨ ਬਾਰੇ ਜਾਂਚ ਕਰਾਉਣ ਦਾ ਫ਼ੈਸਲਾ
ਚੰਡੀਗਡ਼੍ਹ: ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਵਿਰੋਧੀ ਧਿਰ ਦੇ ਕੁਝ ਮੈਂਬਰਾਂ  ਵੱਲੋਂ ਸਦਨ ਦੀ ਕਾਰਵਾਈ ਦਾ ਸੋਸ਼ਲ ਮੀਡੀਆ ਰਾਹੀਂ ਸਿੱਧਾ ਪ੍ਰਸਾਰਨ ਕਰਨ ਦੀ ਘਟਨਾ ਦੀ  ਜਾਂਚ ਦੇ ਹੁਕਮ ਦਿੱਤੇ ਹਨ। ਸਪੀਕਰ ਨੇ ਇਹ ਹੁਕਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਵੱਲੋਂ ਇਸ ਸਬੰਧੀ ਉਠਾਏ ਮਸਲੇ ਤੋਂ ਬਾਅਦ ਦਿੱਤੇ ਹਨ। ਸਪੀਕਰ ਨੇ ਸਮੂਹ  ਮੈਂਬਰਾਂ ਨੂੰ ਵਿਧਾਨ ਸਭਾ ਦੇ ਆਚਰਨ ਨਿਯਮਾਂ ਦੀ ਸਖ਼ਤੀ ਨਾਲ ਪਾਲਣ ਦੀ ਹਦਾਇਤ ਕਰਦਿਆਂ  ਨਿਯਮ-90 ਦਾ ਹਵਾਲਾ ਵੀ ਦਿੱਤਾ ਜਿਸ ਮੁਤਾਬਕ ਸਾਰੇ ਮੈਂਬਰਾਂ ਨੂੰ ਸਦਨ ਵਿੱਚ ਦਾਖ਼ਲ ਹੋਣ  ਤੋਂ ਪਹਿਲਾਂ ਨਾਲ ਲਿਆਂਦੇ ਗਏ ਮੋਬਾਈਲਾਂ ਅਤੇ ਹੋਰ ਸੰਚਾਰ ਸਾਧਨਾਂ ਨੂੰ ਬੰਦ ਕਰਨਾ  ਚਾਹੀਦਾ ਹੈ। ‘ਆਪ’ ਦੇ ਵਿਧਾਇਕ  ਅਮਨ ਅਰੋਡ਼ਾ ਨੇ ਕਿਹਾ ਕਿ ਕਾਰਵਾਈ ਉਪਰ ਏਨੇ ਪਰਦੇ ਨਹੀਂ ਪਾਉਣੇ ਚਾਹੀਦੇ।

Facebook Comment
Project by : XtremeStudioz