Close
Menu

ਵਿਸ਼ਵ ਸੰਸਥਾ ਦੇ ਝੰਡੇ ਹੇਠ ਖੇਡਣਾ ਪੈ ਸਕਦਾ ਹੈ ਭਾਰਤੀ ਤੀਰਅੰਦਾਜ਼ਾਂ ਨੂੰ

-- 19 September,2018

ਕੋਲਕਾਤਾ, ਵਿਸ਼ਵ ਤੀਰਅੰਦਾਜ਼ੀ (ਡਬਲਯੂਏ) ਦੇ ਜਨਰਲ ਸਕੱਤਰ ਟਾਮ ਡੀਲੇਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਭਾਰਤੀ ਤੀਰਅੰਦਾਜ਼ੀ ਸੰਘ (ਏਏਆਈ) ਚੀਜ਼ਾਂ ਵਿੱਚ ਛੇਤੀ ਸੁਧਾਰ ਨਹੀਂ ਕਰਦਾ ਤਾਂ ਫਿਰ ਭਾਰਤੀ ਤੀਰਅੰਦਾਜ਼ਾਂ ਨੂੰ ਅਗਲੇ ਟੂਰਨਾਮੈਂਟ ਵਿੱਚ ਇਸ ਖੇਡ ਦੀ ਵਿਸ਼ਵ ਸੰਸਥਾ ਦੇ ਝੰਡੇ ਹੇਠ ਖੇਡਣਾ ਪੈ ਸਕਦਾ ਹੈ। ਡੀਲੇਨ ਨੇ ਕਿਹਾ ਕਿ ਉਹ ਤੀਰਅੰਦਾਜ਼ਾਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ, ਪਰ ਉਨ੍ਹਾਂ ਨੇ ਅਗਲੇ ਓਲੰਪਕਿ ਕੁਆਲੀਫੀਕੇਸ਼ਨ ਟੂਰਨਾਮੈਂਟ ਤੋਂ ਪਹਿਲਾਂ ਏਏਆਈ ਵਿੱਚ ਚੱਲ ਰਹੀ ਖਿੱਚੋਤਾਣ ’ਤੇ ਚਿੰਤਾ ਪ੍ਰਗਟਾਈ।

ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ ਅਗਲੇ ਸਾਲ ਜੂਨ ਵਿੱਚ ਹੋਣੀ ਹੈ ਅਤੇ ਇਸ ਵਿੱਚ ਮਹਿਲਾ ਅਤੇ ਪੁਰਸ਼ ਵਰਗ ਵਿੱਚ ਚੋਟੀ ਦੀਆਂ ਅੱਠ ਟੀਮਾਂ ਲਈ 24 ਸੀਟਾਂ ਦਾਅ ’ਤੇ ਲੱਗੀਆਂ ਹੋਣਗੀਆਂ। ਇਸ ਤੋਂ ਇਲਾਵਾ ਅਗਲੇ ਸਾਲ ਮਹਾਂਦੀਪੀ ਕੁਆਲੀਫੀਕੇਸ਼ਨ ਟੂਰਨਾਮੈਂਟ ਵੀ ਹੋਵੇਗਾ। ਤੀਰਅੰਦਾਜ਼ੀ ਦੇ ਖੇਡ ਪ੍ਰਸ਼ਾਸਕ ਬਣੇ 50 ਸਾਲਾ ਡੀਲੇਨ ਨੇ ਲੁਸਾਨੇ ਵਿੱਚ ਵਿਸ਼ਵ ਤੀਰਅੰਦਾਜ਼ੀ ਦੇ ਮੁੱਖ ਦਫ਼ਤਰ ਤੋਂ ਇਸ ਖ਼ਬਰ ਏਜੰਸੀ ਨੂੰ ਕਿਹਾ, ‘‘ਮੌਜੂਦਾ ਸਥਿਤੀ ਅਣਮਿਥੇ ਸਮੇਂ ਤੱਕ ਜਾਰੀ ਨਹੀਂ ਰਹਿ ਸਕਦੀ। ਕਿਸੇ ਮੋੜ ’ਤੇ ਸਾਨੂੰ ਇਹ ਫ਼ੈਸਲਾ ਕਰਨਾ ਹੋਵੇਗਾ ਕਿ ਖਿਡਾਰੀ ਵਿਸ਼ਵ ਤੀਰਅੰਦਾਜ਼ੀ ਦੇ ਝੰਡੇ ਹੇਠਾਂ ਖੇਡਣਗੇ। ਇਸ ਸਮੇਂ ਸਭ ਤੋਂ ਵੱਡੀ ਚਿੰਤਾ ਅਗਲੇ ਓਲੰਪਿਕ ਕੁਆਲੀਫੀਕੇਸ਼ਨ ਟੂਰਨਾਮੈਂਟ ਨੂੰ ਲੈ ਕੇ ਹੈ।’’ ਭਾਰਤ ਸਰਕਾਰ ਨੇ ਖੇਡ ਜ਼ਾਬਤੇ ਦੀ ਉਲੰਘਣਾ ਕਰਨ ਕਾਰਨ ਦਸੰਬਰ 2012 ਦੌਰਾਨ ਏਏਆਈ ਦੀ ਮਾਨਤਾ ਖ਼ਤਮ ਕਰ ਦਿੱਤੀ ਸੀ।
ਪਿਛਲੇ ਸਾਲ ਦਿੱਲੀ ਹਾਈ ਕੋਰਟ ਨੇ ਸੰਵਿਧਾਨ ਦਾ ਖਰੜਾ ਤਿਆਰ ਕਰਨ ਅਤੇ ਨਵੇਂ ਸਿਰੇ ਤੋਂ ਚੋਣਾਂ ਕਰਵਾਉਣ ਲਈ ਸਾਬਕਾ ਮੁੱਖ ਚੋਣ ਕਮਿਸ਼ਨਰ ਐਸ ਵਾਈ ਕੁਰੈਸ਼ੀ ਨੂੰ ਪ੍ਰਸ਼ਾਸਕ ਨਿਯੁਕਤ ਕੀਤਾ ਸੀ, ਪਰ ਅਜੇ ਤਕ ਇਸ ਦਿਸ਼ਾ ਵਿੱਚ ਕੁੱਝ ਵੀ ਨਹੀਂ ਹੋਇਆ। ਭਾਰਤ ਨੇ ਪਿਛਲੇ ਕੁੱਝ ਸਮੇਂ ਤੋਂ ਕਿਸੇ ਵੱਡੇ ਤੀਰੰਦਆਜ਼ੀ ਟੂਰਨਾਮੈਂਟ ਦੀ ਮੇਜ਼ਬਾਨੀ ਨਹੀਂ ਕੀਤੀ। ਰਿਪੋਰਟਾਂ ਅਨੁਸਾਰ, ਮਹਾਂਦੀਪੀ ਓਲੰਪਿਕ ਕੁਆਲੀਫਾਇਰਜ਼-2019 (ਏਸ਼ਿਆਈ ਤੀਰਅੰਦਾਜ਼ੀ ਚੈਂਪੀਅਨਸ਼ਿਪ) ਜੋ ਪਹਿਲਾਂ ਨਵੀਂ ਦਿੱਲੀ ਵਿੱਚ ਹੋਣੀ ਸੀ, ਹੁਣ ਉਸ ਦੀ ਮੇਜ਼ਬਾਨੀ ਬੈਂਕਾਕ ਨੂੰ ਸੌਂਪ ਦਿੱਤੀ ਗਈ ਹੈ।

Facebook Comment
Project by : XtremeStudioz