Close
Menu

ਵਿਸ਼ਵ ਹਾਕੀ ਕੱਪ: ਫਰਾਂਸ ਨੇ ਟੱਪੀ ਚੀਨ ਦੀ ਦੀਵਾਰ

-- 11 December,2018

ਭੁਬਨੇਸ਼ਵਰ, 11 ਦਸੰਬਰ
ਇੰਗਲੈਂਡ ਅਤੇ ਫਰਾਂਸ ਦੀਆਂ ਟੀਮਾਂ ਨੇ ਇੱਥੇ ਚੱਲ ਰਹੇ ਵਿਸ਼ਵ ਹਾਕੀ ਕੱਪ ਦੇ ਕੁਆਰਟਰ ਫਾਈਨਲ ਵਿੱਚ ਦਾਖਲਾ ਪਾ ਲਿਆ ਹੈ। ਕੌਮਾਂਤਰੀ ਰੈਂਕਿੰਗ ਵਿੱਚ 20ਵੇਂ ਨੰਬਰ ਦੀ ਟੀਮ ਫਰਾਂਸ 28 ਸਾਲਾਂ ਬਾਅਦ ਵਿਸ਼ਵ ਕੱਪ ਖੇਡ ਰਹੀ ਹੈ। ਇਸ ਟੀਮ ਨੇ ਸਾਰੀਆਂ ਕਿਆਸਅਰਾਈਆਂ ਨੂੰ ਗ਼ਲਤ ਸਾਬਿਤ ਕਰਦਿਆਂ ਅੱਜ ਆਖਰੀ ਅੱਠਾਂ ਵਿੱਚ ਦਾਖਲਾ ਪਾ ਲਿਆ ਹੈ। ਇਸ ਟੀਮ ਦੇ ਸੱਤ ਖਿਡਾਰੀ ਵਿਦਿਆਰਥੀ ਹਨ ਅਤੇ ਪੜ੍ਹਾਈ ਕਾਰਨ ਟੀਮ ਦੇ ਖਿਡਾਰੀਆਂ ਨੇ ਹਫਤੇ ਵਿੱਚ ਦੋ-ਤਿੰਨ ਦਿਨ ਹੀ ਅਭਿਆਸ ਕੀਤਾ ਹੈ। ਫਰਾਂਸ ਦਾ ਮੁਕਾਬਲਾ ਹੁਣ 12 ਦਸੰਬਰ ਨੂੰ ਆਸਟਰੇਲੀਆ ਦੀ ਟੀਮ ਨਾਲ ਹੋਵੇਗਾ ਜਦੋਂ ਕਿ ਇੰਗਲੈਂਡ ਦੀ ਟੱਕਰ ਰੀਓ ਓਲੰਪਿਕ ਦੇ ਚੈਂਪੀਅਨ ਅਰਜਨਟੀਨਾ ਨਾਲ ਹੋਵੇਗੀ।
ਅੱਜ ਕਰਾਸਓਵਰ ਗੇੜ ਦੇ ਦੋ ਮੈਚ ਖੇਡੇ ਗਏ। ਇੰਗਲੈਂਡ ਨੇ ਪਹਿਲੇ ਕਰਾਸਓਵਰ ਮੈਚ ਵਿੱਚ ਨਿਊਜ਼ੀਲੈਂਡ ਨੂੰ 2-0 ਦੇ ਫਰਕ ਨਾਲ ਹਰਾ ਦਿੱਤਾ। ਅੱਜ ਦੇ ਮੈਚ ਦੌਰਾਨ ਦੋਵੇਂ ਟੀਮਾਂ ਬਰਾਬਰੀ ਦੀਆਂ ਸਾਬਿਤ ਹੋਈਆਂ ਪਰ ਇੰਗਲੈਂਡ ਦੀ ਟੀਮ ਨੇ ਮਿਲੇ ਮੌਕਿਆਂ ਦਾ ਸਹੀ ਲਾਹਾ ਲੈ ਕੇ ਮੈਚ ਆਪਣੀ ਝੋਲੀ ਪਾ ਲਿਆ। ਇੰਗਲੈਂਡ ਦੀ ਟੀਮ ਨੇ ਜਿੰਨੇ ਵੀ ਹਮਲੇ ਕੀਤੇ ਉਨ੍ਹਾਂ ਦਾ ਮੋੜਵਾਂ ਜਵਾਬ ਦਿੰਦਿਆਂ ਨਿਊਜ਼ੀਲੈਂਡ ਨੇ ਮੈਚ ਨੂੰ ਰੋਚਕ ਬਣਾਈ ਰੱਖਿਆ। ਕੌਮਾਂਤਰੀ ਰੈਂਕਿੰਗ ਵਿੱਚ ਇੰਗਲੈਂਡ ਦਾ ਸੱਤਵਾਂ ਸਥਾਨ ਹੈ ਜਦੋਂ ਕਿ ਨਿਊਜ਼ੀਲੈਂਡ ਦੀ 9ਵੀਂ ਰੈਕਿੰਗ ਹੈ। ਅੱਜ ਦੀ ਹਾਰ ਤੋਂ ਬਾਅਦ ਨਿਊਜ਼ੀਲੈਂਡ ਦੀ ਟੀਮ ਵਿਸ਼ਵ ਕੱਪ ਦੀ ਖਿਤਾਬੀ ਦੌੜ ਵਿੱਚੋਂ ਬਾਹਰ ਹੋ ਗਈ ਹੈ। ਇੰਗਲੈਂਡ ਵੱਲੋਂ ਪਹਿਲਾ ਗੋਲ ਦੂਜੇ ਕਆਰਟਰ ਵਿੱਚ ਕੈਲਨਾਨ ਵਿੱਲ ਨੇ ਕੀਤਾ। ਦੂਜਾ ਗੋਲ ਲਿਊਕ ਟੇਲਰ ਨੇ ਤੀਜੇ ਕੁਆਰਟਰ ਦੇ ਆਖਰੀ ਮਿੰਟਾਂ ਵਿੱਚ ਪੈਨਲਟੀ ਕਾਰਨਰ ਦੌਰਾਨ ਰੀਬਾਊਂਡ ਤੋਂ ਕੀਤਾ। ਇੰਗਲੈਂਡ ਦੇ ਸੈਨਫੋਰਡ ਲਿਆਮ ਨੂੰ ‘ਮੈਨ ਆਫ ਦਿ ਮੈਚ’ ਐਲਾਨਿਆ ਗਿਆ। ਦੂਜੇ ਕਰਾਸਓਵਰ ਮੈਚ ਵਿੱਚ ਫਰਾਂਸ ਅਤੇ ਚੀਨ ਦੀਆਂ ਟੀਮਾਂ ਵਿਸ਼ਵ ਕੱਪ ਦੇ ਪਹਿਲੀ ਵਾਰ ਇੱਕ-ਦੂਜੇ ਦੇ ਵਿਰੁੱਧ ਖੇਡੀਆਂ। ਚੀਨ (17ਵੀਂ ਰੈਕਿੰਗ) ਦੀ ਟੀਮ ਨੇ ਪਹਿਲੀ ਵਾਰ ਵਿਸ਼ਵ ਕੱਪ ਵਿੱਚ ਦਾਖਲਾ ਪਾਇਆ ਹੈ। ਫਰਾਂਸ (20ਵੀਂ ਰੈਕਿੰਗ) ਦੀ ਟੀਮ 28 ਸਾਲਾਂ ਬਾਅਦ ਵਿਸ਼ਵ ਕੱਪ ਖੇਡ ਰਹੀ ਹੈ। ਇਸ ਮੈਚ ਦੇ ਪਹਿਲੇ ਕੁਆਰਟਰ ਵਿੱਚ ਫਰਾਂਸ ਦੀ ਟੀਮ ਭਾਰੂ ਰਹੀ ਪਰ ਗੋਲ ਕਰਨ ਵਿੱਚ ਅਸਫਲ ਰਹੀ। ਫਰਾਂਸ ਨੂੰ ਲਗਾਤਾਰ ਚਾਰ ਪੈਨਲਟੀ ਕਾਰਨਰ ਮਿਲੇ ਪਰ ਚੀਨ ਦੀ ਡਿਫੈਂਸ ਲਾਈਨ ਚੀਨ ਦੀ ਦੀਵਾਰ ਵਾਂਗ ਡਟੀ ਰਹੀ। ਫਰਾਂਸ ਨੂੰ ਸਫਲਤਾ ਮੈਚ ਦੇ ਤੀਜੇ ਕੁਆਰਟਰ ਵਿੱਚ ਮਿਲੀ ਜਦੋਂ ਟਿਮੌਥੀ ਕਲੇਮਿੰਟ ਨੇ ਸ਼ਾਨਦਾਰ ਫੀਲਡ ਗੋਲ ਕਰ ਕੇ ਲੀਡ ਦਿਵਾਈ। ਮੈਚ ਦੇ ਆਖਰੀ ਕੁਆਰਟਰ ਦੌਰਾਨ ਮੁਕਾਬਲਾ ਫਸਵਾਂ ਰਿਹਾ ਪਰ ਚੀਨ ਦੀ ਟੀਨ ਬਰਾਬਰੀ ਕਰਨ ਵਿੱਚ ਅਸਫਲ ਰਹੀ।

Facebook Comment
Project by : XtremeStudioz