Close
Menu

ਵਿੰਬਲਡਨ: ਕਰਬਰ ਤੇ ਸੇਰੇਨਾ ’ਚ ਹੋਵੇਗਾ ਖ਼ਿਤਾਬੀ ਮੁਕਾਬਲਾ

-- 13 July,2018

ਲੰਡਨ, 13 ਜੁਲਾਈ
ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਵਰਗ ਦਾ ਖ਼ਿਤਾਬੀ ਮੁਕਾਬਲਾ ਜਰਮਨੀ ਦੀ ਏਂਜਲਾ ਕਰਬਰ ਤੇ ਅਮਰੀਕਾ ਦੀ ਸੇਰੇਨਾ ਵਿਲੀਅਮਜ਼ ਵਿਚਾਲੇ ਖੇਡਿਆ ਜਾਵੇਗਾ। ਉਧਰ ਪੁਰਸ਼ ਵਰਗ ਦੇ ਸੈਮੀ ਫਾਈਨਲ ਵਿੱਚ ਸਰਬੀਆ ਦਾ ਨੋਵਾਕ ਜੋਕੋਵਿਚ ਤੇ ਸਪੇਨ ਦਾ ਰਫ਼ੇਲ ਨਡਾਲ ਜਦੋਂਕਿ ਦੂਜੇ ਸੈਮੀ ਫਾਈਨਲ ਵਿੱਚ ਦੱਖਣੀ ਅਫਰੀਕਾ ਦਾ ਕੇਵਿਨ ਐਂਡਰਸਨ ਅਮਰੀਕਾ ਦੇ ਜੌਨ ਇਸਨਰ ਨੂੰ ਟੱਕਰ ਦੇਵੇਗਾ।
ਕਰਬਰ ਨੇ ਸਾਬਕਾ ਫਰੈਂਚ ਓਪਨ ਚੈਂਪੀਅਨ ਯੇਲੇਨਾ ਓਸਟਾਪੇਂਕੋ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਅੱਜ ਇਥੇ ਦੂਜੀ ਵਾਰ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਫਾਈਨਲ ’ਚ ਥਾਂ ਪੱਕੀ ਕਰ ਲਈ। 11ਵਾਂ ਦਰਜਾ ਜਰਮਨ ਖਿਡਾਰਨ ਨੇ ਲਾਤਵੀਆ ਦੀ 12ਵਾਂ ਦਰਜਾ ਓਸਟਾਪੇਂਕੋ ਨੂੰ ਮਹਿਜ਼ 67 ਮਿੰਟ ਵਿੱਚ ਸਿੱਧੇ ਸੈੱਟਾਂ ਵਿੱਚ 6-3, 6-3 ਦੀ ਸ਼ਿਕਸਤ ਦਿੱਤੀ। ਕਰਬਰ ਹੁਣ ਸਟੈਫੀ ਗ੍ਰਾਫ਼ ਮਗਰੋਂ ਵਿੰਬਲਡਨ ਜਿੱਤਣ ਵਾਲੀ ਦੂਜੀ ਜਰਮਨ ਮਹਿਲਾ ਖਿਡਾਰਨ ਬਣਨ ਦੇ ਕਰੀਬ ਪੁੱਜ ਗਈ ਹੈ। ਉਧਰ ਸੱਤ ਵਾਰ ਦੀ ਚੈਂਪੀਅਨ ਸੇਰੇਨਾ ਵਿਲੀਅਮਜ਼ ਨੇ ਦੂਜੇ ਸੈਮੀ ਫਾਈਨਲ ਮੁਕਾਬਲੇ ’ਚ ਇਕ ਹੋਰ ਜਰਮਨ ਖਿਡਾਰਨ ਜੂਲੀਆ ਗੋਰਜੇਸ ਖ਼ਿਲਾਫ਼ 6-2, 6-4 ਦੀ ਆਸਾਨ ਜਿੱਤ ਦਰਜ ਕੀਤੀ। ਜੇਕਰ ਸੇਰੇਨਾ 2016 ਦੀ ਤਰ੍ਹਾਂ ਕਰਬਰ ਨੂੰ ਫਾਈਨਲ ਵਿੱਚ ਸ਼ਿਕਸਤ ਦੇਣ ’ਚ ਸਫ਼ਲ ਰਹਿੰਦੀ ਹੈ ਤਾਂ ਇਹ ਮਾਰਗਰੇਟ ਕੋਰਟ ਦੇ 24 ਗਰੈਂਡ ਸਲੈਮ ਖ਼ਿਤਾਬ ਦੇ ਰਿਕਾਰਡ ਦੀ ਬਰਾਬਰੀ ਹੋਵੇਗੀ। ਸੇਰੇਨਾ ਓਪਨ ਵਰਗ ਵਿੱਚ ਕਿਸੇ ਗਰੈਂਡ ਸਲੈਮ ਦੇ ਫਾਈਨਲ ਵਿੱਚ ਪੁੱਜਣ ਵਾਲੀ ਤੀਜੀ ਉਮਰਦਰਾਜ਼ ਖਿਡਾਰਨ ਹੈ।

Facebook Comment
Project by : XtremeStudioz