Close
Menu

ਵੋਟਾਂ ਮੰਗਣ ਆਏ ਕਾਂਗਰਸੀਆਂ ਤੋਂ ਨਸ਼ੇ ਦੀ ਹੋਮ ਡਿਲਿਵਰੀ ਦਾ ਜਵਾਬ ਮੰਗੇ ਜਨਤਾ- ਮੀਤ ਹੇਅਰ

-- 23 March,2019

ਮਾਮਲਾ ਰਾਮਾ ਮੰਡੀ ਦੀ 13 ਸਾਲਾ ਨਸ਼ੇ ਦੀ ਆਦੀ ਬੱਚੀ ਵੱਲੋਂ ਕੀਤੇ ਖ਼ੁਲਾਸਿਆਂ ਦਾ
ਕਿਹਾ, ਅਜਿਹਾ ਨਹੀਂ ਸੀ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ

ਚੰਡੀਗੜ੍ਹ, 23 ਮਾਰਚ 2019
ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਇੰਚਾਰਜ ਅਤੇ ਵਿਧਾਇਕ ਮੀਤ ਹੇਅਰ ਨੇ ਰਾਮਾ ਮੰਡੀ ਦੀ ਇੱਕ 13 ਸਾਲਾਂ ‘ਚਿੱਟੇ’ ਦੀ ਲਤ ਦਾ ਸ਼ਿਕਾਰ ਹੋਈ ਸਕੂਲੀ ਵਿਦਿਆਰਥਣ ਵੱਲੋਂ ਕੀਤੇ ਗਏ ਖ਼ੁਲਾਸਿਆਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਘੇਰਿਆ ਹੈ।
‘ਆਪ’ ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਮੀਤ ਹੇਅਰ ਨੇ ਕਿਹਾ ਕਿ ਰਾਮਾ ਮੰਡੀ ਦੀ ਇਸ ਘਟਨਾ ਨੇ ਹਰੇਕ ਸੰਵੇਦਨਸ਼ੀਲ ਅਤੇ ਸਮਾਜ ਪ੍ਰਤੀ ਫ਼ਿਕਰਮੰਦ ਇਨਸਾਨ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮੀਤ ਹੇਅਰ ਨੇ ਕਾਂਗਰਸ ਅਤੇ ਅਕਾਲੀ-ਭਾਜਪਾ ਨੂੰ ਪੁੱਛਿਆ ਕਿ ਕੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਇਹੋ ਜਿਹਾ ਸੀ, ਜੋ ਰਿਵਾਇਤੀ ਪਾਰਟੀਆਂ ਨੇ ਪਿਛਲੇ 70 ਸਾਲਾਂ ‘ਚ ਬਣਾ ਦਿੱਤਾ।
ਮੀਤ ਹੇਅਰ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ‘ਚ ਨਸ਼ੇ ਦਾ ਦਰਿਆ ਸ਼ਰੇਆਮ ਵਹਾਇਆ ਸੀ, ਜਿਸ ਦੀ ਸਜਾ ਲੋਕਾਂ ਨੇ ਦਿੱਤੀ ਅਤੇ ਆਪਣੇ ਕਰੀਬ 100 ਸਾਲਾ ਇਤਿਹਾਸ ‘ਚ ਅਕਾਲੀ ਦਲ ਮਹਿਜ਼ 15 ਸੀਟਾਂ ਤੱਕ ਸਿਮਟ ਗਿਆ। ਪਰ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ 4 ਹਫ਼ਤਿਆਂ ‘ਚ ਨਸ਼ਾ ਖ਼ਤਮ ਕਰਨ ਦੇ ਗੁਮਰਾਹਕੁਨ ਵਾਅਦੇ ਕਰ ਕੇ ਸੱਤਾ ‘ਚ ਆਏ ਕੈਪਟਨ ਅਮਰਿੰਦਰ ਸਿੰਘ ਸਰਕਾਰ ਨਸ਼ਾ ਮਾਫ਼ੀਆ ਦਾ ਕੁੱਝ ਨਹੀਂ ਵਿਗਾੜ ਸਕੀ, ਸਗੋਂ ਜੋ ਨਸ਼ਾ ਤਸਕਰ ਪਹਿਲਾਂ ਅਕਾਲੀਆਂ ਦੀ ਸ਼ਹਿ ‘ਤੇ ਰਹਿੰਦੇ ਹਨ ਹੁਣ ਉਹ ਕਾਂਗਰਸੀਆਂ ਦੀ ਸਰਪ੍ਰਸਤੀ ਥੱਲੇ ਸਰਗਰਮ ਹਨ।
ਮੀਤ ਹੇਅਰ ਨੇ ਕਿਹਾ ਕਿ ਬਠਿੰਡਾ ਦੇ ਹਸਪਤਾਲ ‘ਚ ਜੇਰੇ ਇਲਾਜ ਉਸ ਬੱਚੀ ਨੇ ਸਾਫ਼ ਸਾਫ਼ ਦੱਸ ਦਿੱਤਾ ਹੈ ਕਿ ਕਿੰਨੀਆਂ ਹੋਰ ਕੁੜੀਆਂ ਨਸ਼ੇ ਦੀ ਲਤ ਦਾ ਸ਼ਿਕਾਰ ਹਨ ਅਤੇ ਮੋਬਾਈਲ ਫ਼ੋਨ ‘ਤੇ ਆਰਡਰ ਰਾਹੀਂ ‘ਚਿੱਟੇ’ ਦੀ ਤੁਰੰਤ ਹੋਮ ਡਿਲਿਵਰੀ ਮਿਲਦੀ ਹੈ।
ਮੀਤ ਹੇਅਰ ਨੇ ਕਿਹਾ ਕਿ ਕੈਪਟਨ ਸਰਕਾਰ ਦਾ ਨਸ਼ਿਆਂ ਨਾਲ ਬਰਬਾਦ ਹੋ ਰਹੀ ਨੌਜਵਾਨੀ ਨਾਲ ਕੋਈ ਸਰੋਕਾਰ ਨਹੀਂ। ਮੀਤ ਹੇਅਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੋਟਾਂ ਮੰਗਣ ਆਏ ਕਾਂਗਰਸੀ ਉਮੀਦਵਾਰਾਂ, ਵਿਧਾਇਕਾਂ, ਮੰਤਰੀਆਂ ਅਤੇ ਹੋਰ ਲੀਡਰਾਂ ਤੋਂ ਇਹ ਜਵਾਬ ਜ਼ਰੂਰ ਮੰਗਣ ਕਿ ਕੀ 24 ਮਹੀਨਿਆਂ ‘ਚ ਨਸ਼ੇ ਖ਼ਤਮ ਹੋ ਗਏ ਹਨ ਜੋ 4 ਹਫ਼ਤਿਆਂ ‘ਚ ਕਰਨ ਦਾ ਵਾਅਦਾ ਕਰ ਕੇ ਵੋਟਾਂ ਲਈਆਂ ਹਨ।

Facebook Comment
Project by : XtremeStudioz