Close
Menu

ਵਫ਼ਾਦਾਰੀ

-- 21 August,2015

ਇੱਕ ਸੀ ਰਾਜਾ ਤੇ ਇੱਕ ਸੀ ੳੁਸ ਦਾ ਵਜ਼ੀਰ। ਵਜ਼ੀਰ, ਰਾਜੇ ਦਾ ਸਭ ਤੋਂ ਵੱਧ ਵਫ਼ਾਦਾਰ ਅਹਿਲਕਾਰ ਸੀ। ਬੜਾ ਮਿੱਠ ਬੋਲੜਾ ਇਨਸਾਨ ਸੀ ਵਜ਼ੀਰ। ਪਿੱਠ ਪਿੱਛੇ ਵੀ ਕਦੀ ਕਿਸੇ ਨੂੰ ਮਾੜਾ-ਚੰਗਾ ਨਹੀਂ ਸੀ ਬੋਲਦਾ। ਸਾਰੀ ਪਰਜਾ ਉਸ ਦਾ ਬੜਾ ਮਾਣ-ਸਤਿਕਾਰ ਕਰਦੀ ਸੀ।
ਕਰਨੀ ਰੱਬ ਦੀ, ਰਾਜਾ ਆਪਣੇ ਖ਼ਾਸ ਵਜ਼ੀਰ ਨਾਲ ਖ਼ਫ਼ਾ ਹੋ ਗਿਆ। ਛੋਟੀ ਜਿਹੀ ਗੱਲ ’ਤੇ ਰਾਜੇ ਨੇ ਉਸ ’ਤੇ ਵੱਡਾ ਜੁਰਮਾਨਾ ਠੋਕ ਦਿੱਤਾ ਅਤੇ ਕਾਲ ਕੋਠੜੀ ’ਚ ਸੁਟਵਾ ਦਿੱਤਾ। ਰਾਜੇ ਦੇ ਸੰਤਰੀ-ਮੰਤਰੀ ਸਾਰਾ ਕੁਝ ਦੇਖ ਸੁਣ ਕੇ ਬੜੇ ਹੈਰਾਨ ਪ੍ਰੇਸ਼ਾਨ ਹੋਏ। ਉਹ ਰਾਜੇ ਦੇ ਖ਼ਿਲਾਫ਼ ਨਹੀਂ ਸਨ ਬੋਲ ਸਕਦੇ। ਉਨ੍ਹਾਂ ਕੀ ਕੀਤਾ ਕਿ ਨੇਕ ਵਜ਼ੀਰ ਨੂੰ ਸੀਖਾਂ ਪਿੱਛੇ ਬਣਦੀਆਂ-ਸਰਦੀਆਂ ਸੁੱਖ ਸਹੂਲਤਾਂ ਦੇਣ ਲੱਗ ਪਏ।
ਸਿਆਣੇ ਆਖਦੇ ਨੇ, ‘‘ਭਾਈ! ਜੇ ਤੁਸੀਂ ਆਪਣੇ ਦੁਸ਼ਮਣ ਨਾਲ ਸੁਖਮਈ ਸਮਾਂ ਬਿਤਾਉਣਾ ਚਾਹੁੰਦੇ ਹੋ ਤਾਂ ਲੱਗਦੀ ਵਾਹੇ ਉਸ ਦੀ ਵਡਿਆਈ ਕਰੋ। ਫਿਰ ਚਾਹੇ ਉਹ ਭਾਵੇਂ ਤੁਹਾਡੀ ਲੱਖ ਬੁਰਾਈ ਕਰਦਾ ਰਹੇ…।’’
ਗੱਲ ਬੇਕਸੂਰ ਵਜ਼ੀਰ ਦੀ ਸੀ। ਗੁਆਂਢੀ ਰਾਜੇ ਨੂੰ ਵੀ ਨਿਆਂ-ਪਸੰਦ ਵਜ਼ੀਰ ਨਾਲ ਹੋਈ ਜ਼ਿਆਦਤੀ ਦਾ ਪਤਾ ਲੱਗ ਗਿਆ। ਉਸ ਨੇ ਵਜ਼ੀਰ ਨੂੰ ਆਪਣੇ ਨਾਲ ਜੋੜਨ ਲਈ ਖ਼ੁਫ਼ੀਆ ਸੰਦੇਸ਼ ਭਿਜਵਾ ਦਿੱਤਾ ਜਿਸ ਰਾਹੀਂ ਵਜ਼ੀਰ ਨੂੰ ਆਪਣੇ ਰਾਜੇ ਤੋਂ ਬਾਗ਼ੀ ਹੋ ਜਾਣ ਦੀ ਗੱਲ ਕਹੀ ਗਈ। ਉਸ ਨੂੰ ਕਾਲ ਕੋਠੜੀ ’ਚੋਂ ਆਜ਼ਾਦ ਕਰਵਾਉਣ ਅਤੇ ਵੱਡੇ ਰੁਤਬੇ ਬਖ਼ਸ਼ਣ ਦਾ ਲਾਲਚ ਵੀ ਦਿੱਤਾ ਗਿਆ।
ਵਜ਼ੀਰ ਨੇ ਅੱਖਰ-ਅੱਖਰ ਸੰਦੇਸ਼ ਪੜ੍ਹਿਆ ਅਤੇ ਨਵੀਂ ਮੁਸੀਬਤ ਤੋਂ ਬਚਣ ਲਈ ਛੋਟਾ ਜਿਹਾ ਆਪਣਾ ਉੱਤਰ ਸੰਦੇਸ਼ ਦੇ ਪਿੱਛੇ ਲਿਖ ਗੁਪਤਚਰ ਨੂੰ ਵਾਪਸ ਭੇਜ ਦਿੱਤਾ।
ਗੁਆਂਢੀ ਰਾਜੇ ਦੇ ਗੁਪਤਚਰ ਅਤੇ ਸੰਦੇਸ਼ ਦੀ ਖ਼ਬਰ ਰਾਜੇ ਨੂੰ ਵੀ ਮਿਲ ਗਈ। ਉਸ ਨੇ ਕੀ ਕੀਤਾ ਕਿ ਜਾਸੂਸੀ ਦਾ ਭਾਂਡਾ ਭੰਨਣ ਲਈ ਆਪਣੇ ਸਿਪਾਹੀਆਂ ਨੂੰ ਚਾਰੇ ਦਿਸ਼ਾਵਾਂ ਵੱਲ ਤੋਰ ਦਿੱਤਾ। ਫਿਰ ਕੀ ਹੋਇਆ, ਗੁਪਤਚਰ ਫੜਿਆ ਗਿਆ।
ਭਰੇ ਦਰਬਾਰ ’ਚ ਸੰਦੇਸ਼ ਵਾਲਾ ਪੱਤਰ ਪੜ੍ਹਿਆ ਗਿਆ। ਵਜ਼ੀਰ ਨੇ ਲਿਖਿਆ ਸੀ, ‘‘ਹੇ ਰਾਜਨ! ਮੈਂ ਤੁਹਾਡੀ ਸਿਫ਼ਤ ਦੇ ਕਾਬਲ ਨਹੀਂ… ਮੈਂ ਤੁਹਾਡੀ ਮਿਹਰਬਾਨੀ ਵੀ ਨਹੀਂ ਕਬੂਲ ਸਕਦਾ…ਮੇਰੇ ਰਾਜੇ ਨੇ ਥੋੜ੍ਹੀ ਜਿਹੀ ਤਕਲੀਫ਼ ਦਿੱਤੀ ਏ ਜਿਸ ਦੇ ਬਦਲੇ ਮੈਂ ਉਸ ਨਾਲ ਬੇਵਫ਼ਾਈ ਨਹੀਂ ਕਰ ਸਕਦਾ…ਮੇਰੇ ’ਤੇ ਉਸ ਦੇ ਬੜੇ ਅਹਿਸਾਨ ਹਨ। ਇਸ ਲੲੀ ਮੈਂ ਆਪਣੇ ਰਾਜੇ ਦੇ ਹੁਕਮਾਂ ’ਤੇ ਏਥੇ ਕਾਲ ਕੋਠੜੀ ’ਚ ਹੀ ਖ਼ੁਸ਼ ਹਾਂ…।’’
ਰਾਜੇ ਨੇ ਆਪਣੇ ਵਜ਼ੀਰ ਦੀ ਖ਼ਤੋ-ਕਿਤਾਬਤ ਵਾਲਾ ਸੰਦੇਸ਼ ਅੱਖਰ-ਅੱਖਰ ਸੁਣਿਆ। ਵਜ਼ੀਰ ਦੀ ਸੱਚੀ-ਸੁੱਚੀ ਤੇ ਮੋਹ ਭਰੀ ਲਿਖਤ ਉਸ ਦੇ ਦਿਲ ਨੂੰ ਟੁੰਬ ਗਈ। ਉਹ ਆਪਣੇ ਵਜ਼ੀਰ ਦੀ ਵਫ਼ਾਦਾਰੀ ’ਤੇ ਬੜਾ ਖ਼ੁਸ਼ ਹੋਇਆ ਅਤੇ ਉਸ ਨੂੰ ਤੁਰੰਤ ਕਾਲ ਕੋਠੜੀ ’ਚੋਂ ਰਿਹਾਅ ਕਰ ਦਿੱਤਾ। ਆਪਣੀ ਗ਼ਲਤੀ ਸੁਧਾਰਦਿਆਂ ਰਾਜੇ ਨੇ ਵਜ਼ੀਰ ਨੂੰ ਢੇਰ ਅਸ਼ਰਫੀਆਂ ਦਿੱਤੀਆਂ ਅਤੇ ਵਜ਼ੀਰੀ ਵਾਲੀ ਕੁਰਸੀ ’ਤੇ ਵੀ ਮੁਡ਼ ਬੜੇ ਆਦਰ-ਮਾਣ ਨਾਲ ਬਿਠਾ ਦਿੱਤਾ। ਸਿਆਣੇ ਇਹ ਵੀ ਆਖਦੇ ਨੇ, ‘‘ਭਾਈ! ਜਿਸ ਮਿਹਰਬਾਨ ਨੇ ਪੈਰ-ਪੈਰ ’ਤੇ ਮਿਹਰਬਾਨੀਆਂ ਕੀਤੀਆਂ ਹੋਣ, ਉਸ ਦੀ ਇੱਕ ਜ਼ਿਆਦਤੀ ਦਾ ਬੁਰਾ ਨਹੀਂ ਮਨਾਉਣਾ ਚਾਹੀਦਾ…।’’

Facebook Comment
Project by : XtremeStudioz