Close
Menu

ਵੱਡੀ ਸਾਜ਼ਿਸ਼ ਤਹਿਤ ਹੋ ਰਹੇ ਨੇ ਧਰਮ ਪ੍ਰਚਾਰਕਾਂ ’ਤੇ ਹਮਲੇ: ਜਾਖੜ

-- 21 July,2017

ਲੁਧਿਆਣਾ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਅੱਜ ਮ੍ਰਿਤਕ ਪਾਦਰੀ ਸੁਲਤਾਨ ਮਸੀਹ ਦੇ ਪਰਿਵਾਰ ਨੂੰ ਮਿਲਣ ਲਈ ਪਹੁੰਚੇ। ਉਨ੍ਹਾਂ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਸੂਬਾ ਸਰਕਾਰ ਮਸੀਹੀ ਭਾਈਚਾਰੇ ਦੇ ਨਾਲ ਖੜ੍ਹੀ ਹੈ। ਉਨ੍ਹਾਂ ਮਸੀਹੀ ਭਾਈਚਾਰੇ ਨੂੰ ਵੀ ਇਸ ਮਾਮਲੇ ਵਿੱਚ ਸ਼ਾਂਤੀ ਬਣਾ ਕੇ ਰੱਖਣ ਲਈ ਥਾਪੜਾ ਦਿੱਤਾ। ਪਰਿਵਾਰ ਵਾਲਿਆਂ ਨੂੰ ਮਿਲਣ ਤੋਂ ਬਾਅਦ ਪੀਪੀਸੀਸੀ ਪ੍ਰਧਾਨ ਸੁਨੀਲ ਜਾਖੜ ਨੇ ਸਰਕਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ।
ਇਸ ਮੌਕੇ ਉਨ੍ਹਾਂ ਦਾਅਵਾ ਕੀਤਾ ਕਿ ਧਰਮ ਗੁਰੂਆਂ ਅਤੇ ਧਾਰਮਿਕ ਆਗੂਆਂ ’ਤੇ ਹੋ ਰਹੇ ਹਮਲਿਆਂ ਪਿੱਛੇ ਵੱਡੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਲਗਾਤਾਰ ਏਕਤਾ ਦਾ ਸਬੂਤ ਦਿੱਤਾ ਹੈ, ਪਰ ਸਰਕਾਰ ਅਜਿਹੀਆਂ ਤਾਕਤਾਂ ਦਾ ਸਿਰ ਕੁਚਲ ਕੇ ਹੀ ਸਾਹ ਲਵੇਗੀ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਰਾਜ ਵਿੱਚ ਪੰਜਾਬ ਪੁਲੀਸ ਪੂਰੀ ਤਰ੍ਹਾਂ ਰਾਜਸੀ ਦਬਾਅ ਤੋਂ ਮੁਕਤ ਹੈ। ਜਾਂਚ ਵਿੱਚ ਸੀਬੀਆਈ ਦਾ ਸਹਿਯੋਗ ਲਿਆ ਜਾ ਰਿਹਾ ਹੈ ਤੇ ਜੇਕਰ ਲੋੜ ਪਈ ਤਾਂ ਐਨਆਈਏ ਤੋਂ ਵੀ ਸਹਿਯੋਗ ਲਿਆ ਜਾ ਸਕਦਾ ਹੈ। ਸ੍ਰੀ ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਪਹਿਲਾ ਕੰਮ ਸੂਬੇ ਵਿੱਚ ਅਮਨ ਤੇ ਕਾਨੂੰਨ ਵਿਵਸਥਾ ਨੂੰ ਹਰ ਹਾਲ ’ਚ ਕਾਇਮ ਰੱਖਣਾ ਹੈ। ਇਸ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੀ ਸਰਕਾਰ ਦੇ ਕਾਰਜਕਾਲ ਵਿੱਚ ਪੁਲੀਸ ਤੇ ਹੋਰ ਕਈ ਵਿਭਾਗਾਂ ਦਾ ਰਾਜਸੀਕਰਨ ਕੀਤਾ ਗਿਆ ਸੀ, ਪਰ ਹੁਣ ਅਜਿਹਾ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਮੇਂ ਦੌਰਾਨ ਧਰਮ ਪ੍ਰਚਾਰਕਾਂ ’ਤੇ ਹੋਏ ਹਮਲਿਆਂ ਵਿੱਚ ਲਗਭਗ ਇੱਕੋ ਜਿਹੇ ਹਥਿਆਰ ਵਰਤੇ ਗਏ ਹਨ। ਵਾਰਦਾਤ ਦਾ ਅੰਦਾਜ਼ਾ ਵੀ ਮਿਲਦਾ-ਜੁਲਦਾ ਹੈ।
ਅਜਿਹੀ ਸਥਿਤੀ ’ਚ ਲੱਗਦਾ ਹੈ ਕਿ ਇਨ੍ਹਾਂ ਦੀਆਂ ਤਾਰਾਂ ਕਿਤੇ ਨਾ ਕਿਤੇ ਆਪਸ ’ਚ ਜੁੜਦੀਆਂ ਹਨ। ਇਨ੍ਹਾਂ ਸਾਰੇ ਪਹਿਲੂਆਂ ’ਤੇ ਪੰਜਾਬ ਪੁਲੀਸ ਸਮੇਤ ਸਾਰੀਆਂ ਖੁਫ਼ੀਆਂ ਏਜੰਸੀਆਂ ਮਿਲ ਕੇ ਕੰਮ ਕਰ ਰਹੀਆਂ ਹਨ। ਇਸ ਮੌਕੇ ਵਿਧਾਇਕ ਸੁਰਿੰਦਰ ਡਾਬਰ, ਵਿਧਾਇਕ ਸੰਜੈ ਤਲਵਾੜ ਤੇ ਯੂਥ ਪ੍ਰਧਾਨ ਰਾਜੀਵ ਰਾਜਾ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਮੌਜੂਦ ਸਨ।

Facebook Comment
Project by : XtremeStudioz