Close
Menu

ਸ਼ਾਟਗੰਨ ਨੇ ਮੋਦੀ ਤੇ ਸਮ੍ਰਿਤੀ ਉਤੇ ਦਾਗਿਆ ‘ਪਦਮਾਵਤੀ ਕਾਰਤੂਸ’

-- 23 November,2017

ਨਵੀਂ ਦਿੱਲੀ, ਅਦਾਕਾਰ ਤੇ ਭਾਜਪਾ ਦੇ ਸੰਸਦ ਮੈਂਬਰ ਸ਼ਤਰੂਘਨ ਸਿਨਹਾ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੂਚਨਾ ਤੇ ਪ੍ਰਸਾਰਨ ਮੰਤਰੀ ਸਮ੍ਰਿਤੀ ਇਰਾਨੀ ਦੇ ਨਾਲ ਨਾਲ ਹਿੰਦੀ ਫਿਲਮਾਂ ਦੇ ਮਸ਼ਹੂਰ ਸਿਤਾਰਿਆਂ ਨੂੰ ਸਵਾਲ ਕੀਤਾ ਕਿ ਉਹ ‘ਪਦਮਾਵਤੀ’ ਵਿਵਾਦ ਬਾਰੇ ਚੁੱਪ ਕਿਉਂ ਹਨ। ਉਹ ਨੋਟਬੰਦੀ ਤੇ ਹੋਰ ਕਈ ਮਸਲਿਆਂ ਉਤੇ ਪਾਰਟੀ ਦੇ ਅਧਿਕਾਰਕ ਸਟੈਂਡ ਤੋਂ ਉਲਟ ਰੁਖ਼ ਅਖ਼ਤਿਆਰ ਕਰਨ ਲਈ ਜਾਣੇ ਜਾਂਦੇ ਹਨ।
ਅਮਰੀਕੀ ਵਿਚਾਰਸ਼ੀਲ ਸੰਸਥਾ ‘ਪੀਓ ਰਿਸਰਚ ਸੈਂਟਰ’ ਦੇ ਹਾਲੀਆ ਸਰਵੇਖਣ ਦਾ ਹਵਾਲਾ ਦਿੰਦਿਆਂ ਸ਼ਤਰੂਘਨ ਸਿਨਹਾ ਨੇ ਟਵਿੱਟਰ ਉਤੇ ਕਿਹਾ ਕਿ ‘‘ਸਾਡੀ ਸੂਚਨਾ ਤੇ ਪ੍ਰਸਾਰਨ ਮੰਤਰੀ ਜਾਂ ਸਾਡੇ ਸਭ ਤੋਂ ਮਕਬੂਲ ਮਾਣਯੋਗ ਪ੍ਰਧਾਨ ਮੰਤਰੀ (ਪੀਓ ਅਨੁਸਾਰ) ਨੇ ਕਿਵੇਂ ਗੁੱਝੀ ਚੁੱਪ ਧਾਰੀ ਹੋਈ ਹੈ। ਇਹ ਬੋਲਣ ਦਾ ਸਹੀ ਸਮਾਂ ਹੈ।’’ ਪਟਨਾ ਸਾਹਿਬ ਤੋਂ ਸੰਸਦ ਮੈਂਬਰ ਇਸ ਬਜ਼ੁਰਗ ਅਦਾਕਾਰ ਨੇ ਇਹ ਵੀ ਕਿਹਾ ਕਿ ਸੰਜੇ ਲੀਲਾ ਭੰਸਾਲੀ ਦੀ ਇਸ ਫਿਲਮ ਬਾਰੇ ਵਿਵਾਦ ਸਬੰਧੀ ਅਮਿਤਾਭ ਬੱਚਨ, ਸ਼ਾਹਰੁਖ ਖ਼ਾਨ ਅਤੇ ਆਮਿਰ ਖ਼ਾਨ ਵੀ ਕਿਉਂ ਖ਼ਾਮੋਸ਼ ਹਨ।
ਉਨ੍ਹਾਂ ਟਵੀਟ ਕੀਤਾ ਕਿ ‘‘ਪਦਮਾਵਤੀ ਦੇ ਭਖਦਾ ਮਸਲਾ ਬਣਨ ਮਗਰੋਂ ਲੋਕ ਇਹ ਕਹਿ ਰਹੇ ਹਨ ਕਿ ਮਹਾਂਨਾਇਕ ਅਮਿਤਾਭ ਬੱਚਨ, ਬਹੁਪੱਖੀ ਆਮਿਰ ਖ਼ਾਨ ਅਤੇ ਸਭ ਤੋਂ ਮਕਬੂਲ ਸ਼ਾਹਰੁਖ਼ ਖ਼ਾਨ ਕੋਲ ਕੋਈ ਸ਼ਬਦ ਕਿਉਂ ਨਹੀਂ।’’ ਇਸ ਫਿਲਮ ਬਾਰੇ ਆਪਣੇ ਵਿਚਾਰਾਂ ਦੀ ਚਰਚਾ ਕਰਦਿਆਂ ਸ਼ਤਰੂਘਨ ਸਿਨਹਾ ਨੇ ਕਿਹਾ ਕਿ ਉਹ ਫਿਲਮਸਾਜ਼ ਸੰਜੇ ਲੀਲਾ ਭੰਸਾਲੀ ਤੋਂ ਬਾਅਦ ਹੀ ਇਸ ਮੁੱਦੇ ਉਤੇ ਬੋਲਣਗੇ। ਉਨ੍ਹਾਂ ਕਿਹਾ ਕਿ ‘‘ਮੈਂ ਉਦੋਂ ਹੀ ਬੋਲਾਂਗਾ, ਜਦੋਂ ਮੈਨੂੰ ਬੋਲਣਾ ਚਾਹੀਦਾ ਹੈ ਅਤੇ ਫਿਲਮਸਾਜ਼ ਦੇ ਹਿੱਤਾਂ ਦੇ ਨਾਲ ਨਾਲ ਮਹਾਨ ਰਾਜਪੂਤਾਂ ਦੀ ਬਹਾਦਰੀ, ਵਫ਼ਾਦਰੀ ਤੇ ਸੰਵੇਦਨਸ਼ੀਲਤਾ ਨੂੰ ਧਿਆਨ ਵਿੱਚ ਰੱਖ ਕੇ ਕੁੱਝ ਕਹਾਂਗਾ।’’
ਇਸ ਦੌਰਾਨ ਨਿਰਦੇਸ਼ਕ ਵਿਨੋਦ ਕਾਪੜੀ ਨੇ ਅੱਜ ਸੰਜੇ ਲੀਲਾ ਭੰਸਾਲੀ ਦੀ ਹਮਾਇਤ ਵਿੱਚ ਆਉਂਦਿਆਂ ਕਿਹਾ ਕਿ ਗੌਣ ਵਰਗਾਂ ਦਾ ਹੁਣ ਮੁੱਖ ਧਾਰਾ ਬਣਨਾ ਸਭ ਤੋਂ ਵੱਡੀ ਚਿੰਤਾ ਦੀ ਗੱਲ ਹੈ। ਕਾਪੜੀ ਦੀ ਫਿਲਮ ‘ਪਿਹੂ’ ਨਾਲ ਵਿਵਾਦਾਂ ਵਿੱਚ ਘਿਰੇ ਇਫ਼ੀ ਦੇ ਭਾਰਤੀ ਪੈਨੋਰਮਾ ਵਰਗ ਦੀ ਸ਼ੁਰੂਆਤ ਹੋਈ।  ਦੂਜੇ ਪਾਸੇ ਅਦਾਕਾਰਾ ਅਦਿਤੀ ਰਾਓ ਹੈਦਰੀ ਨੇ ਕਿਹਾ ਕਿ ਇਸ ਸਮੇਂ ਇਹ  ਗੱਲ ਸਮਝਣੀ ਸਭ ਤੋਂ ਮੁਸ਼ਕਲ ਹੈ ਕਿ ਭਾਰਤ ਇਕ ਮੁਲਕ ਵਜੋਂ ਕਿੱਧਰ ਨੂੰ ਜਾ ਰਿਹਾ ਹੈ।  

Facebook Comment
Project by : XtremeStudioz