Close
Menu

ਸ਼ਾਹਕੋਟ ਨੂੰ ਦੋਹਰੇ ਕਤਲ ਦੇ ਦੁਖਾਂਤ ਤੋਂ ਬਚਾਉਣ ਲਈ ਤੁਰੰਤ ਨੀਮ ਫੌਜੀ ਦਸਤੇ ਤਾਇਨਾਤ ਕਰੇ ਚੋਣ ਕਮਿਸ਼ਨ: ਅਕਾਲੀ ਦਲ

-- 25 May,2018

ਚੰਡੀਗੜ•/25 ਮਈ:ਸੱਤਾਧਾਰੀ ਕਾਂਗਰਸ ਪਾਰਟੀ ਉੱਤੇ ਸ਼ਾਹਕੋਟ ਜ਼ਿਮਨੀ ਚੋਣ ਦੌਰਾਨ ਗੈਰਕਾਨੂੰਨੀ ਸ਼ਰਾਬ ਵੰਡ ਕੇ ਸੂਬੇ ਅੰਦਰ ਲੋਕਤੰਤਰ ਅਤੇ ਲੋਕਾਂ ਦੀਆਂ ਜ਼ਿੰਦਗੀਆਂ ਦੇ ਦੋਹਰੇ ਕਤਲ ਦਾ ਇਲਜ਼ਾਮ ਲਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਭਾਰਤੀ ਚੋਣ ਕਮਿਸ਼ਨ ਨੂੰ ਕਿਹਾ ਕਿ ਉਹ ਇਸ ਮਾਮਲੇ ਵਿਚ ਸਿੱਧੀ ਦਖ਼ਲਅੰਦਾਜ਼ੀ ਕਰਕੇ ਭਾਰਤ ਦੇ ‘ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਕਹਿਲਾਉਣ’ ਦੇ ਦਾਅਵੇ ਨੂੰ ਝੂਠਾ ਪੈਣ ਅਤੇ ਦੇਸ਼ ਨੂੰ ਕੌਮਾਂਤਰੀ ਭਾਈਚਾਰੇ ਅੱਗੇ ਮਜ਼ਾਕ ਦਾ ਪਾਤਰ ਬਣਨ ਤੋਂ ਬਚਾਉਣ।
ਪਾਰਟੀ ਨੇ ਇਹ ਵੀ ਮੰਗ ਕੀਤੀ ਹੈ ਕਿ ਚੋਣ ਕਮਿਸ਼ਨ ਨਾ ਸਿਰਫ ਗੈਰ ਮਾਅਰਕਾ ਸ਼ਰਾਬ ਵੰਡੇ ਜਾਣ ਨੂੰ ਰੋਕਣ ਲਈ ਕਦਮ ਚੁੱਕਣ, ਜਿਸ ਨਾਲ ਕੋਈ ਵੱਡਾ ਦੁਖਾਂਤ ਵਾਪਰ ਸਕਦਾ ਹੈ, ਸਗੋਂ ਇਸ ਗੱਲ ਦੀ ਸਮਾਂ-ਬੱਧ ਜਾਂਚ ਕਰਵਾਉਣ ਕਿ ਕੀ ਇਸ ਸ਼ਰਾਬ ਅਤੇ ਹਾਲ ਹੀ ਵਿਚ ਖਤਰਨਾਕ ਰਸਾਇਣਾਂ ਨੂੰ ਦਰਿਆ ਵਿਚ ਛੱਡ ਕੇ ਭਾਰੀ ਤਬਾਹੀ ਮਚਾਉਣ ਵਾਲੀ ਸੱਤਾਧਾਰੀ ਪਾਰਟੀ ਦੇ ਰਸੂਖਵਾਨਾਂ ਇੱਕ ਸ਼ੂਗਰ ਮਿਲ ਕਮ ਡਿਸਟਿੱਲਰੀ ਵਿਚਕਾਰ ਕੋਈ ਸੰਬੰਧ ਹੈ ਜਾਂ ਨਹੀਂ?
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਅੱਜ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਮਿਲ ਕੇ ਉਹਨਾਂ ਦਾ ਧਿਆਨ ਕਾਂਗਰਸ ਪਾਰਟੀ ਵੱਲੋਂ ਕੀਤੀਆਂ ਜਾ ਰਹੀ ਚੋਣ ਉਲੰਘਣਾਵਾਂ ਵੱਲ ਦਿਵਾਇਆ। ਉਹਨਾਂ ਮੰਗ ਕੀਤੀ ਕਿ ਚੋਣ ਕਮਿਸ਼ਨ ਤੁਰੰਤ ਸੂਬਾ ਪੁਲਿਸ ਨੂੰ ਹਟਾ ਕੇ ਉਸ ਦੀ ਥਾਂ ਨੀਮ ਫੌਜੀ ਦਸਤਿਆਂ ਨੂੰ ਤਾਇਨਾਤ ਕਰਨ ਅਤੇ ਇਲਾਕੇ ਵਿਚ ਚੋਣ ਜ਼ਾਬਤੇ ਨੂੰ ਲਾਗੂ ਕਰਵਾਉਣ ਲਈ ਅਤੇ ਸਥਿਤੀ ਉੱਤੇ ਨਜ਼ਰ ਰੱਖਣ ਲਈ ਵੱਡੀ ਗਿਣਤੀ ਵਿਚ ਚੋਣ ਕਮਿਸ਼ਨ ਦੀਆਂ ਕਈ ਟੀਮਾਂ ਤਾਇਨਾਤ ਕੀਤੀਆਂ ਜਾਣ। ਡਾਕਟਰ ਚੀਮਾ ਨੇ ਅਕਾਲੀ ਦੀ ਇਹ ਮੰਗ ਵੀ ਦੁਹਰਾਈ ਕਿ ਚੋਣ ਕਮਿਸ਼ਨ ਵੱਲੋਂ ਅਗਲੇ ਤਿੰਨ ਦਿਨਾਂ ਸਮੇਤ ਸਮੁੱਚੇ ਚੋਣ ਅਮਲ ਦੀ ਵੀਡਿਓਗ੍ਰਾਫੀ ਕਰਵਾਈ ਜਾਵੇ।
ਉਹਨਾਂ ਠੋਸ ਸਬੂਤ ਪੇਸ਼ ਕਰਦਿਆਂ ਦੱਸਿਆ ਕਿ ਸਰਕਾਰੀ ਮਸ਼ੀਨਰੀ ਦੀ ਸਿਰਫ ਦੁਰਵਰਤੋਂ ਹੀ ਨਹੀਂ ਕੀਤੀ ਜਾ ਰਹੀ ਹੈ, ਸਗੋਂ ਸਰਕਾਰੀ ਅਧਿਕਾਰੀਆਂ ਤੋਂ ਸ਼ਰੇਆਮ ਸਿਆਸੀ ਚੋਣ ਏਜੰਟਾਂ ਵਜੋਂ ਕੰਮ ਲਿਆ ਜਾ ਰਿਹਾ ਹੈ।
ਬਾਅਦ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਅਸੀਂ ਚੋਣ ਕਮਿਸ਼ਨ ਨੂੰ ਜ਼ੋਰ ਦੇ ਕੇ ਕਿਹਾ ਕਿ ਇਸ ਦੀਆਂ ਟੀਮਾਂ ਵੱਲੋਂ ਹਰ ਪੋਲਿੰਗ ਬੂਥ ਉੱਤੇ ਸਮੁੱਚੇ ਚੋਣ ਅਮਲ ਦੀ ਵੀਡਿਓਗ੍ਰਾਫੀ ਕੀਤੀ ਜਾਵੇ। ਬੂਥਾਂ ਅਤੇ ਕੰਪਲੈਕਸਾਂ ਨੂੰ ਵੀਡਿਓ ਟੀਮਾਂ ਦੁਆਰਾ ਕਵਰ ਕੀਤਾ ਜਾਵੇ। ਇਸ ਤੋਂ ਇਲਾਵਾ ਵੋਟਾਂ ਪਾਏ ਜਾਣ ਸਮੇਂ ਕੰਪਲੈਕਸਾਂ ਅੰਦਰ ਆਰਜ਼ੀ ਸੀਸੀਟੀਵੀ ਕੈਮਰਿਆਂ ਨੂੰ ਚਾਲੂ ਹਾਲਤ ਵਿਚ ਰੱਖਿਆ ਜਾਵੇ। ਇਹ ਕੈਮਰੇ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੋਣ ਤੋਂ ਦੋ ਘੰਟੇ ਪਹਿਲਾਂ ਅਤੇ 2 ਘੰਟੇ ਬਾਅਦ ਤਕ ਚਾਲੂ ਰਹਿਣੇ ਚਾਹੀਦੇ ਹਨ।
ਡਾਕਟਰ ਚੀਮਾ ਨੇ ਸੀਈਓ ਨੂੰ ਮਿਲਣ ਤੋਂ ਮਗਰੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਿ ਮੌਜੂਦਾ ਸਮੇਂ ਇਹ ਪ੍ਰਭਾਵ ਹੈ ਕਿ ਚੋਣ ਕਮਿਸ਼ਨ ਆਪਣੀ ਜ਼ਿੰਮੇਵਾਰੀ ਅਤੇ ਹਲਕੇ ਦੇ ਲੋਕਾਂ ਨੂੰ ਭਾਰਤ ਦੇ ਲੋਕਤੰਤਰ ਨੂੰ ਬੰਦੀ ਬਣਾਉਣ ਵਾਲੇ ਸ਼ਰਾਬ ਅਤੇ ਰੇਤ ਮਾਫੀਆ ਦੇ ਰਹਿਮੋ-ਕਰਮ ਉੱਤੇ ਛੱਡ ਚੁੱਕਿਆ ਹੈ। ਚੋਣ ਕਮਿਸ਼ਨ ਨੂੰ ਇਹ ਪ੍ਰਭਾਵ ਖਤਮ ਕਰਨ ਲਈ ਤੁਰੰਤ ਠੋਸ ਕਦਮ ਚੁੱਕਣੇ ਚਾਹੀਦੇ ਹਨ ਕਿ ਚੋਣ ਕਮਿਸ਼ਨ ਸੱਤਾਧਾਰੀ ਪਾਰਟੀ ਦੇ ਗੁੰਡਿਆਂ ਨੂੰ ਖੁੱਲੀ ਖੇਡ ਖੇਡਣ ਦੇ ਰਿਹਾ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਇਹ ਕਦਮ ਤੁਰੰਤ ਚੁੱਕਣੇ ਚਾਹੀਦੇ ਹਨ ਨਹੀਂ ਤਾਂ ਬਹੁਤ ਦੇਰੀ ਹੋ ਜਾਣੀ ਹੈ।
ਉਹਨਾਂ ਕਿਹਾ ਕਿ ਸੱਤਾਧਾਰੀ ਪਾਰਟੀ ਵੱਲੋਂ ਸ਼ਾਹਕੋਟ ਵਿਚ ਜਿਸ ਢੰਗ ਨਾਲ ਗੈਰ ਮਾਅਰਕਾ ਸ਼ਰਾਬ ਵੰਡੀ ਜਾ ਰਹੀ ਹੈ , ਉਸ ਤੋਂ ਸਪੱਸ਼ਟ ਹੈ ਕਿ ਅਜਿਹੀ ਗੈਰ-ਮਾਅਰਕਾ ਸ਼ਰਾਬ ਗੈਰਕਾਨੂੰਨੀ ਢੰਗ ਨਾਲ ਵੰਡ ਕੇ ਕਾਂਗਰਸੀ ਚੋਣ ਪ੍ਰਚਾਰਕ ਲੋਕਾਂ ਦੇ ਮੌਤ ਦੇ ਮੂੰਹ ਵੱਲ ਧੱਕ ਰਹੇ ਹਨ। ਚੋਣ ਕਮਿਸ਼ਨ ਨੂੰ ਇਹਨਾਂ ਸ਼ਰਾਬ ਵੰਡਣ ਵਾਲੇ ਹੱਥਾਂ ਦੀ ਸ਼ਨਾਖਤ ਕਰਨ ਲਈ ਆਖਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਉਹਨਾਂ ਦਾ ਚੋਣ ਨਿਸ਼ਾਨ ਪੰਜਾ ਹੀ ਨਿਕਲੇਗਾ।
ਡਾਕਟਰ ਚੀਮਾ ਨੇ ਇਹ ਵੀ ਕਿਹਾ ਕਿ ਇਸ ਇਲਾਕੇ ਦੇ ਲੋਕ ਅਜੇ ਸੱਤਾਧਾਰੀ ਪਾਰਟੀ ਦੇ ਚਹੇਤਿਆਂ ਦੀ ਖੰਡ ਮਿੱਲ ਵੱਲੋਂ ਪਾਣੀ ਛੱਡੇ ਰਸਾਇਣਾਂ ਨਾਲ ਹੋਈ ਵਾਤਾਵਰਣ ਦੀ ਤਬਾਹੀ ਦੇ ਸਦਮੇ ਵਿਚੋਂ ਬਾਹਰ ਨਹੀਂ ਨਿਕਲੇ ਹਨ। ਇਹੀ ਜਾਨਲੇਵਾ ਰਸਾਇਣ ਹੁਣ ਉਹਨਾਂ ਲੋਕਾਂ ਦੇ ਢਿੱਡਾਂ ਵਿਚ ਪਾਏ ਜਾ ਰਹੇ ਹਨ, ਜਿਹੜੇ ਸੱਤਾਧਾਰੀ ਪਾਰਟੀ ਵੱਲੋਂ ਵੋਟਾਂ ਲੈਣ ਖਾਤਰ ਵੰਡੀ ਗਈ ਗੈਰਕਾਨੂੰਨੀ ਸ਼ਰਾਬ ਨੂੰ ਪੀਣਗੇ। ਉਹਨਾਂ ਕਿਹਾ ਕਿ ਲੋਕਤੰਤਰ ਅਤੇ ਲੋਕਾਂ ਦੇ ਇਸ ਦੋਹਰੇ ਕਤਲ ਨੂੰ ਬਿਨਾਂ ਇਕ ਵੀ ਪਲ ਗੁਆਏ ਰੋਕਿਆ ਜਾਣਾ ਚਾਹੀਦਾ ਹੈ। ਡਾਕਟਰ ਚੀਮਾ ਨੇ ਚੋਣ ਕਮਿਸ਼ਨ ਨੂੰ ਕਿਹਾ ਕਿ ਉਹ ਇਸ ਸੰਬੰਧੀ ਸੂਬਾ ਸਰਕਾਰ ਲੋੜੀਂਦੀਆਂ ਹਦਾਇਤਾਂ ਜਾਰੀ ਕਰਨ।
ਉਹਨਾਂ ਅੱਗੇ ਦੱਸਿਆ ਕਿ ਸਰਕਾਰੀ ਮਸ਼ੀਨਰੀ ਦੁਰਵਰਤੋਂ ਸਾਰੀਆਂ ਹੱਦਾਂ ਪਾਰ ਕਰ ਚੁੱਕੀ ਹੈ। ਸੱਤਾਧਾਰੀ ਪਾਰਟੀ ਦੇ ਮੰਤਰੀ ਅਤੇ ਆਗੂ ਸਾਡੇ ਸਮਰਥਕਾਂ ਅਤੇ ਹਲਕੇ ਦੇ ਵੋਟਰਾਂ ਨੂੰ ਡਰਾਉਣ ਲਈ ਤਰ•ਾਂ ਤਰ•ਾਂ ਦੇ ਹਥਕੰੰਡੇ ਅਪਣਾ ਰਹੇ ਹਨ। ਉਹਨਾਂ ਕਿਹਾ ਕਿ ਇਲਾਕੇ ਦੇ ਲੋਕ ਬਹੁਤ ਭਾਰੀ ਤਣਾਅ ਹੇਠ ਹਨ। ਸਾਨੂੰ ਡਰ ਹੈ ਕਿ 26 ਮਈ ਨੂੰ ਸ਼ਾਮੀਂ ਪੰਜ ਵਜੇ ਜਦੋਂ ਸਾਡੇ ਚੋਣ ਪ੍ਰਚਾਰਕ ਹਲਕੇ ਵਿਚੋਂ ਬਾਹਰ ਚਲੇ ਜਾਣਗੇ ਤਾਂ ਸਾਡੇ ਵੋਟਰਾਂ ਅਤੇ ਸਮਰਥਕਾਂ ਨੂੰ ਬੁਰੀ ਤਰ•ਾਂ ਧਮਕਾਇਆ ਜਾਵੇਗਾ। ਉਹਨਾਂ ਕਿਹਾ ਕਿ ਸੂਬਾ ਪੁਲਿਸ ਸੱਤਾਧਾਰੀ ਪਾਰਟੀ ਦੇ ਮੰਤਰੀਆਂ ਅਤੇ ਆਗੂ ਨੂੰ ਕਾਬੂ ਕਰਨ ਤੋਂ ਅਸਮਰਥ ਹੈ। ਸਾਨੂੰ ਇਹ ਵੀ ਡਰ ਹੈ ਕਿ ਕਾਂਗਰਸੀ ਆਗੂ ਇਸ ਹਲਕੇ ਵਿਚੋਂ ਬਾਹਰ ਨਹੀਂ ਜਾਣਗੇ ਅਤੇ ਸਾਡੇ ਵੋਟਰਾਂ ਅਤੇ ਸਮਰਥਕਾਂ ਨੂੰ ਧਮਕਾਉਣਾ ਜਾਰੀ ਰੱਖਣਗੇ।
ਡਾਕਟਰ ਚੀਮਾ ਨੇ ਕਿਹਾ ਕਿ ਚੋਣਾਂ ਲਈ ਆਜ਼ਾਦ ਅਤੇ ਨਿਰਪੱਖ ਮਾਹੌਲ ਯਕੀਨੀ ਬਣਾਉਣ ਦਾ ਇਕੋ ਤਰੀਕਾ ਹੈ ਕਿ ਚੋਣ ਪ੍ਰਚਾਰ ਖਤਮ ਹੁੰਦੇ ਹੀ ਨੀਮ ਫੌਜੀ ਦਸਤੇ ਤਾਇਨਾਤ ਕਰ ਦਿੱਤੇ ਜਾਣ ਅਤੇ ਸਾਰੇ ਪੋਲਿੰਗ ਬੂਥਾਂ ਦੀ 100 ਫੀਸਦੀ ਵੀਡਿਓਗ੍ਰਾਫੀ ਹੋਵੇ। ਉਹਨਾਂ ਕਿਹਾ ਕਿ ਸਾਨੂੰ ਡਰ ਹੈ ਕਿ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਬੂਥਾਂ ਉੱਤੇ ਕਬਜ਼ੇ ਅਤੇ ਚੋਣ ਹੇਰਾਫੇਰੀਆਂ ਹੋਣ ਦੀ 100 ਫੀਸਦੀ ਸੰਭਾਵਨਾ ਹੈ।

Facebook Comment
Project by : XtremeStudioz